Headlines

ਪੰਜਾਬੀ ਗਾਇਕ ਕਰਨ ਔਜਲਾ ਨੇ ਵੱਕਾਰੀ ਕੈਨੇਡੀਅਨ ਜੂਨੋ ਐਵਾਰਡ ਜਿੱਤਕੇ ਇਤਿਹਾਸ ਸਿਰਜਿਆ

ਪੰਜਾਬੀ ਵਿਚ ਸਟੇਜ ਤੇ ਗਾਕੇ ਗੋਰਿਆਂ ਨੂੰ ਝੂਮਣ ਲਾ ਦਿੱਤਾ-

ਹੈਲੀਫੈਕਸ ( ਦੇ ਪ੍ਰ ਬਿ)-ਉਘੇ ਪੰਜਾਬੀ ਗਾਇਕ ਕਰਨ ਔਜਲਾ ਨੇ ਕੈਨੇਡਾ ਦੀ ਧਰਤੀ ਤੇ ਪੰਜਾਬੀ ਸੰਗੀਤ ਦੀਆਂ ਬੁਲੰਦੀਆਂ ਨੂੰ ਛੂਹਦਿਆਂ ਉਸ ਸਮੇਂ ਇਤਿਹਾਸ ਰਚਿਆ ਜਦੋਂ ਉਸਨੇ ਕੈਨੇਡਾ ਦੇ 54ਵੇਂ ਜੂਨੋ ਐਵਾਰਡ ਦੌਰਾਨ 2024 ਦਾ ਟਿਕਟੌਕ ਜੂਨੋ ਫੈਨ ਚੁਆਇਸ ਐਵਾਰਡ ਜਿੱਤਣ ਦਾ ਮਾਣ ਹਾਸਲ ਕੀਤਾ। ਉਹ ਪਹਿਲਾ ਪੰਜਾਬੀ ਕਲਾਕਾਰ ਹੈ ਜਿਸਨੂੰ ਕੈਨੇਡਾ ਦੇ ਇਸ ਵੱਕਾਰੀ ਐਵਾਰਡ ਨੂੰ ਜਿੱਤਣ ਦਾ ਮੌਕਾ ਮਿਲਿਆ ਹੈ। ਇਸ ਐਵਾਰਡ ਲਈ ਉਸਦੇ ਨਾਲ ਉਭਰਦੇ ਗਾਇਕ ਸ਼ੁਭ ਨੂੰ ਵੀ ਨੌਮੀਨੇਟ ਕੀਤਾ ਗਿਆ ਸੀ।

