Headlines

ਕੇਜਰੀਵਾਲ ਦੀ ਗ੍ਰਿਫਤਾਰੀ ਨਾਲ ‘ਆਪ’ ਦੀ ‘ਇਮਾਨਦਾਰ’ ਬਿੱਲੀ ਆਈ ਥੈਲਿਓਂ ਬਾਹਰ-ਮਨਿੰਦਰ ਗਿੱਲ

◆ ਡਿਬਰੂਗੜ੍ਹ ਜੇਲ੍ਹ ਭੇਜੇ ਜਾਣ ਦੀ ਕੀਤੀ ਮੰਗ-
ਸਰੀ ( ਦੇ ਪ੍ਰ ਬਿ)–ਭਾਰਤੀ ਰਾਜਨੀਤੀ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੇ ਦਾਅਵੇ ਕਰਨ ਵਾਲੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਈਡੀ ਵੱਲੋਂ ਭ੍ਰਿਸ਼ਟਾਚਾਰ ਦੇ ਗੰਭੀਰ ਮਾਮਲੇ ‘ਚ ਕੀਤੀ ਨਾਟਕੀ ਗ੍ਰਿਫਤਾਰੀ ਨੇ ‘ਆਪ’ ਦਾ ਅਸਲੀ ਚਿਹਰਾ ਬੇਨਕਾਬ ਕਰ ਦਿੱਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫਤਾਰੀ ਤੇ ਪ੍ਰਤੀਕਰਮ ਦਿੰਦਿਆਂ ਰੇਡੀਓ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨਿੰਦਰ ਗਿੱਲ ਨੇ ਕਿਹਾ ਕਿ ਕੇਜਰੀਵਾਲ ਅਤੇ ਇਸਦੀ ਮਦਾਰੀ ਜੁੰਡਲੀ ਨੇ ਸੱਤਾ ਪ੍ਰਵੇਸ਼ ਸਮੇਂ ਤੋਂ ਹੀ ਸਾਰੀ ਸਿਆਸੀ ਪ੍ਰਣਾਲੀ ਨੂੰ ਭ੍ਰਿਸ਼ਟ ਦੱਸਕੇ ਸੱਤਾ ਹਾਸਲ ਕੀਤੀ ਪਰ ਰਿਕਾਰਡ ਸਮੇਂ ਵਿੱਚ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜਕੇ ਲੋਕ ਵਿਸ਼ਵਾਸ ਨੂੰ ਵੱਡੀ ਸੱਟ ਮਾਰੀ ਹੈ।
ਛੋਟੀਆਂ ਗਲਤੀਆਂ ਬਦਲੇ ਵੱਡੀਆਂ ਸਜ਼ਾਵਾਂ ਭੋਗ ਰਹੇ ਨੌਜਵਾਨ ਸਿੱਖ ਆਗੂ ਭਾਈ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਦਾ ਜਿਕਰ ਕਰਦਿਆਂ ਮਨਿੰਦਰ ਗਿੱਲ ਨੇ ਕਿਹਾ ਕਿ ਸਿੱਖ ਧਰਮ ਦੇ ਪ੍ਰਚਾਰ-ਪਸਾਰ ਦੇ ਕੱਟੜ ਵਿਰੋਧੀ ਕੇਜਰੀਵਾਲ ਦੀ ਗਿਰਫਤਾਰੀ ਨੇ  ਸਿੱਖ ਪੰਥ ਦੇ ਜ਼ਖਮਾਂ ‘ਤੇ ਮਰਹਮ ਲਾਉਣ ਦਾ ਕੰਮ ਕੀਤਾ ਹੈ, ਕਿਉਂਕਿ ਕੇਜਰੀਵਾਲ ਟੀਮ ਦੇ ਫੈਸਲੇ ਸਦਕਾ ਹੀ ਅੱਜ ਅਮ੍ਰਿਤਪਾਲ ਸਮੇਤ ਦਰਜਨਾਂ ਨੌਜਵਾਨ ਡਿਬਰੂਗੜ੍ਹ (ਅਸਾਮ) ਦੀਆਂ ਜੇਲ੍ਹਾਂ ਵਿਚ ਸੜ ਰਹੇ ਹਨ। ਜਦੋਕਿ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵਿਚ ਵੱਡਾ ਅੜਿੱਕਾ ਬਣਕੇ ਕੇਜਰੀਵਾਲ ਆਪਣੀ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਵਾ ਪਹਿਲਾਂ ਹੀ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਸਰਕਾਰ ਦੇ ਇਸ ਐਕਸ਼ਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਧੰਨਵਾਦੀ ਹੈ ਤੇ ਮੰਗ ਕਰਦੀ ਹੈ ਕਿ ਕੇਜਰੀਵਾਲ ਨੂੰ ਵੀ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਕੈਦ ਕੀਤਾ ਜਾਵੇ ਤਾਂ ਜੋ ਇਨ੍ਹਾਂ ਨੂੰ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੀ ਤਕਲੀਫ ਦਾ ਅਹਿਸਾਸ ਹੋਵੇ।
ਗਿੱਲ ਨੇ ਕਿਹਾ ਕਿ ਇਹ ਸ਼ਰਮਨਾਕ ਸਿਆਸੀ ਵਰਤਾਰਾ ਹੀ ਹੈ ਕਿ ਈਡੀ ਦੁਆਰਾ ਪੂਰੀ ਜਾਂਚ ਅਤੇ ਤੱਥ ਸਥਾਪਤ ਕੀਤੇ ਜਾਣ ਤੋਂ ਬਾਅਦ ਸੈਂਕੜੇ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੀ ਤਸਵੀਰ ਜੱਗ ਜਾਹਰ ਕੀਤੀ ਗਈ ਹੈ ਪਰ ਕੇਜਰੀਵਾਲ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਗਿਆ ਸਗੋਂ ਵਿਚਾਰਾ ਬਣਕੇ ਲੋਕਾਂ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਿੱਲ ਨੇ ਕਿਹਾ ਕਿ ਕਿਸੇ ਤੋਂ ਨਾ ਡਰਨ ਅਤੇ ਸਾਫ ਸੁਥਰਾ ਅਕਸ ਰੱਖਣ ਦਾ ਦਾਅਵਾ ਕਰਦੇ ਕੇਜਰੀਵਾਲ ਬਾਰੇ ਆ ਰਹੀਆਂ ਮੀਡੀਆ ਰਿਪੋਰਟਾਂ ਅਨੁਸਾਰ ਗੁਸਲਖਾਨੇ ਦਾ ਦਰਵਾਜ਼ਾ ਤੋੜਕੇ ਹੋਈ ਗ੍ਰਿਫਤਾਰੀ ਨੇ ਜਿੱਥੇ ‘ਆਪ’ ਦੇ ਦਾਅਵਿਆਂ ਦੀ ਫੂਕ ਕੱਢੀ ਹੈ ਉੱਥੇ ਮੁੱਖ ਮੰਤਰੀ ਅਹੁਦੇ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਹੈ। ਗਿੱਲ ਨੇ ਕਿਹਾ ਕਿ ਆਪ ਦੇ ਦਾਅਵਿਆਂ ਦੇ ਅਨੁਕੂਲ ਜੇ ਸਿਆਸਤ ਮਹਿਜ਼ ਸੇਵਾ ਹੈ ਤਾਂ ਕੇਜਰੀਵਾਲ ਨੂੰ ਤੁਰੰਤ ਅਸਤੀਫਾ ਦੇਕੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਤੋਂ ਮੁੜ ਫਤਵਾ ਲੈਣ ਦਾ ਐਲਾਨ ਕਰਨਾ ਚਾਹੀਦਾ ਹੈ।