ਬੀ ਸੀ ਵਿਚ ਬਾਲ ਸੰਭਾਲ ਕੇਂਦਰਾਂ ਦੀ ਗਿਣਤੀ ਵਿਚ ਵਾਧਾ-
ਕਲੋਵਰਡੇਲ ( ਦੇ ਪ੍ਰ ਬਿ)- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਲੋਵਰਡੇਲ ਦੇ ਡੌਨ ਕ੍ਰਿਸਚੀਅਨ ਰੈਕ ਸੈਂਟਰ ਵਿਖੇ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਬੀ.ਸੀ. ਦੇ 10 ਡਾਲਰ ਪ੍ਰਤੀ ਦਿਨ ਚਾਈਲਡ ਕੇਅਰ ਮਾਡਲ ਲਈ ਵਾਧੂ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ । ਉਹਨਾਂ ਕਿਹਾ ਕਿ ਚਾਈਲਡ ਕੇਅਰ ਪ੍ਰੋਗਰਾਮ ਪਰਿਵਾਰਾਂ ਦੀ ਕਮਾਈ ਵਿਚ ਬਚਤ ਦੇ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਕੈਰੀਅਰ ਬਣਾਉਣ ਦਾ ਮੌਕਾ ਦਿੰਦਾ ਹੈ ਜਿਸ ਨਾਲ ਬੱਚਿਆਂ ਨੂੰ ਜ਼ਿੰਦਗੀ ਦੀ ਸਭ ਤੋਂ ਵਧੀਆ ਸ਼ੁਰੂਆਤ ਦਾ ਮੌਕਾ ਪ੍ਰਦਾਨ ਹੁੰਦਾ ਹੈ। “ਇਸੇ ਲਈ ਬਜਟ 2024 ਵਿੱਚ, ਅਸੀਂ ਬੱਚਿਆਂ ਦੀ ਦੇਖਭਾਲ ਲਈ ਵਧੇਰੇ ਥਾਂਵਾਂ ਬਣਾਉਣ, ਵਧੇਰੇ ਅਧਿਆਪਕਾਂ ਦੀ ਭਰਤੀ, ਉਹਨਾਂ ਨੂੰ ਵਧੇਰੇ ਸਿਖਲਾਈ ਦੇਣ ਅਤੇ ਬ੍ਰਿਟਿਸ਼ ਕੋਲੰਬੀਆ ਵਰਗੇ ਸੂਬਿਆਂ ਨਾਲ ਕੰਮ ਕਰਨ ਲਈ ਕਾਰਵਾਈ ਕਰ ਰਹੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪਰਿਵਾਰਾਂ ਨੂੰ ਉਹ ਆਰਾਮ ਅਤੇ ਸੁਰੱਖਿਆ ਮਿਲੇ ਜਿਸ ਦੇ ਉਹ ਹੱਕਦਾਰ ਹਨ।
ਟਰੂਡੋ ਨੇ ਕਿਹਾ ਕਿ ਫੈੱਡਰਲ ਸਰਕਾਰ ਦੇਸ਼ ਭਰ ਵਿੱਚ ਚਾਈਲਡ ਕੇਅਰ ਦਾ ਵਿਸਤਾਰ ਕਰਨ ਲਈ ਘੱਟ ਲਾਗਤ ਵਾਲੇ ਕਰਜ਼ੇ, ਗ੍ਰਾਂਟਾਂ, ਅਤੇ ਵਿਦਿਆਰਥੀ ਲੋਨ ਮਾਫੀ ਵਿੱਚ 1 ਬਿਲੀਅਨ ਡਾਲਰ ਤੋਂ ਵੱਧ ਦੇਣ ਦੀ ਯੋਜਨਾ ਬਣਾ ਰਿਹਾ ਹੈ। ਉਹਨਾਂ ਇਸਦੇ ਨਾਲ ਹੀ ਬੀ.ਸੀ. ਸਰਕਾਰ ਦੇ ਪ੍ਰਤੀ ਦਿਨ 10 ਡਾਲਰ ਪ੍ਰੋਗਰਾਮ ਵਿੱਚ 900 ਤੋਂ ਵੱਧ ਬਾਲ ਸੰਭਾਲ ਕੇਂਦਰ ਸ਼ਾਮਲ ਕੀਤੇ, ਜਿਸ ਨਾਲ ਸੂਬੇ ਭਰ ਵਿੱਚ ਕੁੱਲ ਗਿਣਤੀ 15,000 ਤੋਂ ਵੱਧ ਹੋ ਗਈ ਹੈ।
