Headlines

ਸੰਪਾਦਕੀ-ਸਿਆਸੀ ਭ੍ਰਿਸ਼ਟਾਚਾਰ ਦੇ ਹਮਾਮ ਵਿਚ ਸਭ ਨੰਗੇ……

ਸ਼ਰਾਬ ਘੁਟਾਲਾ ਬਨਾਮ ਚੋਣ ਬਾਂਡ ਘੁਟਾਲਾ-

-ਸੁਖਵਿੰਦਰ ਸਿੰਘ ਚੋਹਲਾ–

ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜਿਹਨਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ 21 ਮਾਰਚ ਨੂੰ  ਆਬਕਾਰੀ ਨੀਤੀ ਘੁਟਾਲੇ ਵਿਚ ਗ੍ਰਿਫਤਾਰ ਕਰ ਲਿਆ ਗਿਆ ਸੀ, ਦਾ ਅਦਾਲਤ ਨੇ ਪਹਿਲੀ ਅਪ੍ਰੈਲ ਤੱਕ ਰਿਮਾਂਡ ਵਧਾ ਦਿੱਤਾ ਹੈ। ਈਡੀ ਨੇ 28 ਮਾਰਚ ਨੂੰ ਪਹਿਲੇ ਰਿਮਾਂਡ ਦੇ ਖਤਮ ਹੋਣ ਉਪਰੰਤ ਅਦਾਲਤ ਤੋਂ 7 ਦਿਨ ਦਾ ਹੋਰ ਰਿਮਾਂਡ ਮੰਗਿਆ ਸੀ ਕਿ ਉਸਨੇ ਅਜੇ ਮੁੱਖ ਮੰਤਰੀ ਤੋ ਹੋਰ ਪੁੱਛਗਿਛ ਕਰਨੀ ਹੈ। ਗ੍ਰਿਫਤਾਰੀ ਸਮੇਂ ਜ਼ਬਤ ਕੀਤੇ ਗਏ ਚਾਰ ਇਲੈਕਟ੍ਰੋਨਿਕ ਯੰਤਰਾਂ ਦਾ ਪਾਸਵਰਡ ਨਾ ਮਿਲਣ ਅਤੇ ਕੇਜਰੀਵਾਲ ਵਲੋਂ ਈਡੀ ਦੇ ਸਵਾਲਾਂ ਤੋਂ ਟਾਲ ਮਟੋਲ ਕਰਨ ਦੇ ਨਾਲ ਆਬਕਾਰੀ ਘੁਟਾਲੇ ਵਿਚ ਸ਼ਾਮਿਲ ਹੋਰ ਦੋਸ਼ੀਆਂ ਦੀ ਆਹਮੋ ਸਾਹਮਣੇ ਪੁੱਛਗਿੱਛ ਕਰਨੀ ਬਾਕੀ ਹੈ। ਇਸੇ ਦੌਰਾਨ ਕੇਜਰੀਵਾਲ ਦੀ ਧਰਮਪਤਨੀ ਸੁਨੀਤਾ ਕੇਜਰੀਵਾਲ ਨੇ ਦੋਸ਼ ਲਗਾਏ ਹਨ ਕਿ ਉਸਦੇ ਪਤੀ ਨੂੰ ਈਡੀ ਹਿਰਾਸਤ ਵਿਚ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂਕਿ ਡਾਇਬਟੀਜ਼ ਦੇ ਮਰੀਜ ਹੋਣ ਕਾਰਣ ਉਸਦੀ ਸਿਹਤ ਠੀਕ ਨਹੀ ਹੈ। ਉਹਨਾਂ ਦਾਅਵਾ ਕੀਤਾ ਕਿ ਰਿਮਾੰਡ ਖਤਮ ਹੋਣ ਉਪਰੰਤ ਅਦਾਲਤ ਵਿਚ ਪੇਸ਼ੀ ਦੌਰਾਨ ਕੇਜਰੀਵਾਲ ਅਹਿਮ ਖੁਲਾਸੇ ਕਰਨਗੇ। ਕਿਹਾ ਜਾ ਰਿਹਾ ਹੈ ਕਿ ਈਡੀ ਨੇ ਆਬਕਾਰੀ ਨੀਤੀ ਘੁਟਾਲੇ ਦੇ ਸਬੰਧ ਵਿਚ 31 ਹਜਾਰ ਪੰਨਿਆ ਦੀ ਰਿਪੋਰਟ ਤਿਆਰ ਕੀਤੀ ਹੈ ਜਿਸ ਵਿਚ ਆਬਕਾਰੀ ਘੁਟਾਲੇ ਦਾ ਪੈਸਾ ਗੋਆ ਦੀਆਂ ਚੋਣਾਂ ਵਿਚ ਵਰਤੇ ਜਾਣ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਈਡੀ ਵਲੋਂ ਆਮ ਆਦਮੀ ਪਾਰਟੀ ਦੇ ਗੋਆ ਦੇ ਪ੍ਰਧਾਨ ਅਮਿਤ ਪਾਲੇਕਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਦੋਂਕਿ ਕੇਜਰੀਵਾਲ ਦਾ ਕਹਿਣਾ ਹੈ ਕਿ ਇਸ ਰਿਪੋਰਟ ਵਿਚ ਉਸਦੇ ਖਿਲਾਫ ਕੋਈ ਸਬੂਤ ਨਹੀ ਹਨ ਤੇ ਈਡੀ , ਹਾਕਮ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਕ ਸਾਜਿਸ਼ ਤਹਿਤ ਉਸਦੇ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਕੰਮ ਕਰ ਰਹੀ ਹੈ। ਆਬਕਾਰੀ ਘੁਟਾਲੇ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਸਮੇਤ ਸਾਬਕਾ ਮੰਤਰੀ ਸਤੇਂਦਰ ਜੈਨ ਤੇ ਐਮ ਪੀ ਸੰਜੇ ਸਿੰਘ ਪਹਿਲਾਂ ਹੀ ਜੇਲ ਵਿਚ ਬੰਦ ਹਨ। ਸ੍ਰੀ ਮਨੀਸ਼ ਸਿਸੋਦੀਆ ਨੂੰ ਜੇਲ ਵਿਚ ਲਗਪਗ ਇਕ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ। ਅਦਾਲਤ ਵਲੋਂ ਇਹਨਾਂ ਤਿੰਨਾਂ ਆਗੂਆਂ ਦੀ ਅਜੇ ਤੱਕ ਜ਼ਮਾਨਤ ਮਨਜੂਰ ਨਹੀ ਕੀਤੀ ਗਈ। ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਮੋਦੀ ਸਰਕਾਰ ਪਾਰਟੀ ਆਗੂ ਕੇਜਰੀਵਾਲ ਨੂੰ ਵੀ ਲੰਬਾ ਸਮਾਂ ਜੇਲ ਵਿਚ ਰੱਖਣ ਦੀ ਸਾਜਿਸ਼ ਕਰ ਰਹੀ ਹੈ ਤਾਂ ਕਿ ਉਸਨੂੰ ਲੋਕ ਸਭ ਚੋਣਾਂ ਦੌਰਾਨ ਪ੍ਰਚਾਰ ਤੋਂ ਰੋਕਿਆ ਜਾ ਸਕੇ। ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਇੰਡੀਆ ਗਠਜੋੜ ਵਲੋਂ ਰਾਜਧਾਨੀ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ 31 ਮਾਰਚ ਨੂੰ ਮਹਾਂਰੈਲੀ  ਦਾ ਸੱਦਾ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਵਲੋਂ ਪਹਿਲਾਂ ਹੀ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ।

