ਬਿਆਸ 15 ਮਾਰਚ (ਗੁਰਦਰਸ਼ਨ ਸਿੰਘ ਪ੍ਰਿੰਸ) -ਪੰਜਾਬੀ ਪਾਠਕਾਂ ਤੱਕ ਚੰਗਾ ਤੇ ਮਿਆਰੀ ਸਾਹਿਤ ਪੁੱਜਦਾ ਕਰਨਾ ਹੀ ਸਾਡਾ ਮਕਸਦ ਹੈ ਤਾਂ ਕਿ ਸਾਹਿਤ ਤੋਂ ਟੁੱਟ ਰਿਹਾ ਪਾਠਕ ਸਾਹਿਤ ਨਾਲ ਜੁੜਿਆ ਰਹੇ ਭਾਵੇਂ ਕਿ ਸੋਸ਼ਲ ਤੇ ਇੰਟਰਨੈਟ ਮੀਡੀਆ ਦੇ ਦਖਲ ਨੇ ਪਾਠਕ ਤੇ ਦਰਸਕ ਨੂੰ ਆਪਣੀ ਜੜ੍ਹ ਤੋਂ ਹਿਲਾ ਕੇ ਰੱਖ ਦਿੱਤਾ ਹੈ ਪਰ ਫਿਰ ਵੀ ਇਕ ਆਸ ਬਚਦੀ ਹੈ ਉਹ ਹੈ ਇਕ ਸਾਹਿਤਿਕ ਪਰਚਾ ।
ਇਹ ਅਲਫਾਜ਼ ਅੱਜ ਬਿਆਸ ਵਿਖੇ ਅੱਖਰ ਦੇ ਦਫਤਰ ਦਾ ਉਦਘਾਟਨ ਕਰਦਿਆਂ ਉੱਘੇ ਲੇਖਕ ਸੁਖਦੇਵ ਸਿੰਘ ਬਾਂਸਲ ਯੂ ਕੇ ਨੇ ਕਹੇ।
ਅੱਖਰ ਦੇ ਸਰਪ੍ਰਸਤ ਡਾਕਟਰ ਕਰਨੈਲ ਸ਼ੇਰਗਿੱਲ ਤੇ ਡਾਕਟਰ ਵਿਕਰਮਜੀਤ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ 1973 ਦੇ ਵਿੱਚ ਜਿਹੜਾ ਬੂਟਾ ਅਸੀ ਪ੍ਰੀਤ ਨਗਰ ਲਗਾਇਆ ਸੀ ਅੱਜ ਪੰਜ ਦਹਾਕੇ ਬੀਤ ਤੇ ਵੀ ਹਰਿਆ ਭਰਿਆ ਹੈ।
ਚੇਤੇ ਰਹੇ ਕਿ ਪੰਜਾਬੀ ਦੇ ਨਾਮਵਰ ਲੇਖਕ ਤੇ ਕਵੀ ਪ੍ਰਮਿੰਦਰਜੀਤ ਤ੍ਰੈਮਾਸਿਕ ਪਰਚੇ ਅੱਖਰ ਦੇ ਸੰਪਾਦਕ ਸਨ ਜੋ 23 ਮਾਰਚ 2015 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ ਅਤੇ 2016 ਤੋਂ ਪੰਜਾਬੀ ਕਵੀ ਵਿਸ਼ਾਲ ਅੱਖਰ ਦੀ ਸੰਪਾਦਨਾ ਕਰ ਰਹੇ ਹਨ।
ਇਸ ਮੌਕੇ ਡਾਕਟਰ ਮੋਹਨਜੀਤ ਦਿੱਲੀ (ਸਾਹਿਤ ਅਕੈਡਮੀ ਇਨਾਮ ਵਿਜੇਤਾ) , ਡਾਕਟਰ ਅਵਤਾਰ ਪੱਡਾ , ਕਰਨਲ ਕੰਵਲਜੀਤ ਸਿੰਘ, ਬਲਵਿੰਦਰ ਸੰਧਾ, ਬਖਤਾਵਰ ਧਾਲੀਵਾਲ, ਕੰਵਲਜੀਤ ਭੁੱਲਰ, ਮਾਸਟਰ ਆਇਆ ਸਿੰਘ ਕੈਨੇਡਾ, ਹਰਕੰਵਲਜੀਤ ਸਾਹਿਲ ਕੈਨੇਡਾ, ਰਣਧੀਰ ਸਿੰਘ ਜਲੰਧਰ ਆਦਿ ਹਾਜ਼ਰ ਸਨ।