ਪੰਜਾਬ ਵਿਚ 5 ਮੰਤਰੀਆਂ ਨੂੰ ਉਮੀਦਵਾਰ ਬਣਾਏ ਜਾਣ ਤੇ ਆਪ ਦੀ ਕਾਰਗੁਜਾਰੀ ਤੇ ਸਵਾਲ…
ਸੁਖਵਿੰਦਰ ਸਿੰਘ ਚੋਹਲਾ—–
ਭਾਰਤ ਵਿਚ 18ਵੀਆਂ ਲੋਕ ਸਭਾ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਤੇ ਦਿਨ ਤਿੰਨ ਮੈਂਬਰੀ ਭਾਰਤੀ ਚੋਣ ਕਮਿਸ਼ਨ ਦੇ ਮੁਖੀ ਰਾਜੀਵ ਕੁਮਾਰ ਵਲੋਂ ਮੁਲਕ ਵਿਚ 19 ਅਪ੍ਰੈਲ ਤੋਂ 1 ਜੂਨ ਤੱਕ 7 ਪੜਾਵੀ ਲੋਕ ਸਭਾ ਚੋਣਾਂ ਦਾ ਐਲਾਨ ਕਰਦਿਆਂ ਸਿਆਸੀ ਪਾਰਟੀਆਂ ਨੂੰ ਆਜਾਦ ਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜਨ ਲਈ ਚੋਣ ਜਾਬਤੇ ਦੀ ਪਾਲਣਾ ਕਰਨ ਦੇ ਨਾਲ ਪੈਸਾ, ਤਾਕਤ ਅਤੇ ਗਲਤ ਜਾਣਕਾਰੀ ਫੈਲਾਉਣ ਦੇ ਨਾਲ ਚੋਣ ਪ੍ਰਕਿਰਿਆ ਨੂੰ ਕਿਸੇ ਵੀ ਤਰਾਂ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਵਿਰੁੱਧ ਸੁਚੇਤ ਕੀਤਾ ਹੈ। ਚੋਣ ਕਮਿਸ਼ਨ ਵਲੋਂ ਕੀਤੇ ਗਏ ਐਲਾਨ ਮੁਤਾਬਿਕ ਕੁਲ 7 ਗੇੜਾਂ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀਆਂ ਵੋਟਾਂ 19 ਅਪਰੈਲ ਤੋਂ ਸ਼ੁਰੂ ਹੋਕੇ 26 ਅਪਰੈਲ ਨੂੰ ਦੂਜੇ ਗੇੜ 7, 13, 20 , 25 ਮਈ ਤੇ ਪਹਿਲੀ ਜੂਨ ਨੂੰ ਕ੍ਰਮਵਾਰ ਤੀਜੇ, ਚੌਥੇ, ਪੰਜਵੇਂ, ਛੇਵੇਂ ਤੇ ਸੱਤਵੇਂ ਗੇੜ ਲਈ ਵੋਟਾਂ ਪੈਣਗੀਆਂ। ਪੰਜਾਬ ਵਿਚ ਆਖਰੀ ਗੇੜ ਦੀਆਂ ਵੋਟਾਂ 1 ਜੂਨ ਨੂੰ ਪੈਣ ਉਪਰੰਤ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।
ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਵੇਖਿਆ ਜਾਂਦਾ ਹੈ। ਹਰ ਪੰਜ ਸਾਲ ਬਾਦ ਹੁੰਦੀਆਂ ਇਹਨਾਂ ਚੋਣਾਂ ਦੌਰਾਨ ਚੋਣ ਧਾਂਦਲੀਆਂ ਦੀਆਂ ਸ਼ਿਕਾਇਤਾਂ ਦੇ ਬਾਵਜੂਦ ਇਹਨਾਂ ਚੋਣਾਂ ਨੂੰ ਸਫਲਤਾਪੂਰਵਕ ਨੇਪਰੇ ਚਾੜੇ ਵਿਚ ਭਾਰਤੀ ਚੋਣ ਕਮਿਸ਼ਨ ਵਲੋਂ ਬਹੁਤ ਵੱਡੀ ਜਿੰਮੇਵਾਰੀ ਨਿਭਾਈ ਜਾਂਦੀ ਹੈ। ਇਕਾ ਦੁੱਕਾ ਹਿੰਸਕ ਘਟਨਾਵਾਂ ਜਾਂ ਧਾਂਦਲੀਆਂ ਹੋਣ ਦੀਆਂ ਖਬਰਾਂ ਨੂੰ ਦਰਕਿਨਾਰ ਕਰਦਿਆਂ ਇਹਨਾਂ ਚੋਣਾਂ ਵਿਚ ਔਸਤਨ 60 ਪ੍ਰਤੀਸ਼ਤ ਮਤਦਾਨ ਹੋਣਾ ਲੋਕਾਂ ਦਾ ਲੋਕਤੰਤਰ ਵਿਚ ਵਿਸ਼ਵਾਸ ਪਕੇਰਾ ਕਰਦਾ ਹੈ।