ਉਧਰ ਪੰਜਾਬ ਭਾਜਪਾ ਦੇ ਵਫਦ ਨੇ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਹੇਠ ਮੁੱਖ ਚੋਣ ਕਮਿਸ਼ਨਰ ਨੂੰ ਮਿਲਕੇ ਪੰਜਾਬ ਦੀ ਆਬਕਾਰੀ ਨੀਤੀ ਦੀ ਵੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਪੰਜਾਬ ਭਾਜਪਾ ਨੇ ਖਦਸ਼ਾ ਜਾਹਰ ਕੀਤਾ ਹੈ ਕਿ ਜਿਵੇਂ ਦਿੱਲੀ ਦੀ ਆਬਕਾਰੀ ਨੀਤੀ ਵਿਚ ਕਰੋੜਾਂ ਦਾ ਘੁਟਾਲਾ ਕਰਦਿਆਂ ਇਹ ਪੈਸਾ ਗੋਆ ਚੋਣਾਂ ਵਿਚ ਵਰਤਿਆ ਗਿਆ, ਇਵੇਂ ਆਮ ਆਦਮੀ ਪਾਰਟੀ ਪੰਜਾਬ ਵਿਚ ਦਿੱਲੀ ਦੀ ਤਰਜ ਤੇ ਲਾਗੂ ਕੀਤੀ ਆਬਕਾਰੀ ਨੀਤੀ ਚੋ ਕਮਾਏ ਪੈਸੇ ਲੋਕ ਸਭਾ ਚੋਣਾਂ ਵਿਚ ਵਰਤ ਸਕਦੀ ਹੈ। ਉਹਨਾਂ ਦਾ ਦੋਸ਼ ਹੈ ਕਿ ਦਿੱਲੀ ਵਿਚ ਜਿਸ ਕੰਪਨੀ ਦੇ ਅਧਿਕਾਰੀ ਸ਼ਰਾਬ ਘੁਟਾਲੇ ਵਿਚ ਜੇਲ ਦੀਆਂ ਸ਼ਲਾਖਾਂ ਪਿੱਛੇ ਹਨ, ਪੰਜਾਬ ਵਿਚ ਉਸੇ ਸ਼ਰਾਬ ਕੰਪਨੀ ਨੂੰ ਵ਼ੱਡੀ ਗਿਣਤੀ ਵਿਚ ਠੇਕੇ ਅਲਾਟ ਕਰਕੇ ਪੰਜਾਬ ਦੇ ਖਜਾਨੇ ਨੂੰ ਘੱਟੋ ਘੱਟ 1000 ਕਰੋੜ ਦਾ ਨੁਕਸਾਨ ਪਹੁੰਚਾਇਆ ਗਿਆ ਹੈ।

