Headlines

ਲੋਕ ਸਭਾ ਚੋਣਾਂ ਦਾ ਐਲਾਨ-19 ਅਪ੍ਰੈਲ ਤੋਂ 7 ਗੇੜਾਂ ਵਿਚ ਪੈਣਗੀਆਂ ਵੋਟਾਂ- ਪੰਜਾਬ ਵਿਚ ਵੋਟਾਂ ਪਹਿਲੀ ਜੂਨ ਨੂੰ

ਚੋਣਾਂ ਦੇ ਐਲਾਨ ਦੇ ਨਾਲ ਆਦਰਸ਼ ਚੋਣ ਜ਼ਾਬਤਾ ਲਾਗੂ-

ਨਵੀਂ ਦਿੱਲੀ ( ਦਿਓਲ)-ਭਾਰਤੀ ਚੋਣ ਕਮਿਸ਼ਨ ਨੇ  ਦੇਸ਼ ਦੀਆਂ 543 ਲੋਕ ਸੀਟਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ । ਕੁਲ 7 ਗੇੜਾਂ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਚੋਣਾਂ 19 ਅਪਰੈਲ ਤੋਂ ਸ਼ੁਰੂ ਹੋਕੇ ਆਖਰੀ ਗੇੜ ਦੀਆਂ ਵੋਟਾਂ 1 ਜੂਨ ਨੂੰ ਪੈਣਗੀਆਂ ਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ। ਪੰਜਾਬ ਵਿਚ ਵੋਟਾਂ ਪਹਿਲੀ ਜੂਨ ਨੂੰ ਪੈਣਗੀਆਂ । 26 ਅਪਰੈਲ ਨੂੰ ਦੂਜੇ ਗੇੜ ਲਈ ਵੋਟਾਂ ਉਪਰੰਤ 7, 13,  20 , 25 ਮਈ ਤੇ ਪਹਿਲੀ ਜੂਨ ਨੂੰ ਕ੍ਰਮਵਾਰ ਤੀਜੇ, ਚੌਥੇ, ਪੰਜਵੇਂ, ਛੇਵੇਂ ਤੇ ਸੱਤਵੇਂ ਗੇੜ ਲਈ ਵੋਟਾਂ ਪੈਣਗੀਆਂ।  ਇਸ ਦੇ ਨਾਲ 4 ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਦਾ ਵੀ ਐਲਾਨ ਕੀਤਾ ਗਿਆ ਹੈ । ਸਿੱਕਮ, ਉੜੀਸਾ, ਅਰੁਣਾਚਲ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣਾਂ ਦਾ ਐਲਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਵਲੋਂ ਕੀਤਾ ਗਿਆ । ਇਸ ਮੌਕੇ ਉਹਨਾਂ ਨਾਲ ਦੋ ਹੋਰ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਤੇ ਗਿਆਨੇਸ਼ ਵੀ ਹਾਜ਼ਰ ਸਨ। ਚੋਣ ਦੇ ਐਲਾਨ ਦੇ ਨਾਲ ਹੀ  ਦੇਸ਼ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਦੇਸ  ਵਿੱਚ ਕਰੀਬ 97 ਕਰੋੜ ਰਜਿਸਟਰਡ ਵੋਟਰ ਹਨ। ਇਨ੍ਹਾਂ ’ਚ 47.1 ਕਰੋੜ ਮਹਿਲਾ ਵੋਟਰ ਹਨ। 10.5 ਲੱਖ ਤੋਂ ਵੱਧ ਪੋਲਿੰਗ ਸਟੇਸ਼ਨ ਹਨ। 55 ਲੱਖ ਈਵੀਐੱਮ ਦੀ ਹੋਵੇਗੀ ਵਰਤੋਂ।

ਪਹਿਲੇ ਗੇੜ ਲਈ 102 ਸੀਟਾਂ, ਦੂਜੇ ਗੇੜ ’ਚ 89 ਸੀਟਾਂ, ਤੀਜੇ ਗੇੜ ’ਚ 94 ਸੀਟਾਂ, ਚੌਥੇ ਗੇੜ ’ਚ 96 ਸੀਟਾਂ, ਪੰਜਵੇਂ ਗੇੜ ’ਚ 49 ਸੀਟਾਂ, ਛੇਵੇਂ ਗੇੜ ’ਚ 57 ਸੀਟਾਂ ਤੇ ਸੱਤਵੇਂ ਗੇੜ ’ਚ 57 ਸੀਟਾਂ ’ਤੇ ਵੋਟਾਂ ਪੈਣਗੀਆਂ।

ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ 60 ਤੇ ਸਿੱਕਮ ਦੀਆਂ 32 ਸੀਟਾਂ ਲਈ 19 ਅਪਰੈਲ ਨੂੰ ਵੋਟਾਂ ਪੈਣਗੀਆਂ। ਆਂਧਰਾ ਪ੍ਰਦੇਸ਼ ’ਚ 13 ਮਈ ਨੂੰ ਵੋਟਾਂ ਪੈਣਗੀਆਂ।ਉੜੀਸਾ ਵਿਧਾਨ ਸਭਾ ਦੀਆਂ ਚੋਣਾਂ ਚਾਰ ਪੜਾਵਾਂ ਵਿੱਚ 13, 20 , 25 ਮਈ ਅਤੇ 1 ਜੂਨ ਨੂੰ ਹੋਣਗੀਆਂ। 26 ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਵੀ ਕਰਵਾਈਆਂ ਜਾਣਗੀਆਂ।