ਇਹਨਾਂ ਲੋਕ ਸਭਾ ਚੋਣਾਂ ਲਈ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਤਿਆਰੀਆਂ ਆਰੰਭੀਆਂ ਹੋਈਆਂ ਹਨ। ਮੁੱਖ ਮੁਕਾਬਲਾ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਗਠਜੋੜ ਅਤੇ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਵਿਚਾਲੇ ਹੈ। ਐਨ ਡੀ ਏ ਦੀ ਵੱਡੀ ਧਿਰ ਭਾਰਤੀ ਜਨਤਾ ਪਾਰਟੀ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਨੂੰ ਉਭਾਰਦੀ ਹੋਈ ਉਹਨਾਂ ਨੂੰ ਤੀਸਰੀ ਵਾਰ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਪੇਸ਼ ਕਰਦਿਆਂ ਭਾਰੀ ਉਤਸ਼ਾਹ ਵਿਚ ਹੈ। ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਪ੍ਰਣਾਈ ਪਾਰਟੀ ਪਿਛਲੇ ਸਮੇਂ ਦੌਰਾਨ ਇਕ ਦੇਸ਼- ਇਕ ਭਾਸ਼ਾ, ਇਕਸਾਰ ਸਿਵਲ ਕੋਡ, ਧਰਮ ਦੇ ਆਧਾਰ ਤੇ ਨਾਗਰਿਕਤਾ ਦੇਣ ਲਈ ਸੰਵਿਧਾਨਕ ਸੋਧ ਬਿਲ ਨੂੰ ਲਾਗੂ ਕਰਨ ਅਤੇ ਰਾਸ਼ਟਰ ਦੀ ਮਜ਼ਬੂਤੀ ਦੇ ਨਾਲ ਆਯੁਧਿਆ ਵਿਚ ਰਾਮ ਮੰਦਿਰ ਦੀ ਉਸਾਰੀ ਨਾਲ ਦੇਸ਼ ਦੀ ਬਹੁਗਿਣਤੀ ਦੀ ਖੁਸ਼ਨੂਦੀ ਹਾਸਲ ਕਰਦਿਆਂ ਮੁੜ ਸੱਤਾ ਪ੍ਰਾਪਤੀ ਲਈ ਇਸ ਵਾਰ 400 ਦਾ ਅੰਕੜਾ ਪਾਰ ਦੇ ਨਾਅਰੇ ਨਾਲ ਚੋਣ ਮੈਦਾਨ ਵਿਚ ਹੈ। ਐਨ ਡੀ ਏ ਦੀ ਅਗਵਾਈ ਵਾਲੀ ਭਾਜਪਾ ਖੁਦ 450 ਸੀਟਾਂ ਉਪਰ ਆਪਣੇ ਉਮੀਦਵਾਰ ਉਤਾਰ ਰਹੀ ਹੈ। ਹੁਣ ਤੱਕ ਆਪਣੇ ਉਮੀਦਵਾਰਾਂ ਦੀਆਂ ਜਾਰੀ ਕੀਤੀਆਂ ਦੋ ਸੂਚੀਆਂ ਵਿਚ ਉਸਨੇ ਕੁਲ 267 ਉਮੀਦਵਾਰਾਂ ਦਾ ਐਲਾਨ ਕੀਤਾ ਹੈ।
ਦੂਸਰੇ ਪਾਸੇ ਕਾਂਗਰਸ ਦੀ ਅਗਵਾਈ ਹੇਠ ਇੰਡੀਆ ਗਠਜੋੜ ਇਹਨਾਂ ਲੋਕ ਸਭਾ ਚੋਣਾਂ ਨੂੰ ਸਿਧਾਂਤਕ ਲੜਾਈ ਦੇ ਨਾਮ ਹੇਠ ਮੈਦਾਨ ਵਿਚ ਉਤਾਰਿਆ ਹੈ। ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਭਾਰਤ ਜੋੜੋ ਦੇ ਨਾਮ ਹੇਠ ਦੇਸ਼ ਦੀ ਲੰਬੀ ਯਾਤਰਾ ਕੀਤੀ ਹੈ ਜਿਸ ਦੌਰਾਨ ਉਹਨਾਂ ਨੂੰ ਲੋਕਾਂ ਦੇ ਚੰਗੇ ਹੁੰਗਾਰੇ ਦੀ ਉਮੀਦ ਵੀ ਬਣੀ ਹੈ ਪਰ ਪ੍ਰਧਾਨ ਮੰਤਰੀ ਮੋਦੀ ਦੀ ਗਾਰੰਟੀ ਦੇ ਨਾਅਰੇ ਸਾਹਵੇਂ ਇੰਡੀਆ ਗਠਜੋੜ ਦੀਆਂ ਆਪਣੀਆਂ ਸੀਮਾਵਾਂ ਹਨ। ਇੰਡੀਆ ਗਠਜੋੜ ਸਾਹਮਣੇ ਪੱਛਮੀ ਬੰਗਾਲ ਵਿਚ ਤ੍ਰਿਣਾਮੂਲ ਕਾਂਗਰਸ ਅਤੇ ਯੂ ਪੀ ਵਿਚ ਸਮਾਜਵਾਦੀ ਪਾਰਟੀ ਨਾਲ ਸੀਟਾਂ ਦੀ ਵੰਡ ਨੂੰ ਲੈਕੇ ਵੱਡਾ ਰੌਲਾ ਸਾਹਮਣੇ ਆਇਆ ਹੈ। ਪੱਛਮੀ ਬੰਗਾਲ ਵਿਚ ਭਾਵੇਂਕਿ ਤ੍ਰਿਣਾਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਗਠਜੋੜ ਦੇ ਨਾਲ ਹੋਣ ਦਾ ਦਾਅਵਾ ਕਰਦੀ ਹੈ ਪਰ ਉਸਦੀ ਪਾਰਟੀ ਵਲੋਂ ਪੱਛਮੀ ਬੰਗਾਲ ਦੀਆਂ ਸਾਰੀਆਂ 42 ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀਆਂ ਦੀ ਵਿਚਾਰਧਾਰਾ, ਭਾਈਵਾਲੀ ਤੇ ਚੋਣ ਮਹਿੰਮ ਲਈ ਜੋ ਵੀ ਰਣਨੀਤੀ ਹੈ, ਉਹ ਆਪਣੀ ਜਗਾ ਹੈ ਪਰ ਇਹ ਤੈਅ ਹੈ ਕਿ ਇਹਨਾਂ ਲੋਕ ਸਭਾ ਚੋਣਾਂ ਵਿਚ ਮੁੱਖ ਮੁਕਾਬਾਲਾ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਅਤੇ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਵਿਚਾਲੇ ਹੋਵੇਗਾ।
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਇੰਡੀਆ ਗਠਜੋੜ ਦਾ ਹਿੱਸਾ ਬਣੀ ਆਮ ਆਦਮੀ ਪਾਰਟੀ ਨੇ ਇਕੱਲਿਆਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦੇ ਦਾਅਵੇ ਨਾਲ ਆਪਣੇ ਪਾਰਟੀ ਦੇ 8 ਉਮੀਦਵਾਰਾਂ ਦਾ ਐਲਾਨ ਕਰਦਿਆਂ ਇਹਨਾਂ ਵਿਚ 5 ਕੈਬਨਿਟ ਮੰਤਰੀਆਂ ਨੂੰ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਵਲੋਂ ਆਪਣੇ 5 ਕੈਬਨਿਟ ਵਜੀਰਾਂ ਨੂੰ ਉਮੀਦਵਾਰ ਬਣਾਏ ਜਾਣ ਪਿੱਛੇ ਕੋਈ ਵੀ ਰਣਨੀਤੀ ਹੋ ਸਕਦੀ ਹੈ ਪਰ ਇਸ ਦੌਰਾਨ ਭਗਵੰਤ ਮਾਨ ਸਰਕਾਰ ਨੂੰ ਵਿਰੋਧੀਆਂ ਦੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਵਿਰੋਧੀ ਤਨਜ਼ ਕਰ ਰਹੇ ਹਨ ਕਿ 92 ਵਿਧਾਇਕਾਂ ਵਾਲੀ ਸਰਕਾਰ ਨੂੰ ਲੋਕ ਸਭਾ ਚੋਣਾਂ ਲਈ ਪਾਰਟੀ ਚੋਂ ਯੋਗ ਉਮੀਦਵਾਰ ਨਾ ਲੱਭਣੇ, ਪਾਰਟੀ ਦੇ ਦਾਅਵਿਆਂ ਤੇ ਵਾਅਦਿਆਂ ਉਪਰ ਸਵਾਲ ਚਿੰਨ ਹਨ।
