Headlines

ਪਰਵਾਸੀ ਪੰਜਾਬੀਆਂ ਦਾ ਧਿਆਨ ਪੰਜਾਬ ਵੱਲ ਰਹਿੰਦਾ ਹੈ-ਸਤਿੰਦਰਪਾਲ ਸਿੰਘ ਸਿਧਵਾਂ

ਜਲੰਧਰ (ਪ੍ਰੋ. ਕੁਲਬੀਰ ਸਿੰਘ) —-

ਪੰਜਾਬੀ ਮੀਡੀਆ ਵਿਚ ਪਰਵਾਸੀ ਪੰਜਾਬੀਆਂ ਬਾਰੇ ਅਕਸਰ ਗੱਲ ਚੱਲਦੀ ਰਹਿੰਦੀ ਹੈ।  ਕਦੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਅਤੇ ਕਦੇ ਉਨ੍ਹਾਂ ਦੀਆਂ ਸਮੱਸਿਆਵਾਂ, ਪ੍ਰੇਸ਼ਾਨੀਆਂ ਸੰਬੰਧੀ।  ਕਦੇ ਸੱਤ ਸਮੁੰਦਰੋਂ ਪਾਰ ਕੀਤੇ ਉਨ੍ਹਾਂ ਦੇ ਸੰਘਰਸ਼ ਬਾਰੇ ਅਤੇ ਕਦੇ ਆਪਣੀ ਧਰਤੀ, ਅਪਣੇ ਘਰ-ਪਰਿਵਾਰ ਦੇ ਹੇਰਵੇ ਬਾਰੇ।  ਕਦੇ ਵਿਦੇਸ਼ਾਂ ਵਿਚ ਉਨ੍ਹਾਂ ਨਾਲ ਹੁੰਦੇ ਵਿਤਕਰੇ ਦੇ ਪ੍ਰਸੰਗ ਵਿਚ ਅਤੇ ਕਦੇ ਆਰਥਿਕ ਅਸਾਵੇਂਪਨ ਤੇ ਮਹਿੰਗਾਈ ਦੇ ਇਸ ਦੌਰ ਵਿਚ ਜ਼ਿੰਦਗੀ ਦੀ ਤੋਰ ਨੂੰ ਰਵਾਂ ਰੱਖਣ ਵਿਚ ਪੇਸ਼ ਆਉਂਦੀਆਂ ਔਕੜਾਂ ਬਾਰੇ।  ਇਨ੍ਹਾਂ ਸੱਭ ਬਾਰੇ ਗੱਲ ਕਰਦਿਆਂ ਪੰਜਾਬ ਦੀ, ਪੰਜਾਬੀ ਬੋਲੀ ਦੀ, ਪੰਜਾਬੀ ਜੀਵਨ ਦੀ, ਪੰਜਾਬੀ ਸਭਿਆਚਾਰ ਦੀ ਗੱਲ ਆਪਣੇ ਆਪ ਵਿਚ ਸ਼ਾਮਲ ਹੋ ਜਾਂਦੀ ਹੈ।

ਇੰਝ ਹੀ ਹੋਇਆ ਜਦ ਬੀਤੇ ਦਿਨੀਂ ਡੀ ਡੀ ਪੰਜਾਬੀ ਦੇ ਚਰਚਿਤ ਪ੍ਰੋਗਰਾਮ ˈਗੱਲਾਂ ਤੇ ਗੀਤˈ ਵਿਚ ਕੈਨੇਡਾ ਤੋਂ ਆਏ ਸ੍ਰੀ ਸਤਿੰਦਰਪਾਲ ਸਿੰਘ ਸਿਧਵਾਂ ਸ਼ਾਮਲ ਹੋਏ।  ਉਹ ਚਰਚਿਤ ਮੀਡੀਆ ਸ਼ਖ਼ਸੀਅਤ ਹਨ ਅਤੇ ਕੈਨੇਡਾ ਦੇ ਸ਼ਹਿਰ ਟਰਾਂਟੋ ਵਿਚ ਲੰਮੇ ਸਮੇਂ ਤੋਂ ਬੇਹੱਦ ਚਰਚਿਤ ਸ਼ੋਅ ˈਪੰਜਾਬੀ ਲਹਿਰਾਂˈ ਦਾ ਪ੍ਰਸਾਰਨ ਕਰ ਰਹੇ ਹਨ।

