ਸੰਗਰੂਰ-
ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਲੰਘੀ ਰਾਤ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਜਦਕਿ 11 ਵਿਅਕਤੀਆਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਨ੍ਹਾਂ ’ਚੋਂ 4 ਜਣਿਆਂ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ’ਚ ਕੇਸ ਦਰਜ ਕਰਕੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸਾਰੇ ਵਿਅਕਤੀ ਪਿੰਡ ਗੁੱਜਰਾਂ ਤੇ ਮਜ਼ਦੂਰ ਪਰਿਵਾਰਾਂ ਨਾਲ ਸਬੰਧਤ ਸਨ।
ਮ੍ਰਿਤਕਾਂ ਦੀ ਪਛਾਣ ਭੋਲਾ ਸਿੰਘ ਪੁੱਤਰ ਬਸੰਤ ਸਿੰਘ, ਨਿਰਮਲ ਸਿੰਘ ਤੇ ਪ੍ਰਗਟ ਸਿੰਘ ਦੋਵੇਂ ਪੁੱਤਰ ਜੋਰਾ ਸਿੰਘ, ਜਗਜੀਤ ਸਿੰਘ ਪੁੱਤਰ ਜੋਗਾ ਸਿੰਘ ਅਤੇ ਲਾਡੀ ਸਿੰਘ ਪੁੱਤਰ ਜਗਰੂਪ ਸਿੰਘ ਵਜੋਂ ਹੋਈ ਹੈ।
ਸੁਨਾਮ ਵਿਚ ਜ਼ਹਿਰੀਲੀ ਸ਼ਰਾਬ ਨਾਲ 6 ਮੌਤਾਂ-
ਸੁਨਾਮ (ਊਧਮ ਸਿੰਘ ਵਾਲਾ)-
ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਹਾਲੇ ਠੰਢਾ ਨਹੀਂ ਪਿਆ ਕਿ ਸੁਨਾਮ ਨੇੜਲੇ ਇਲਾਕੇ ਟਿੱਬੀ ਰਵਿਦਾਸਪੁਰਾ ’ਚ ਵੀ ਕਥਿਤ ਜ਼ਹਿਰੀਲੀ ਸ਼ਰਾਬ ਕਾਰਨ ਕਰੀਬ ਅੱਧਾ ਦਰਜਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਸੰਗਰੂਰ ਅਤੇ ਪਟਿਆਲਾ ਦੇ ਹਸਪਤਾਲਾਂ ’ਚ ਇਲਾਜ ਲਈ ਭੇਜਿਆ ਗਿਆ ਹੈ। ਪ੍ਰਸ਼ਾਸਨਿਕ ਤੌਰ ’ਤੇ ਮ੍ਰਿਤਕਾਂ ਦੀ ਗਿਣਤੀ ਬੇਸ਼ਕ 4 ਦੱਸੀ ਜਾ ਰਹੀ ਹੈ ਪਰੰਤੂ ਇਲਾਕੇ ਦੇ ਲੋਕਾਂ ਮੁਤਾਬਕ 7 ਵਿਅਕਤੀਆਂ ਦੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਕਿਸੇ ਪਾਸੋਂ ਮੁੱਲ ਲੈ ਕੇ ਸ਼ਰਾਬ ਪੀਤੀ ਸੀ ਜਿਸ ਮਗਰੋਂ ਉਨ੍ਹਾਂ ਦੀ ਹਾਲਤ ਵਿਗੜਨੀ ਸ਼ੁਰੂ ਹੋ ਗਈ ਸੀ। ਮ੍ਰਿਤਕ ਮਜ਼ਦੂਰ ਤਬਕੇ ਨਾਲ ਸਬੰਧਤ ਦੱਸੇ ਜਾ ਰਹੇ ਹਨ। ਸੁਨਾਮ ਦੇ ਐੱਸਐੱਮਓ ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਹਸਪਤਾਲ ਲਿਆਂਦੇ ਗਏ ਮਰੀਜ਼ਾਂ ਵਿਚੋਂ ਦੋ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ 7 ਨੂੰ ਸੰਗਰੂਰ ਅਤੇ 4 ਗੰਭੀਰ ਮਰੀਜ਼ਾਂ ਨੂੰ ਪਟਿਆਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੈਫਰ ਕੀਤੇ ਗਏ ਮਰੀਜ਼ਾਂ ਵਿਚੋਂ ਵੀ 4 ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ (45), ਲੱਛਾ ਸਿੰਘ (40), ਬੁੱਧ ਸਿੰਘ (70), ਦਰਸ਼ਨ ਸਿੰਘ ਪੁੱਤਰ ਕਪੂਰ ਸਿੰਘ, ਦਰਸ਼ਨ ਸਿੰਘ (ਸਾਰੇ ਟਿੱਬੀ ਰਵਿਦਾਸਪੁਰਾ) ਅਤੇ ਸਖੀ ਨਾਥ (65) ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਸਖੀ ਨਾਥ ਸਮਾਣਾ ਦਾ ਰਹਿਣ ਵਾਲਾ ਸੀ ਜੋ ਆਪਣੀ ਰਿਸ਼ਤੇਦਾਰੀ ਵਿਚ ਇੱਥੇ ਆਇਆ ਹੋਇਆ ਸੀ। ਇਸ ਤੋਂ ਇਲਾਵਾ ਜਖੇਪਲਵਾਸ ਦੇ ਗਿਆਨ ਸਿੰਘ (32) ਦੀ ਵੀ ਸ਼ਰਾਬ ਪੀਣ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਸੁਨਾਮ ਦੇ ਡੀਐੱਸਪੀ ਮਨਦੀਪ ਸਿੰਘ ਸੰਧੂ ਨੇ ਕਿਹਾ ਕਿ ਕਥਿਤ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਧਰਮਪਾਲ ਸਿੰਘ ਨੇ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਫੌਰੀ ਦਿੱਤੀ ਜਾਵੇ।