ਇਸ ਮੌਕੇ ਸਰੀ-ਕਲੋਵਰਡੇਲ ਦੇ ਐਮਐਲਏ ਮਾਈਕ ਸਟਾਰਚਕ ਨੇ ਕਿਹਾ ਕਿ ਪ੍ਰਤੀ ਦਿਨ 10 ਡਾਲਰ ਚਾਈਲਡ ਕੇਅਰ ਸਕੀਮ ਹਰ ਸਾਲ ਲਗਭਗ $10,000 ਪਰਿਵਾਰਾਂ ਨੂੰ ਲਾਭ ਪਹੁੰਚਾਉਦੀ ਹੈ। ਔਸਤਨ ਪ੍ਰਤੀ ਬੱਚਾ ਪ੍ਰਤੀ ਮਹੀਨਾ $900 ਤੋਂ ਵੱਧ ਪ੍ਰਾਪਤ ਕਰਦਾ ਹੈ।
“ਇਹ ਪੈਸਾ ਫਿਰ ਸਾਡੀ ਵਧਦੀ ਆਰਥਿਕਤਾ ਵਿੱਚ ਯੋਗਦਾਨ ਪਾਉਂਦਾ ਹੈ ਅਤੇ ਸਾਡੇ ਭਾਈਚਾਰਿਆਂ ਦਾ ਸਮਰਥਨ ਕਰਦਾ ਹੈ।”
ਨਵੇਂ ਚਾਈਲਡ ਕੇਅਰ ਐਕਸਪੈਂਸ਼ਨ ਲੋਨ ਪ੍ਰੋਗਰਾਮ ਦੇ ਨਾਲ, $1 ਬਿਲੀਅਨ ਘੱਟ ਲਾਗਤ ਵਾਲੇ ਕਰਜ਼ੇ ਅਤੇ $60 ਮਿਲੀਅਨ ਗੈਰ-ਮੁੜਨਯੋਗ ਗ੍ਰਾਂਟਾਂ ਦੇ ਨਾਲ, ਫੈੱਡਰਲ ਸਰਕਾਰ ਨੇ ਹੋਰ ਪਹਿਲਕਦਮੀਆਂ ਦਾ ਵੀ ਐਲਾਨ ਕੀਤਾ।
ਪ੍ਰਧਾਨ ਮੰਤਰੀ ਟਰੂਡੋ ਨੇ ਵਿਦਿਆਰਥੀ ਕਰਜ਼ਾ ਮੁਆਫ਼ੀ ਲਈ ਚਾਰ ਸਾਲਾਂ ਵਿੱਚ $48 ਮਿਲੀਅਨ ਦੇ ਨਿਵੇਸ਼ ਦਾ ਵੀ ਵਾਅਦਾ ਕੀਤਾ ਸੀ ਜੋ ਕਿ ਪੇਂਡੂ ਖੇਤਰ ਵਿੱਚ ਇੱਕ ਸਿੱਖਿਅਕ ਕਿੰਨੇ ਸਮੇਂ ਤੱਕ ਕੰਮ ਕਰਦਾ ਹੈ, ਦੇ ਹਿਸਾਬ ਨਾਲ ਵਧੇਗਾ।
ਬੀ.ਸੀ. ਨੂੰ ਪੂਰੇ ਸੂਬੇ ਵਿੱਚ ਚਾਈਲਡ ਕੇਅਰ ਦੀਆਂ ਨਵੀਆਂ ਥਾਵਾਂ ਬਣਾਉਣ ਅਤੇ ਸੰਮਲਿਤ ਚਾਈਲਡ ਕੇਅਰ ਸੇਵਾਵਾਂ ਲਈ $69.9 ਮਿਲੀਅਨ ਪ੍ਰਾਪਤ ਹੋਣਗੇ।
ਟਰੂਡੋ ਸਰਕਾਰ 16 ਅਪ੍ਰੈਲ ਨੂੰ ਹਾਊਸ ਆਫ ਕਾਮਨਜ਼ ਵਿੱਚ ਸਾਲ 2024 ਦਾ ਬਜਟ ਪੇਸ਼ ਕਰਨ ਜਾ ਰਹੀ ਹੈ। ਪ੍ਰਧਾਨ ਮੰਤਰੀ ਦਾ ਇਹ ਟੂਰ ਫੈਡਰਲ ਸਰਕਾਰ ਦੇ ਬਜਟ ਲਈ ਵਧ ਤੋਂ ਵੱਧ ਸਮਰਥਨ ਜੁਟਾਉਣਾ ਸਮਝਿਆ ਜਾਂਦਾ ਹੈ।