ਸਾਲ 2023 ਦੇ ਅੰਕੜਿਆਂ ਅਨੁਸਾਰ 3 ਕਰੋੜ 22 ਲੱਖ 85,425 ਦੇ ਕਰੀਬ ਭਾਰਤੀ ਵਿਦੇਸ਼ਾਂ ਵਿਚ ਵੱਸੇ ਹੋਏ ਹਨ।  ਇਕ ਅਨੁਮਾਨ ਅਨੁਸਾਰ ਇਕ ਕਰੋੜ ਦੇ ਲੱਗ ਭੱਗ ਪੰਜਾਬੀ ਦੁਨੀਆਂ ਦੇ ਵੱਖ -ਵੱਖ ਦੇਸ਼ਾਂ ਵਿਚ ਜਾ ਵੱਸੇ ਹਨ।  ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਯੂਰਪ ਦੇ ਮੁਲਕਾਂ ਵਿਚ ਇਹ ਗਿਣਤੀ ਵਧੇਰੇ ਹੈ।

ਇਸੇ ਪ੍ਰਸੰਗ ਵਿਚ ਸਤਿੰਦਰਪਾਲ ਸਿੰਘ ਸਿਧਵਾਂ ਨੇ ਦੱਸਿਆ ਕਿ ਭਾਵੇਂ ਉਹ ਵਿਦੇਸ਼ਾਂ ਵਿਚ ਜਾ ਵੱਸੇ ਹਨ ਪਰ ਉਨ੍ਹਾਂ ਦਾ ਧਿਆਨ ਪੰਜਾਬ ਵੱਲ ਰਹਿੰਦਾ ਹੈ।  ਕਿਉਂ ਕਿ ਇੱਥੇ ਉਹ ਜੰਮੇ ਪਲੇ ਅਤੇ ਆਪਣੇ ਘਰ-ਪਰਿਵਾਰ ਦੇ ਅੰਗ ਸੰਗ ਮਹੱਤਵਪੂਰਨ ਵਰ੍ਹੇ ਬਤੀਤ ਕੀਤੇ।  ਪੰਜਾਬ ਪਰਵਾਸੀ ਪੰਜਾਬੀਆਂ ਲਈ ਪੇਕੇ ਘਰ ਵਾਂਗ ਹੈ।  ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਜਿਹੜੇ ਟੈਲੀਵਿਜ਼ਨ, ਰੇਡੀਓ ਪ੍ਰੋਗਰਾਮ ਵਿਚ ਪੰਜਾਬ ਤੇ ਪੰਜਾਬੀ ਦੀ ਵਧੇਰੇ ਗੱਲ ਹੁੰਦੀ ਹੈ ਉਨ੍ਹਾਂ ਨੂੰ ਵਧੇਰੇ ਇਸ਼ਤਿਹਾਰ ਮਿਲਦੇ ਹਨ।  ਉਥੇ ਜਿਹੜੇ ਘਰਾਂ ਵਿਚ ਬੱਚਿਆਂ ਨੂੰ ਪੰਜਾਬੀ ਬੋਲਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ ਉਹ ਬੱਚੇ ਅਸਾਨੀ ਨਾਲ ਪੰਜਾਬੀ ਬੋਲਣੀ ਸਿੱਖ ਜਾਂਦੇ ਹਨ।  ਕਈ ਸਕੂਲਾਂ ਵਿਚ ਵੀ ਪੰਜਾਬੀ ਪੜ੍ਹਨ ਦੀ ਸਹੂਲਤ ਹੈ ਅਤੇ ਕਈ ਲੋਕਾਂ ਨੇ ਨਿੱਜੀ ਪੱਧਰ ʼਤੇ ਪੰਜਾਬੀ ਸਕੂਲ ਖੋਲ੍ਹੇ ਹੋਏ ਹਨ।

ਕੈਨੇਡਾ ਵਿਚ ਲੇਖਕ ਅਤੇ ਸਾਹਿਤ ਸਭਾਵਾਂ ਬਹੁਤ ਸਰਗਰਮ ਹਨ।  ਕੋਈ ਨਾ ਕੋਈ ਪੰਜਾਬੀ ਸਮਾਗਮ-ਸਮਾਰੋਹ ਚੱਲਦਾ ਹੀ ਰਹਿੰਦਾ ਹੈ।  ਸੱਭ ਤੋਂ ਵੱਧ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਕੈਨੇਡਾ ਵਿਚ ਹੁੰਦੀਆਂ ਹਨ।  ਪ੍ਰੋਗਰਾਮ ਦੌਰਾਨ ਸਤਿੰਦਰਪਾਲ ਸਿੰਘ ਸਿਧਵਾਂ ਨੇ ਪੰਜਾਬੀ ਪਹਿਰਾਵੇ, ਵਿਆਹ-ਸ਼ਾਦੀਆਂ, ਪੰਜਾਬੀ ਰਵਾਇਤਾਂ ਅਤੇ ਕਦਰਾਂ-ਕੀਮਤਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।