ਲੋਕ ਸਭਾ ਚੋਣਾਂ ਦੇ ਐਲਾਨ ਮੁਤਾਬਿਕ ਚੋਣ ਪ੍ਰਕਿਰਿਆ ਦਾ ਅਮਲ ਲਗਪਗ ਢਾਈ ਮਹੀਨੇ ਦਾ ਹੈ। ਇਸ ਦੌਰਾਨ ਕੈਬਨਿਟ ਮੰਤਰੀਆਂ ਦੇ ਉਮੀਦਵਾਰ ਬਣਨ ਨਾਲ ਉਹਨਾਂ ਦੇ ਵਿਭਾਗਾਂ ਦੇ ਸਾਰੇ ਕਾਰੋਬਾਰ ਤਾਂ ਠੱਪ ਰਹਿਣਗੇ ਹੀ, ਬਲਕਿ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਦੇ ਨਾਲ ਸਮੇਂ ਅਤੇ ਪੈਸੇ ਦੀ ਵੀ ਆਯੋਗ ਵਰਤੋਂ ਦੀਆਂ ਸੰਭਾਵਨਾਵਾਂ ਬਣੀਆਂ ਰਹਿਣਗੀਆਂ। ਸਾਫ ਸੁਥਰੀ ਰਾਜਨੀਤੀ, ਕੱਟੜ ਇਮਾਨਦਾਰ ਹੋਣ ਅਤੇ ਰਵਾਇਤੀ ਪਾਰਟੀਆਂ ਨੂੰ ਜਨਤਕ ਸਰੋਤਾਂ ਦੀ ਦੁਰਵਰਤੋਂ ਦੇ ਮਿਹਣੇ ਮਾਰਨ ਵਾਲੀ ਪਾਰਟੀ ਵਲੋਂ ਆਪਣੇ ਇਕੱਠੇ 5 ਮੰਤਰੀਆਂ ਨੂੰ ਚੋਣਾਂ ਲੜਾਉਣ ਦੇ ਫੈਸਲੇ ਨੇ ਉਸਦੀ ਆਪਣੀ ਨੀਤੀ ਤੇ ਨੀਅਤ ਉਪਰ ਸ਼ੰਕੇ ਖੜੇ ਕਰ ਦਿੱਤੇ ਹਨ।
ਇਸ ਦੌਰਾਨ ਪੰਜਾਬ ਭਾਜਪਾ, ਪੰਜਾਬ ਕਾਂਗਰਸ ਤੇ ਲੰਬਾ ਸਮਾਂ ਸੱਤਾ ਤੇ ਰਹਿਣ ਵਾਲੇ ਅਕਾਲੀ ਦਲ ਦੀਆਂ ਸਰਗਰਮੀਆਂ ਆਪੋ ਆਪਣੀ ਜ਼ਮੀਨ ਤਲਾਸ਼ਣ ਤੇ ਨਵੀਆਂ ਸੰਭਾਵਨਾਵਾਂ ਦੇ ਰੂਬਰੂ ਹਨ। ਭਾਜਪਾ ਤੇ ਅਕਾਲੀ ਦਲ ਦੇ ਮੁੜ ਚੋਣ ਗਠਜੋੜ ਦੀਆਂ ਕਨਸੋਆਂ ਦਰਮਿਆਨ ਅਕਾਲੀ ਦਲ ਦੇ ਪੁਰਾਣੇ ਆਗੂਆਂ ਦੀ ਪਾਰਟੀ ਵਿਚ ਵਾਪਸੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਨੂੰ ਕਬੂਲ ਕੀਤੇ ਜਾਣ ਦੀਆਂ ਖਬਰਾਂ ਨੇ ਅਕਾਲੀ ਵਰਕਰਾਂ ਤੇ ਸਮਰਥਕਾਂ ਵਿਚ ਉਤਸ਼ਾਹ ਪੈਦਾ ਕੀਤਾ ਹੈ। ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਅਤੇ ਦਿੱਲੀ ਦੇ ਰਾਮਲੀਲਾ ਮੈਦਾਨ ਦੀ ਮਹਾਂਪੰਚਾਇਤ ਵਲੋਂ ਮੋਦੀ ਸਰਕਾਰ ਦੇ ਵਿਰੋਧ ਦੇ ਐਲਾਨ ਨੂੰ ਲੋਕ ਹੁੰਗਾਰੇ ਦੀ ਤੱਕੜੀ ਉਪਰ ਰੱਖਦਿਆਂ ਪੰਜਾਬ ਦੀਆਂ ਸਿਆਸੀ ਧਿਰਾਂ ਚੋਣ ਗਠਜੋੜ ਅਤੇ ਚੋਣ ਰਣਨੀਤੀ ਉਪਰ ਮੰਥਨ ਕਰਦਿਆਂ ਹੀ ਕੋਈ ਫੈਸਲਾ ਲੈਣਗੀਆਂ।