ਸਰੀ : ਅੰਗਰੇਜ਼ੀ ਅਤੇ ਪੰਜਾਬੀ ਵਿੱਚ ਪ੍ਰਕਾਸ਼ਿਤ ”1984 : ਜਦੋਂ ਉਹ ਸਿੱਖਾਂ ਲਈ ਆਏ” ਕਿਤਾਬ ਪੱਤਰਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਵੱਲੋਂ ਸਿੱਖਾਂ ਦੇ 1984 ਦੇ ਸੰਤਾਪ ਬਾਰੇ, ਬੱਚਿਆਂ ਅਤੇ ਨੌਜਵਾਨਾਂ ਲਈ ਲਿਖੀ ਗਈ ਮਹੱਤਪੂਰਨ ਕਿਤਾਬ ਹੈ। ਇਤਿਹਾਸਿਕ ਘਟਨਾਵਾਂ ਤੇ ਮੌਜੂਦਾ ਹਾਲਤਾਂ ਨੂੰ ਸਹੀ ਪ੍ਰਸੰਗ ਵਿੱਚ ਪੇਸ਼ ਕਰਦੀ ਇਸ ਕਿਤਾਬ ਦਾ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪਾਠ ਅਤੇ ਵਿਚਾਰ ਗੋਸ਼ਟੀ ਦਾ ਵਿਸ਼ੇਸ਼ ਪ੍ਰੋਗਰਾਮ 9 ਮਾਰਚ ਦਿਨ ਸ਼ਨਿਚਰਵਾਰ ਨੂੰ ਜਰਨੈਲ ਆਰਟਸ ਅਕੈਡਮੀ ਤੇ ਗੁਰਦੀਪ ਆਰ ਅਕੈਡਮੀ ਸਰੀ ਵਿਖੇ ਕਰਵਾਇਆ ਗਿਆ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਸਥਾਨਕ ਮੂਲ ਨਿਵਾਸੀਆਂ ਦੀ ਧਰਤੀ ਬਾਰੇ ਗੱਲਬਾਤ ਕਰਦਿਆਂ ਸ਼ੈਰਫ ਨੇ ਕਿਹਾ ਕਿ ਇਹ ਕਿਤਾਬ ਕੇਵਲ ਸਿੱਖਾਂ ਲਈ ਨਹੀਂ ਬਲਕਿ ਬਾਕੀ ਭਾਈਚਾਰਿਆਂ ਲਈ ਵੀ ਜਾਣਕਾਰੀ ਅਤੇ ਗਿਆਨ ਭਰਪੂਰ ਹੈ। ਆਰੰਭ ਵਿੱਚ ਅੰਤਰਰਾਸ਼ਟਰੀ ਔਰਤ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਕੰਮ ਤੇ ਜਾਨਾਂ ਗਵਾਉਣ ਵਾਲੀਆਂ ਮਜ਼ਦੂਰ ਜਾਂ ਹਿੰਸਾ ਦਾ ਸ਼ਿਕਾਰ ਔਰਤਾਂ ਤੋਂ ਇਲਾਵਾ, ਦੁਨੀਆਂ ਭਰ ਦੇ ਵਿੱਚ ਜਿਨਾਂ ਔਰਤਾਂ ਦੀਆਂ ਜਬਰ ਦੌਰਾਨ ਜਾਨਾਂ ਗਈਆਂ, ਉਹਨਾਂ ਨੂੰ ਇੱਕ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਹ ਪੁਸਤਕ ਸਮਾਗਮ ਮਨੁੱਖੀ ਹੱਕਾਂ ਨੂੰ ਸਮਰਪਿਤ ਸ਼ਖਸੀਅਤ ਮਾਰਟਿਨ ਨੋਮਲਰ ਦੀ 40ਵੀਂ ਬਰਸੀ ਨੂੰ ਸਮਰਪਿਤ ਹੋਇਆ, ਜਿਹਨਾਂ ਦੀ ਮਸ਼ਹੂਰ ਕਵਿਤਾ ”ਜਦੋਂ ਉਹ ਮੇਰੇ ਲਈ ਆਏ….” ਦੇ ਆਧਾਰ ‘ਤੇ ਹੀ ਕਿਤਾਬ ਦਾ ਨਾਂ ਰੱਖਿਆ ਗਿਆ ਹੈ। ਇਸ ਮੌਕੇ ‘ਤੇ ਕਿਤਾਬ ਦਾ ਅੰਗਰੇਜ਼ੀ ਵਿੱਚ ਪਾਠ ਲੇਖਕ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਸੁਣਾਇਆ। ਪੰਜਾਬੀ ਵਿੱਚ ਕਹਾਣੀਕਾਰ ਹਰਪ੍ਰੀਤ ਸੇਖਾ ਨੇ ਪਾਠ ਪੜਿਆ ਅਤੇ ਚਿੱਤਰਕਾਰ ਜਰਨੈਲ ਸਿੰਘ ਕਿਤਾਬ ਦੀਆਂ ਪੇਂਟਿੰਗਜ਼ ਬਾਰੇ ਰੌਸ਼ਨੀ ਪਾਈ। ਪ੍ਰੋਗਰਾਮ ਦਾ ਸੰਚਾਲਨ ਡਾ ਗੁਰਵਿੰਦਰ ਸਿੰਘ ਕਰਦਿਆਂ, ਇਤਿਹਾਸ ਅਤੇ ਵਰਤਮਾਨ ਹਾਲਾਤ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ।
ਹੋਰਨਾਂ ਬੁਲਾਰਿਆਂ ਵਿੱਚ ਸੁਨੀਲ ਕੁਮਾਰ, ਚੈਨਲ ‘ਮਹਿਕ ਪੰਜਾਬ ਦੀ’ ਦੇ ਸੰਚਾਲਕ ਕੰਵਲਜੀਤ ਸਿੰਘ ਥਿੰਦ, ਸਿੱਖ ਬੁੱਧੀਜੀਵੀ ਜਰਨੈਲ ਸਿੰਘ ਚੀਮਾ ਅਤੇ ਟਿੱਪਣੀਕਾਰ ਕਮਲਜੀਤ ਸਿੰਘ ਨੇ ਵਿਚਾਰ ਸਾਂਝੇ ਕੀਤੇ। ਇਹ ਕਿਤਾਬ ਅਮਿਤੋਜ ਸੇਲਜ਼, ਨੇੜੇ ਦਸ਼ਮੇਸ਼ ਦਰਬਾਰ ਤੋਂ, ਗੁਰਦੁਆਰਾ ਸਿੰਘ ਸਭਾ ਸਰੀ ਤੋਂ ਹਰ ਐਤਵਾਰ ਨੂੰ ਅਤੇ ਇੰਡੀਆ ਬੁੱਕ ਵਰਲਡ ਸਟੋਰ ਤੋਂ ਕਿਸੇ ਵੀ ਸਮੇਂ ਲਈ ਜਾ ਸਕਦੀ ਹੈ।