ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)-ਜਦੋਂ ਸਮਾਜ ਵਿੱਚ ਸੱਚ ਬੋਲਣ ਤੇ ਜੀਭ ਕੱਟ ਦਿੱਤੀ ਜਾਂਦੀ,ਸੱਚ ਨਾ ਸੁਣਨ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਤੇ ਪਾਖੰਡਬਾਦ ਦਾ ਵਿਰੋਧ ਕਰਨ ਤੇ ਮੌਤ ਦੀ ਸਜ਼ਾ ਮੌਕੇ ਦੇ ਹਾਕਮਰਾਨਾਂ ਵੱਲੋਂ ਦਿੱਤੀ ਜਾਂਦੀ ਸੀ ਅਜਿਹੇ ਦੌਰ ਵਿੱਚ ਇਨਕਲਾਬ ਦਾ ਸੰਖ ਵਜਾ ਕੇ ਸੁੱਤੀ ਮਾਨਵਤਾ ਨੂੰ ਜਗਾਉਣ ਵਾਲੇ ਮਹਾਨ ਸ਼੍ਰੋਮਣੀ ਸੰਤ ਮਹਾਨ ਇਨਕਲਾਬੀ ,ਯੁੱਗ ਪੁਰਸ਼ ,ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਸਮਾਗਮ ਤੇ ਨਗਰ ਕੀਰਤਨ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਤੇ ਉਤਸ਼ਾਹ ਨਾਲ ਸਜਾਏ ਜਾ ਰਹੇ ਹਨ ।ਇਟਲੀ ਵੀ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਦੇਸ਼ ਭਰ ਵਿੱਚ ਵਿਸ਼ਾਲ ਧਾਰਮਿਕ ਸਮਾਗਮ ਕਰਵਾ ਰਹੀ ਹੈ ਤੇ ਇਸ ਮਹਾਨ ਦਿਨ ਨੂੰ ਸਮਰਪਿਤ ਵਿਸ਼ਾਲ ਪ੍ਰਕਾਸ਼ ਪੁਰਬ ਸਮਾਗਮ ਲੰਬਾਰਦੀਆਂ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਬਾਸਾਨੋ ਬ੍ਰੇਸ਼ੀਆਨੋ(ਬਰੇਸ਼ੀਆ)(ਰਜਿ:)ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਛੱਤਰ ਛਾਇਆ ਹੇਠ ਕਰਵਾਇਆ ਗਿਆ ਜਿਸ ਵਿੱਚ ਆਰੰਭੇ ਸ਼੍ਰੀ ਆਖੰਡ ਪਾਠ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀਓ ਦੀ ਇਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਪ੍ਰਸਿੱਧ ਕੀਰਤਨੀਏ ਭਾਈ ਜਰਨੈਲ ਸਿੰਘ ਦੇ ਜੱਥੇ ਨੇ ਸੰਗਤਾਂ ਨੂੰ ਸਰਵਣ ਕਰਵਾਇਆ।ਇਸ ਪ੍ਰਕਾਸ਼ ਪੁਰਬ ਸਮਾਗਮ ਵਿੱਚ ਇਲਾਕੇ ਭਰ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਬਾਸਾਨੋ ਬ੍ਰੇਸ਼ੀਆਨੋ ਰਜਿ:(ਬਰੇਸ਼ੀਆ)ਦੇ ਮੁੱਖ ਸੇਵਾਦਾਰ ਤੀਰਥ ਰਾਮ ਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਵੱਡੇ ਇੱਕਠ ਦੇ ਰੂਪ ਵਿੱਚ ਪਹੁੰਚੀਆਂ ਸੰਗਤਾਂ ਦਾ ਵਿਸੇ਼ਸ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਜੋ ਵਿਦੇਸ਼ਾਂ ਵਿੱਚ ਅਸੀਂ ਸੁੱਖਦ ਜਿੰਦਗੀ ਦਾ ਆਨੰਦ ਮਾਣ ਰਹੇ ਹਾਂ ਇਹ ਸਾਰੀ ਕਿਰਪਾ ਕਾਂਸ਼ੀ ਵਾਲੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਹੈ ਜਿਹਨਾਂ ਦਾ ਲੜ੍ਹ ਫੜ੍ਹ ਵੱਡੇ-ਵੱਡੇ ਰਾਜੇ ਮਹਾ ਰਾਜੇ ਵੀ ਤਰ ਗਏ ਸਨ।ਗੁਰੂ ਸਾਹਿਬ ਦੇ ਸੁਪਨ ਸ਼ਹਿਰ ਬੇਗਮਪੁਰਾ ਦੀ ਸਥਾਪਨਾ ਲਈ ਸਾਨੂੰ ਸਭ ਨੂੰ ਉਹਨਾਂ ਦੀ ਰਚੀ ਬਾਣੀ ਪੜ੍ਹ ਉਸ ਅਨੁਸਾਰ ਆਪਣੇ ਆਪ ਨੂੰ ਬਣਾਉਣ ਦੀ ਲੋੜ ਹੈ ਇਹੀ ਉਹਨਾਂ ਦੇ ਪੈਰੋਕਾਰ ਲਈ ਮਿਸ਼ਨ ਹੈ ਜਿਸ ਲਈ ਸਭ ਨੂੰ ਲਾਮਬੰਦ ਹੋਣਾ ਅਹਿਮ ਸੇਵਾ ਹੈ।ਇਸ ਪ੍ਰਕਾਸ਼ ਦਿਵਸ ਸਮਾਗਮ ਮੌਕੇ ਸਮੂਹ ਸੰਗਤ ਲਈ ਗੁਰੂ ਦੇ ਲੰਗਰ ਵੀ ਵਰਤਾਏ ਗਏ।