Headlines

ਪਾਲਦੀ ਵਿਖੇ ਪ੍ਰਿੰਸੀਪਲ ਜਗਤਾਰ ਸਿੰਘ ਮਿਨਹਾਸ ਦੀ 10ਵੀਂ ਬਰਸੀ ਮਨਾਈ

ਮਾਹਿਲਪੁਰ ( ਦੇ ਪ੍ਰ ਬਿ)- ਬੀਤੇ ਦਿਨ ਸਵਰਗੀ ਪ੍ਰਿੰਸੀਪਲ ਜਗਤਾਰ ਸਿੰਘ ਮਿਨਹਾਸ ਦੀ 10ਵੀਂ ਬਰਸੀ ਉਹਨਾਂ ਦੇ ਪਾਲਦੀ ਸਥਿਤ ਗ੍ਰਹਿ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਗਮ ਦੌਰਾਨ ਪ੍ਰਮੁੱਖ ਸ਼ਖਸੀਅਤਾਂ ਨੇ ਪ੍ਰਿੰਸੀਪਲ ਜਗਤਾਰ ਸਿੰਘ ਦੀਆਂ ਵਿਦਿਅਕ ਖੇਤਰ ਵਿਚ ਨਿਭਾਈਆਂ ਸੇਵਾਵਾਂ ਅਤੇ ਦੇਣ ਨੂੰ ਯਾਦ ਕੀਤਾ। ਉਹਨਾਂ ਨੇ ਪ੍ਰਿੰਸੀਪਲ ਦੇ ਅਹੁਦੇ ਤੋਂ ਸੇਵਾਮੁਕਤੀ ਉਪਰੰਤ ਉਹਨਾਂ ਦੇ ਪਰਿਵਾਰ ਵਲੋਂ ਪਾਲਦੀ ਵਿਖੇ ਚਲਾਏ ਜਾ ਰਹੇ ਸੰਤ ਈਸ਼ਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਬੰਧਕ ਵਜੋਂ ਜੋ ਕਾਰਜ ਕੀਤੇ ਉਹਨਾਂ ਨੂੰ ਵੀ ਯਾਦ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪ੍ਰਿੰਸੀਪਲ ਜਗਤਾਰ ਸਿੰਘ ਇਕ ਸ਼ਖਸੀਅਤ ਵਜੋਂ ਸਿੱਖਿਆ ਦੇ ਖੇਤਰ ਵਿਚ ਸੰਸਥਾ ਵਾਂਗ ਕੰਮ ਕਰਨ ਵਾਲੇ ਵਿਦਵਾਨ ਸਨ ਜਿਹਨਾਂ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ।

ਉਹਨਾਂ ਦੇ ਸਪੁੱਤਰਾਂ ਸੁਰਿੰਦਰਜੀਤ ਸਿੰਘ ਬੌਬੀ ਮਿਨਹਾਸ, ਜਗਜੀਤ ਸਿੰਘ ਮਿਨਹਾਸ ਅਤੇ ਭਤੀਜੇ ਯਾਦਵਿੰਦਰ ਸਿੰਘ ਮਿਨਹਾਸ ਸਾਬਕਾ ਕੌਂਸਲਰ ਗਰੈਂਡ ਪ੍ਰੇਰੀ ਕੈਨੇਡਾ ਵਲੋਂ ਪ੍ਰਿੰਸੀਪਲ ਦੀ ਯਾਦ ਨੂੰ ਜਿੰਦਾ ਰੱਖਣ ਅਤੇ ਹਰ ਸਾਲ ਉਹਨਾਂ ਦੀ ਯਾਦ ਵਿਚ ਸਮਾਗਮ ਰਚਾਉਣ ਦੇ ਨਾਲ ਸੰਤ ਈਸ਼ਰ ਸਿੰਘ ਮੈਮੋਰੀਅਲ ਸਕੂਲ ਦੀ ਬੇਹਤਰੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਾਲਾਘਾ ਕੀਤੀ।

ਇਸ ਮੌਕੇ ਮੁੱਖ ਬੁਲਾਰਿਆਂ ਵਿਚ ਉਘੇ ਪੱਤਰਕਾਰ ਤੇ ਆਪ ਆਗੂ ਕੰਵਰ ਸੰਧੂ, ਪ੍ਰਿੰਸੀਪਲ ਅਜੀਤ ਸਿੰਘ, ਸ ਦਰਬਾਰਾ ਸਿੰਘ ਪਰਿਹਾਰ, ਓਵਰਸੀਜ਼ ਕਾਂਗਰਸ ਦੇ ਆਗੂ ਦਲਜੀਤ ਸਿੰਘ ਸਹੋਤਾ ਤੇ ਹੋਰਾਂ ਨੇ ਭਾਵਪੂਰਤ ਸ਼ਰਧਾਂਜਲੀਆਂ ਭੇਟ ਕੀਤੀਆਂ। ਮੰਚ ਸੰਚਾਲਨ ਦੀ ਜਿੰਮੇਵਾਰੀ ਸਰਬਜੀਤ ਸਿਘ ਮੰਝ ਨੇ ਬਾਖੂਬੀ ਨਿਭਾਈ। ਯਾਦਵਿੰਦਰ ਸਿੰਘ ਮਿਨਹਾਸ ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।