ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਮਹਾਨ ਕ੍ਰਾਂਤੀਕਾਰੀ,ਰਹਿਬਰਾਂ ਦੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜਾਬੀਆਂ ਦੇ ਮਿੰਨੀ ਪੰਜਾਬ ਲਾਸੀਓ ਸੂਬੇ ਦੇ ਜਿ਼ਲ੍ਹਾ ਲਾਤੀਨਾ ਦੇ ਸ਼ਹਿਰ ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ)ਵਿਖੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸੂਬੇ ਦੀਆਂ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ,ਮੰਦਿਰ ਕਮੇਟੀਆਂ,ਗੁਰੂ ਰਵਿਦਾਸ ਸਭਾਵਾਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾਪੂਰਵਕ ਸਜਾਇਆ ਜਿਸ ਦੀ ਸ਼ੁਰੂਆਤ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਕੀਤੀ।ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਕਿ ਭਗਤੀ ਰੰਗ ਵਿੱਚ ਰੰਗਿਆਂ ਹੋਇਆ ਸੀ ਦੁਪਿਹਰ ਸਮੇਂ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੋਂ ਚਾਲੇ ਪਾਉਂਦਿਆਂ ਪੂਰੇ ਨਗਰ ਦੀ ਪ੍ਰਕਿਰਮਾ ਕਰਦਾ ਵਾਪਸ ਸ਼ਾਮ ਗੁਰਦੁਆਰਾ ਸਾਹਿਬ ਸੰਪੂਰਨ ਹੋਇਆਾ।ਨਗਰ ਕੀਰਤਨ ਦੀਆਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਤੇ ਜੂਸਾਂ ਦੇ ਭੰਡਾਰੇ ਵਰਤਾਏ ਗਏ।ਇਸ ਮੌਕੇ ਗੁਰੂ ਦੀਆਂ ਲਾਡਲੀਆਂ ਫੌਜਾਂ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਗੱਤਕਾ ਅਕੈਡਮੀ ਦੇ ਸਿੰਘਾਂ ਵੱਲੋਂ ਆਪਣੀ ਗੱਤਕਾ ਕਲਾ ਦੇ ਹੈਰਤ ਅੰਗੇਜ਼ ਕਾਰਨਾਮੇ ਵੀ ਸੰਗਤਾਂ ਨੂੰ ਦਿਖਾਏ ਗਏ। ਮਹਾਨ ਸਿੱਖ ਧਰਮ ਤੇ ਪ੍ਰਸਾਰ ਲਈ ਸਿੰਘਾਂ ਵੱਲੋਂ ਦਸਤਾਰ ਕੈਂਪ ਵੀ ਲਗਾਇਆ ਗਿਆ।ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਇਨਕਲਾਬੀ ਜੀਵਨ ਦਾ ਪ੍ਰਸੰਗ ਇਟਲੀ ਦੇ ਪ੍ਰਸਿੱਧ ਢਾਡੀ ਕਵੀਸ਼ਰ ਜੱਥੇ ਗਿਆਨੀ ਸਤਪਾਲ ਸਿੰਘ ਗਰਚਾ,ਗਿਆਨੀ ਗੁਰਮੀਤ ਸਿੰਘ ਗੁਰਦਾਸਪੁਰੀ(ਯੂ ਕੇ)ਤੇ ਗਿਆਨ ਸਰਬਜੀਤ ਸਿੰਘ ਮਾਣਕਪੁਰੀ ਦੇ ਜੱਥੇ ਨੇ ਆਪਣੀ ਬੁਲੰਦ ਤੇ ਸ਼ੁਰੀਲੀ ਆਵਾਜ਼ ਵਿੱਚ ਸੰਗਤਾਂ ਦੇ ਸਨਮੁੱਖ ਰੱਖਿਆ।ਇਸ ਮੌਕੇ ਨਗਰ ਕੀਰਤਨ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਤੇ ਹੋਰ ਮੈਂਬਰਾਂ ਨੇ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਦੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ੁਸ਼ੋਭਿਤ ਬਾਣੀ ਏਕਤਾ ਵਿੱਚ ਰਲ-ਮਿਲਕੇ ਸਮਾਜ ਵਿੱਚ ਵਿਚਰਨ ਦਾ ਇਨਕਲਾਬੀ ਹੋਕਾ ਦਿੰਦੀ ਹੈ। ਇਸ ਨਗਰ ਕੀਰਤਨ ਵਿੱਚ ਸੂਬੇ ਭਰ ਗੁਰੂ ਦੀਆਂ ਸੰਗਤਾਂ ਨੇ ਵੱਡੇ ਕਾਫ਼ਲੀਆਂ ਦੇ ਰੂਪ ਵਿੱਚ ਹਾਜ਼ਰੀ ਭਰਕੇ ਗੁਰੂ ਸਾਹਿਬ ਦਾ ਭਰਵਾਂ ਆਸ਼ੀਰਵਾਦ ਲਿਆ ਤੇ ਸਭ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।