Headlines

ਈ ਡੀ ਵਲੋਂ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਗ੍ਰਿਫਤਾਰ-28 ਮਾਰਚ ਤੱਕ ਰਿਮਾਂਡ ਮਿਲਿਆ

ਨਵੀਂ ਦਿੱਲੀ, 22 ਮਾਰਚ ( ਮਨਧੀਰ ਦਿਓਲ)- ਵੀਰਵਾਰ ਨੂੰ ਆਬਕਾਰੀ ਨੀਤੀ ਘੁਟਾਲੇ ਵਿਚ ਈ ਡੀ ਵਲੋਂ ਗ੍ਰਿਫਤਾਰ ਕੀਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਵਿਸ਼ੇਸ਼ ਅਦਾਲਤ ਨੇ 28 ਮਾਰਚ ਤੱਕ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਰਾਊਜ਼ ਐਵੇਨਿਊ ਕੋਰਟ ਦੀ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਕਿਹਾ ਕਿ ਕੇਜਰੀਵਾਲ ਨੂੰ 28 ਮਾਰਚ ਨੂੰ ਬਾਅਦ ਦੁਪਹਿਰ 2 ਵਜੇ ਕੋਰਟ ਵਿਚ ਪੇਸ਼ ਕੀਤਾ ਜਾਵੇ। ਸੰਘੀ ਜਾਂਚ ਏਜੰਸੀ ਨੇ ਕੇਜਰੀਵਾਲ ਨੂੰ ਅੱਜ ਕੋਰਟ ਵਿਚ ਪੇਸ਼ ਕਰਨ ਮੌਕੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਕੋਰਟ ਨੇ 6 ਦਿਨਾਂ ਦਾ ਰਿਮਾਂਡ ਹੀ ਦਿੱਤਾ। ਈਡੀ ਨੇ ਸੁਣਵਾਈ ਦੌਰਾਨ ਜਿੱਥੇ ਕੇਜਰੀਵਾਲ ਨੂੰ ਹੋਰਨਾਂ ਮੰਤਰੀਆਂ ਤੇ ਪਾਰਟੀ ਆਗੂਆਂ ਨਾਲ ਆਬਕਾਰੀ ਨੀਤੀ ਘੁਟਾਲਾ ਕੇਸ ਦਾ ‘ਮੁੱਖ ਸਾਜ਼ਿਸ਼ਘਾੜਾ’ ਦੱਸਿਆ, ਉਥੇ ਕੇਜਰੀਵਾਲ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ‘ਆਪ’ ਸੁਪਰੀਮੋ ਖਿਲਾਫ਼ ਏਜੰਸੀ ਕੋਲ ਕੋਈ ‘ਸਬੂਤ’ ਜਾਂ ‘ਸਮੱਗਰੀ’ ਨਹੀਂ ਹੈ।

