ਮਾਸਕੋ ਵਿਚ ਇਸਲਾਮਿਕ ਅਤਵਾਦੀ ਹਮਲੇ ਵਿਚ 60 ਤੋਂ ਉਪਰ ਨਿਰਦੋਸ਼ ਲੋਕ ਹਲਾਕ

ਮਾਸਕੋ-ਰੂਸ ਦੀ ਰਾਜਧਾਨੀ ਮਾਸਕੋ ਵਿਚ ਸ਼ੁੱਕਰਵਾਰ ਨੂੰ ਵੱਡੇ ਸਮਾਗਮ ਵਾਲੀ ਥਾਂ ‘ਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ 60 ਵਿਅਕਤੀਆਂ ਦੀ ਮੌਤ ਹੋ ਗਈ ਅਤੇ 145 ਤੋਂ ਵੱਧ ਜ਼ਖਮੀ ਹੋ ਗਏ। ਹਮਲਾਵਰਾਂ ਨੇ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ ਨੂੰ ਅੱਗ ਲਗਾ ਦਿੱਤੀ। ਇਸਲਾਮਿਕ ਸਟੇਟ ਅਤਿਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਹਾਲੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਹਮਲਾਵਰਾਂ ਦਾ ਕੀ ਹੋਇਆ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਇਸ ਘਟਨਾ ਦੀ ਸੂਚਨਾ ਹਮਲਾਵਰਾਂ ਦੇ ‘ਕ੍ਰੋਕਸ ਸਿਟੀ ਹਾਲ’ ‘ਤੇ ਹਮਲਾ ਕਰਨ ਤੋਂ ਕੁਝ ਮਿੰਟਾਂ ਬਾਅਦ ਦਿੱਤੀ ਗਈ। ਹਾਲ ਮਾਸਕੋ ਦੇ ਪੱਛਮੀ ਕਿਨਾਰੇ ਵਿੱਚ ਸਥਿਤ ਵਿਸ਼ਾਲ ਸੰਗੀਤ ਸਥਾਨ ਹੈ, ਜਿਸ ਵਿੱਚ 6,200 ਲੋਕ ਬੈਠ ਸਕਦੇ ਹਨ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਮਸ਼ਹੂਰ ਰੂਸੀ ਰਾਕ ਬੈਂਡ ‘ਪਿਕਨਿਕ’ ਦੇ ਸੰਗੀਤ ਸਮਾਰੋਹ ਵਿਚ ਸ਼ਾਮਲ ਹੋਣ ਲਈ ਕ੍ਰੋਕਸ ਸਿਟੀ ਹਾਲ ਵਿਚ ਲੋਕਾਂ ਦੀ ਭੀੜ ਇਕੱਠੀ ਹੋਈ ਸੀ।