ਸਰੀ ( ਧੰਜੂ)-
ਬੀ ਸੀ ਗੁਰਦਆਰਾ ਕੌਂਸਲ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਨੇ ਸਾਂਝੇ ਪ੍ਰੈਸ ਨੋਟ ਰਾਹੀਂ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾਂ ਵਲੋਂ ਅਮਰੀਕਾ ਵਿਚ ਭਾਰਤ ਦੇ ਸਾਬਕਾ ਸਫੀਰ ਤੇ ਹੁਣ ਭਾਜਪਾ ਆਗੂ ਤਰਨਜੀਤ ਸੰਧੂ ਦਾ ਸਨਮਾਨ ਕੀਤੇ ਜਾਣ ਦੀ ਨਿੰਦਾ ਕਰਦਿਆਂ ਇਸਨੂੰ ਦਮਦਮੀ ਟਕਸਾਲ ਦੀ ਵਿਰਾਸਤ ਨਾਲ ਧ੍ਰੋਹ ਮੰਨਦੇ ਹੋਏ ਪੰਥਕ ਰਵਾਇਤਾਂ ਅਨੁਸਾਰ ਉਸ ਦੀ ਜਵਾਬਦੇਹੀ ਕਰਨ ਦੀ ਮੰਗ ਕੀਤੀ ਹੈ। ਬੀਸੀ ਕੌਂਸਲ ਦੇ ਬੁਲਾਰੇ ਭਾਈ ਮਨਿੰਦਰ ਸਿੰਘ ਤੇ ਓਟਾਰੀਓ ਕਮੇਟੀ ਦੇ ਬੁਲਾਰੇ ਭਾਈ ਅਮਰਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਤਰਨਜੀਤ ਸੰਧੂ ਸਤਿਕਾਰਤ ਪੰਥਕ ਸ਼ਖ਼ਸੀਅਤ ਦੇ ਪਰਿਵਾਰ ’ਚੋਂ ਹੈ, ਪਰ ਹੁਣ ਉਹ ਉਸ ਪਾਰਟੀ ਦਾ ਨੁਮਾਇੰਦਾ ਹੈ, ਜਿਸ ਨੇ ਕਿਸਾਨੀ ਮੋਰਚੇ ਮੌਕੇ ਕਿਸਾਨਾਂ ’ਤੇ ਤਸ਼ੱਦਦ ਢਾਹਿਆ ਅਤੇ ਸੈਂਕੜੇ ਕਿਸਾਨਾਂ ਦੀ ਮੌਤ ਲਈ ਜ਼ਿੰਮੇਵਾਰ ਹੈ। ਇਹ ਪਾਰਟੀ ਸਿੱਖਾਂ ਦੇ ਪਵਿੱਤਰ ਸਥਾਨਾਂ ਦੀ ਬੇਹੁਰਮਤੀ ਲਈ ਵੀ ਬਰਾਬਰ ਦੀ ਭਾਈਵਾਲ ਰਹੀ ਹੈ। ਬੁਲਾਰਿਆਂ ਨੇ ਭਾਰਤ ਵਲੋਂ ਕੈਨੇਡੀਅਨ ਚੋਣਾਂ ਵਿਚ ਦਖਲਅੰਦਾਜ਼ੀ ਨੂੰ ਵੀ ਮੰਦਭਾਗਾ ਕਿਹਾ।