ਏਜੰਸੀ ਵੱਲੋਂ ਕੀਤੀ ਗ੍ਰਿਫ਼ਤਾਰੀ ਖਿਲਾਫ਼ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਵਾਪਸ ਲਏ ਜਾਣ ਤੋਂ ਫੌਰੀ ਮਗਰੋਂ ਕੇਜਰੀਵਾਲ ਨੂੰ ਅੱਜ ਵਿਸ਼ੇਸ਼ ਕੋਰਟ ਵਿਚ ਪੇਸ਼ ਕੀਤਾ ਗਿਆ। ਈਡੀ ਨੇ ਜੱਜ ਬਵੇਜਾ ਨੂੰ ਦੱਸਿਆ ਕਿ ਦਿੱਲੀ ਐਕਸਾਈਜ਼ ਪਾਲਿਸੀ 2021-22 ਘੜਨ ਤੇ ਲਾਗੂ ਕਰਨ ਲਈ ਕੇਜਰੀਵਾਲ ਨੂੰ ‘ਸਾਊਥ ਗਰੁੱਪ’ (ਦੱਖਣ ਦੇ ਸਮੂਹ) ਤੋਂ ਕਰੋੜਾਂ ਰੁਪਏ ਦੀ ਦਲਾਲੀ ਮਿਲੀ। ਈਡੀ ਵੱਲੋਂ ਪੇਸ਼ ਵਧੀਕ ਸੌਲੀਸਿਟਰ ਜਨਰਲ ਐੱਸ.ਵੀ.ਰਾਜੂ ਨੇ ਕੋਰਟ ਨੂੰ ਦੱਸਿਆ ਕਿ ਕੇਜਰੀਵਾਲ ਨੇ ਪੰਜਾਬ ਦੀਆਂ ਚੋਣਾਂ ਲੜਨ ਲਈ ‘ਸਾਊਥ ਗਰੁੱਪ’ ਤੋਂ 100 ਕਰੋੜ ਰੁਪਏ ਦੀ ਮੰਗ ਕੀਤੀ ਸੀ। ਰਾਜੂ ਨੇ ਕਿਹਾ ਕਿ ਪੈਸਿਆਂ ਦੇ ਲੈਣ-ਦੇਣ ਤੋਂ ਪਤਾ ਲੱਗਦਾ ਹੈ ਕਿ ਚਾਰ ਹਵਾਲਾ ਰੂਟਾਂ ਰਾਹੀਂ ਆਏ 45 ਕਰੋੜ ਰੁਪਏ ਗੋਆ ਚੋਣਾਂ ਵਿਚ ਵਰਤੇ ਗਏ। ਉਨ੍ਹਾਂ ਕਿਹਾ ਕਿ ਮੁਲਜ਼ਮ ਤੇ ਗਵਾਹਾਂ ਦੇ ਬਿਆਨਾਂ ਦੀ ਕਾਲ ਡਿਟੇਲ ਰਿਕਾਰਡਾਂ (ਸੀਡੀਆਰ) ਤੋਂ ਤਸਦੀਕ ਕੀਤੀ ਗਈ ਹੈ। ਏਐੱਸਜੀ ਰਾਜੂ ਨੇ ਕੋਰਟ ਨੂੰ ਦੱਸਿਆ, ‘‘ਅਸੀਂ ਦਸ ਦਿਨਾ ਰਿਮਾਂਡ ਲਈ ਅਰਜ਼ੀ ਦਿੱਤੀ ਹੈ।’’

ਏਜੰਸੀ ਨੇ ਕਿਹਾ ਕਿ ਕੇਜਰੀਵਾਲ ਨੇ ਜਾਂਚ ਵਿਚ ਸ਼ਾਮਲ ਹੋਣ ਲਈ ਜਾਰੀ ਨੌਂ ਸੰਮਨਾਂ ਦੀ ‘ਜਾਣਬੁੱਝ ਕੇ ਅਵੱਗਿਆ’ ਕੀਤੀ ਅਤੇ ਜਦੋਂ ਵੀਰਵਾਰ ਨੂੰ ਪੀਐੱਮਐੱਲਏ ਤਹਿਤ ਉਸ ਦੇ ਬਿਆਨ ਦਰਜ ਕੀਤੇ ਗਏ ਤਾਂ ‘ਆਪ’ ਕਨਵੀਨਰ ਨੇ ‘ਨਾ ਸੱਚ ਬੋਲਿਆ ਤੇ ਨਾ ਹੀ ਸਹੀ ਤੱਥਾਂ ਬਾਰੇ ਜਾਣਕਾਰੀ ਦਿੱਤੀ’। ਏਜੰਸੀ ਨੇ ਕਿਹਾ ਕਿ ਤੱਥਾਂ ਤੋਂ ਪਰਦਾ ਚੁੱਕਣ ਤੇ ਇਸ ਕੇਸ ਦੇ ਹੋਰਨਾਂ ਮੁਲਜ਼ਮਾਂ ਤੇ ਗਵਾਹਾਂ ਦੇ ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕਰਨ ਲਈ ਕੇਜਰੀਵਾਲ ਦੇ ਰਿਮਾਂਡ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ‘ਆਪ’ ਕੋਈ ਵਿਅਕਤੀ ਵਿਸ਼ੇਸ਼ ਨਹੀਂ ਬਲਕਿ ਇਕ ਕੰਪਨੀ ਹੈ, ਅਤੇ ਕੰਪਨੀ ਦੇ ਵਿਹਾਰ ਲਈ ਜ਼ਿੰਮੇਵਾਰ ਹਰੇਕ ਵਿਅਕਤੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਇਸ ਤੋਂ ਪਹਿਲਾਂ ਅੱਜ ‘ਆਪ’ ਮੁਖੀ ਨੂੰ ਕੋਰਟ ਕੰਪਲੈਕਸ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਤਹਿਤ ਬਾਅਦ ਦੁਪਹਿਰ 2 ਵਜੇ ਦੇ ਕਰੀਬ ਕੋਰਟ ਵਿਚ ਪੇਸ਼ ਕੀਤਾ ਗਿਆ।