ਜੂਨੋ ਐਵਾਰਡ ਹਾਸਲ ਕਰਨ ਉਪਰੰਤ ਕਰਨ ਔਜਲਾ ਨੇ ਰੈਡ ਕਾਰਪੈਟ ਉਪਰ ਮੀਡੀਆ ਨਾਲ ਗੱਲਬਾਤ ਦੌਰਾਨ ਖੁਸ਼ੀ ਦਾ  ਪ੍ਰਗਟਾਵਾ ਕਰਦਿਆਂ ਕਿਹਾ ਕਿ “ਪੰਜਾਬੀ ਸੰਗੀਤ ਦੁਨੀਆ ਦੇ ਸੰਗੀਤ ਦਾ ਭਵਿੱਖ ਹੈ।
ਪੰਜਾਬ ਦੇ ਜੰਮਪਲ ਅਤੇ ਹੁਣ ਵੈਨਕੂਵਰ, ਬੀ.ਸੀ. ਵਿੱਚ ਰਹਿ ਰਹੇ ਔਜਲਾ ਨੇ ਨਾ ਸਿਰਫ਼ ਪੰਜਾਬੀ ਸੰਗੀਤ ਦੇ ਖੇਤਰ ਵਿੱਚ, ਸਗੋਂ ਪੂਰੇ ਕੈਨੇਡੀਅਨ ਸੰਗੀਤ ਦੇ ਖੇਤਰ ਵਿਚ ਪੰਜਾਬੀ ਸੰਗੀਤ ਦਾ ਮਾਣ ਵਧਾਇਆ ਹੈ।
2023 ਵਿੱਚ, ਔਜਲਾ ਦੇ ਦੋ ਸਿੰਗਲ ਟਰੈਕ , “52 ਬਾਰਜ ” ਅਤੇ “ਟੇਕ ਇਟ ਈਜ਼ੀ”  ਯੂ ਟਿਊਬ ਉਪਰ ਕੈਨੇਡਾ ਵਿੱਚ ਸਭ ਤੋਂ ਵੱਧ ਦੇਖੇ ਗਏ ਵੀਡੀਓਜ਼ ਦੀ ਸੂਚੀ ਵਿੱਚ ਸਿਖਰਲੇ 10 ਦੀ ਸੂਚੀ ਵਿਚ ਸ਼ਾਮਿਲ ਸਨ ਜੋ ਕਿ ਉਸਦੀ ਵਿਆਪਕ ਪ੍ਰਸਿੱਧੀ ਅਤੇ ਪ੍ਰਭਾਵ ਦਾ ਪ੍ਰਮਾਣ ਹਨ। ਉਸ ਦੇ ਗੀਤ ਭਾਸ਼ਾਈ ਅਤੇ ਸੱਭਿਆਚਾਰਕ ਹੱਦਾਂ  ਨੂੰ ਪਾਰ ਕਰਕੇ ਨੌਜਵਾਨ ਪੀੜ੍ਹੀ ਦੇ ਗੀਤ ਬਣ ਗਏ ਹਨ। ਜੂਨੋ ਐਵਾਰਡ ਦੌਰਾਨ ਕਰਨ ਔਜਲਾ ਨੇ ਆਪਣੇ ਗੀਤ ਚੁੰਨੀ ਮੇਰੀ ਰੰਗਦੇ ਲਲਾਰੀਆਂ ਨਾਲ ਪਰਫਾਰਮੈਂਸ ਦਿੱਤੀ ਜਿਸਨੂੰ ਹਜ਼ਾਰਾਂ ਦੀ ਗਿਣਤੀ ਵਿਚ ਕੈਨੇਡੀਅਨ ਸੰਗੀਤ ਪ੍ਰੇਮੀਆਂ ਨੇ ਮਾਣਿਆ। ਤੇਸ਼ਰ ਅਤੇ ਏਪੀ ਢਿੱਲੋਂ ਤੋਂ ਬਾਅਦ ਔਜਲਾ ਤੀਸਰਾ ਗਾਇਕ ਹੈ  ਜਿਸਨੇ ਵੱਕਾਰੀ ਜੂਨੋ ਐਵਾਰਡ ਦੀ ਸਟੇਜ ‘ਤੇ ਪੰਜਾਬੀ ਵਿੱਚ ਗਾਇਆ ਹੈ।
ਇਸ ਸਾਲ, ਔਜਲਾ ਦੀ ਜਿੱਤ ਤੋਂ ਇਲਾਵਾ, ਜੂਨੋ ਅਵਾਰਡ ਨੇ ਪੰਜਾਬੀ ਸੰਗੀਤ ਜਗਤ ਦੇ ਇੱਕ ਹੋਰ ਉੱਭਰਦੇ ਸਿਤਾਰੇ, ਸ਼ੁਭ ਨੂੰ ਵੀ ਮਾਨਤਾ ਦਿੱਤੀ ਹੈ ।
ਗਾਇਕ, ਜਿਸ ਕੋਲ ਆਪਣੇ ਸਿੰਗਲ “ਸਟਿਲ ਰੋਲਿਨ” ‘ਤੇ 74 ਮਿਲੀਅਨ ਤੋਂ ਵੱਧ ਯੂਟਿਊਬ ਵਿਊਜ਼ ਹਨ, ਨੇ ਵੀ ਦੋ ਨਾਮਜ਼ਦਗੀਆਂ ਪ੍ਰਾਪਤ ਕੀਤੀਆਂ, ਜੋ ਕਿ ਕੌਮਾਂਤਰੀ ਸਟੇਜ ‘ਤੇ ਪੰਜਾਬੀ ਸੰਗੀਤ ਦੇ ਵਧ ਰਹੇ ਪ੍ਰਭਾਵ ਨੂੰ ਹੋਰ ਉਜਾਗਰ ਕਰਦਾ ਹੈ।
ਔਜਲਾ ਦੀ ਜੂਨੋ ਅਵਾਰਡ ਵਿੱਚ ਜਿੱਤ ਨਾ ਸਿਰਫ਼ ਪੰਜਾਬੀ ਸੰਗੀਤ ਸ਼ੈਲੀ ਲਈ, ਸਗੋਂ ਕੈਨੇਡੀਅਨ ਸੰਗੀਤ ਉਦਯੋਗ ਵਿੱਚ ਸੱਭਿਆਚਾਰਕ ਵਿਭਿੰਨਤਾ ਅਤੇ ਪ੍ਰਤੀਨਿਧਤਾ ਲਈ ਇੱਕ ਜਿੱਤ ਦਾ ਪ੍ਰਤੀਕ ਹੈ।
ਜੂਨੋ ਅਵਾਰਡ ਦੀ ਚੇਅਰ ਜੂਲੀ ਐਡਮ ਦਾ ਕਹਿਣਾ ਹੈ ਕਿ ਇਹ  “ਸੰਗੀਤ ਅਦਭੁਤ ਹੈ ਤੇ ਪੰਜਾਬੀ ਸੰਗੀਤ ਦੀ ਦੁਨੀਆ ਭਰ ਵਿਚ ਆਪਣੀ ਇਕ ਪਛਾਣ ਹੈ।