ਉਧਰ ਕੇਜਰੀਵਾਲ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਿਟਿੰਗ (ਮੌਜੂਦਾ) ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰੀ ਦੀ ਤਾਕਤ ਗ੍ਰਿਫਤਾਰੀ ਦੀ ਲੋੜ ਦੇ ਬਰਾਬਰ ਨਹੀਂ ਹੈ ਅਤੇ ਇਸ ਵਿਅਕਤੀ (ਕੇਜਰੀਵਾਲ) ਨੂੰ ਗ੍ਰਿਫਤਾਰ ਕਰਨ ਦੀ ਕੋਈ ਲੋੜ ਨਹੀਂ ਸੀ। ਸਿੰਘਵੀ ਨੇ ਕਿਹਾ, ‘‘ਕ੍ਰਿਪਾ ਕਰਕੇ ਰਿਮਾਂਡ ਨੂੰ ਨਿਯਮਤ ਮਸ਼ਕ ਵਜੋਂ ਨਾ ਦੇਖਿਆ ਜਾਵੇ…ਇਸ ਲਈ ਨਿਆਂਇਕ ਸੂਝ-ਬੂਝ ਦੀ ਲੋੜ ਹੈ… ਇਸ ਵਿਚ ਜਮਹੂਰੀਅਤ ਨਾਲ ਜੁੜੇ ਵੱਡੇ ਮੁੱਦੇ ਸ਼ਾਮਲ ਹਨ।’’ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਪੇਸ਼ ਇਕ ਹੋਰ ਵਕੀਲ ਵਿਕਰਮ ਚੌਧਰੀ ਨੇ ਕੋਰਟ ਨੂੰ ਦੱਸਿਆ ਕਿ ‘ਈਡੀ ਖ਼ੁਦ ਹੀ ਜੱਜ, ਜਿਊਰੀ ਤੇ ਜੱਲਾਦ ਬਣ ਗਈ ਹੈ।’ ‘ਆਪ’ ਆਗੂ ਮਨੀਸ਼ ਸਿਸੋਦੀਆ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਇਸ ਕੇਸ ਵਿਚ ਪਹਿਲਾਂ ਹੀ ਨਿਆਂਇਕ ਹਿਰਾਸਤ ਵਿਚ ਹਨ।

ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀ ਦੇਣਗੇ ਕੇਜਰੀਵਾਲ-

ਨਵੀਂ ਦਿੱਲੀ – ਆਤਿਸ਼ੀ ਨੇ ਕਾਹਲੀ ਵਿੱਚ ਸੱਦੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਈਡੀ ਵੱਲੋਂ ਗਵਾਹਾਂ ਨੂੰ ਧਮਕਾ ਕੇ ਗਵਾਹੀਆਂ ਬਦਲੀਆਂ ਗਈਆਂ। ਉਨ੍ਹਾਂ ਕਿਹਾ ਕਿ ਰਾਘਵ ਮਾਂਗੂਟਾ, ਦਿਨੇਸ਼ ਅਰੋੜਾ ਦੀਆਂ ਗਵਾਹੀਆਂ ਬਦਲੀਆਂ ਗਈਆਂ ਹਨ। ਇਸੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਅਸਤੀਫਾ ਨਹੀਂ ਦੇਣਗੇ ਅਤੇ ਸਰਕਾਰ ਉਹ ਹੀ ਚਲਾਉਣਗੇ। ਚਾਹੇ ਅੰਦਰੋਂ ਹੀ ਚਲਾਉਣ। ਉਨ੍ਹਾਂ ਅਦਾਲਤ ਵਿੱਚੋਂ ਬਾਹਰ ਨਿਕਲਦੇ ਸਮੇਂ ਨਿੱਜੀ ਚੈਨਲ ਦੇ ਪੱਤਰਕਾਰ ਨੂੰ ਕਿਹਾ ਕਿ ਉਹ ਹੀ ਸਰਕਾਰ ਚਲਾਉਣਗੇ। ਕੇਜਰੀਵਾਲ ਮੁਤਾਬਕ ਈਡੀ ਦਾ ਮਕਸਦ ਪੁਛ-ਪੜਤਾਲ ਕਰਨਾ ਨਹੀਂ ਹੈ।

**ਕੇਜਰੀਵਾਲ ਵੱਡਾ ਆਗੂ ਬਣਕੇ ਨਿਕਲਣਗੇ- ਭਗਵੰਤ ਮਾਨ

ਨਵੀਂ ਦਿਲੀ (ਮਨਧੀਰ ਸਿੰਘ ਦਿਓਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿੱਤਾ ਕਿ ‘ਆਪ’ ਉਨ੍ਹਾਂ ਦੀ ਪਿੱਠ ’ਤੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਭੁਲੇਖਾ ਹੈ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰ ਕੇ ‘ਆਪ’ ਨੂੰ ਲੀਹ ਤੋਂ ਲਾਹ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਦੇਸ਼ ਅੰਦਰ ਕਰੋੜਾਂ ਕੇਜਰੀਵਾਲ ਪੈਦਾ ਹੋਏ ਹਨ। ਭਾਜਪਾ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ‘ਆਪ’ ਤੇ ਕੇਜਰੀਵਾਲ ਤੋਂ ਡਰੀ ਹੋਈ ਹੈ। ਉਨ੍ਹਾਂ ਕੇਂਦਰ ਸਰਕਾਰ ’ਤੇ ਪੰਜਾਬ ਨਾਲ ਵਿਤਕਰੇ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਸ ਨੇ ਸੂਬੇ ਦਾ ਪੇਂਡੂ ਵਿਕਾਸ ਫੰਡ (ਆਰਡੀਐੱਫ) ਰੋਕ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦਾ ਵੱਸ ਚੱਲੇ ਤਾਂ ਉਹ ਕੌਮੀ ਤਰਾਨੇ ਵਿਚੋਂ ਪੰਜਾਬ ਦਾ ਨਾਂ ਵੀ ਕਢਵਾ ਸਕਦੀ ਹੈ। ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕੇਜਰੀਵਾਲ ਨੂੰ ਦੇਸ਼ ਭਗਤ ਆਖਿਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਇੱਕ ਵਿਅਕਤੀ ਹੀ ਨਹੀਂ ਸਗੋਂ ਇੱਕ ਵਿਚਾਰ ਹੈ। ਉਹ ਇਸ ਘਟਨਾਕ੍ਰਮ ਤੋਂ ਵੱਡਾ ਆਗੂ ਬਣ ਕੇ ਉਭਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤਾਨਾਸ਼ਾਹੀ’ ਦੀ ਪੈਰਵੀ ਕਰ ਰਹੇ ਹਨ।

New Delhi, Mar 22 (ANI): Punjab Chief Minister Bhagwant Mann speaks to the media on the arrest of Delhi Chief Minister and Aam Aadmi Party (AAP) national convener Arvind Kejriwal by the Enforcement Directorate (ED) in an alleged irregularity in the now-scrapped liquor policy scam, outside the CM’s residence, in New Delhi on Friday. (ANI Photo)