ਇਥੇ ਕਮਾਲ ਦੀ ਗੱਲ ਹੈ ਕਿ ਪੰਜਾਬ ਭਾਜਪਾ ਦੇ ਆਗੂ ਜਿਸ ਆਮ ਆਦਮੀ ਪਾਰਟੀ ਉਪਰ ਸ਼ਰਾਬ ਕੰਪਨੀਆਂ ਤੋਂ ਕਰੋੜਾਂ ਰੁਪਏ ਲੈਕੇ ਚੋਣਾਂ ਵਿਚ ਵਰਤੇ ਜਾਣ ਦੀ ਖਦਸ਼ੇ ਪ੍ਰਗਟ ਕਰ ਰਹੇ ਹਨ, ਉਥੇ ਭਾਜਪਾ ਸਰਕਾਰ ਵਲੋਂ ਚੋਣ ਬਾਂਡਾਂ ਰਾਹੀਂ ਇਕੱਠੇ ਕੀਤੇ ਕਰੋੜਾਂ ਰੁਪਏ ਦੇ ਮਾਮਲੇ ਤੇ ਇਵੇਂ ਚੁੱਪ ਹਨ ਜਿਵੇਂ ਵਪਾਰਕ ਕੰਪਨੀਆਂ ਤੋਂ ਰਿਸ਼ਵਤ ਦੇ ਰੂਪ ਵਿਚ ਲਏ ਗਏ ਚੋਣ ਫੰਡ ਕੇਵਲ ਦਾਨ ਦੇ ਠੱਪੇ ਨਾਲ ਹੀ ਦੁਧ ਧੋਤੇ ਹੋ ਗਏ ਹੋਣ। ਪਿਛਲੇ ਦਿਨੀਂ ਸੁਪਰੀਮ ਕੋਰਟ ਵਲੋਂ ਚੋਣ ਬਾਂਡਾਂ ਨੂੰ ਗੈਰਕਨੂੰਨੀ ਕਰਾਰ ਦੇਣ ਅਤੇ ਚੋਣ ਕਮਿਸ਼ਨ ਨੂੰ ਸਿਆਸੀ ਪਾਰਟੀਆਂ ਨੂੰ ਮਿਲੇ ਚੋਣ ਫੰਡ ਜਨਤਕ ਕੀਤੇ ਜਾਣ ਦੇ ਨਿਰਦੇਸ਼ਾਂ ਉਪਰੰਤ ਜੋ ਖੁਲਾਸ਼ੇ ਹੋਏ ਹਨ, ਉਹ ਜਿਥੇ ਹੈਰਾਨਕੁੰਨ ਹਨ ਉਥੇ ਇਹ ਕਹਿਣ ਲਈ ਵੀ ਕਾਫੀ ਹਨ ਕਿ ਇਸ ਹਮਾਮ ਵਿਚ ਸਾਰੇ ਨੰਗੇ ਹਨ।

ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਿਕ ਅਪ੍ਰੈਲ 2019 ਤੋਂ ਜਨਵਰੀ 2024 ਤੱਕ ਸਿਆਸੀ ਪਾਰਟੀਆਂ ਨੂੰ ਮਿਲੀ ਕਰੋੜਾਂ ਦੀ ਦਾਨ ਰਾਸ਼ੀ ਵਿਚੋਂ ਚੋਣ ਬਾਂਡ ਕੈਸ਼ ਕਰਵਾਉਣ ਵਾਲੀ ਪਾਰਟੀ ਭਾਜਪਾ ਦਾ ਨਾਮ ਸਭ ਤੋਂ ਉਪਰ ਹੈ।  ਭਾਜਪਾ ਨੇ ਇਸ ਸਮੇਂ ਦੌਰਾਨ ਕੁਲ 6986.5 ਕਰੋੜ ਰੁਪਏ ਪ੍ਰਾਪਾਤ ਕੀਤੇ ਜਦੋਂਕਿ ਤ੍ਰਿਣਾਮੂਲ ਕਾਂਗਰਸ ਨੇ 1397 ਕਰੋੜ, ਕਾਂਗਰਸ ਨੇ 1334 ਕਰੋੜ ਅਤੇ ਭਾਰਤ ਰਾਸ਼ਟਰਾ ਸਮਿਤੀ ਨੇ 1322 ਕਰੋੜ ਰੁਪਏ ਚੋਣ ਬਾਂਡ ਵਜੋਂ ਪ੍ਰਾਪਤ ਕੀਤੇ। ਭਾਜਪਾ ਨੂੰ ਦਾਨ ਰਾਸ਼ੀ ਦੇਣ ਵਾਲੇ ਕੁਲ 487 ਦਾਨੀਆਂ ਚੋਂ 10 ਅਜਿਹੇ ਦਾਨੀ ਹਨ ਜਿਹਨਾਂ ਨੇ ਕੁਲ ਦਾਨ ਰਾਸ਼ੀ ਚੋਂ 2000 ਕਰੋੜ ਤੋਂ ਉਪਰ ਦਾਨ ਕੀਤੇ ਹਨ ਜੋ ਕੁਲ ਰਾਸ਼ੀ ਦਾ ਲਗਪਗ 37 ਪ੍ਰਤੀਸ਼ਤ ਬਣਦਾ ਹੈ। ਸਮਝਿਆ ਜਾ ਸਕਦਾ ਹੈ ਕਿ ਇਤਨੀ ਵੱਡੀ ਰਕਮ ਦਾਨ ਕਰਨ ਵਾਲੀਆਂ ਇਹ 10 ਕੰਪਨੀਆਂ ਕਿਹੜੀਆ ਹੋ ਸਕਦੀਆਂ ਹਨ ? ਲੋਕ ਸਭਾ ਚੋਣਾਂ ਦੇ ਦੌਰਾਨ ਵਿਰੋਧੀ ਪਾਰਟੀਆਂ ਨੂੰ ਆਮਦਨ ਕਰ ਟੈਕਸ ਦੇ ਨੋਟਿਸ ਭੇਜਣ ਅਤੇ ਬੈਂਕ ਖਾਤੇ ਸੀਲ ਕੀਤੇ ਜਾਣ ਦੀਆਂ ਰਿਪੋਰਟਾਂ ਦੇ ਦਰਮਿਆਨ ਭਾਜਪਾ 400 ਸੀਟਾਂ ਦਾ ਅੰਕੜਾ ਪਾਰ ਕਰਨ ਦੇ ਨਾਅਰੇ ਨਾਲ ਚੋਣ ਮੈਦਾਨ ਵਿਚ ਹੈ। ਕਰੋੜਾਂ ਦੇ ਚੋਣ ਫੰਡ ਇਕੱਤਰ ਕਰਨ ਤੇ ਵਿਰੋਧੀਆਂ ਨੂੰ ਗੁੱਠੇ ਲਗਾਕੇ ਕੇਵਲ ਰਾਮ ਮੰਦਿਰ ਦੀ ਉਸਾਰੀ ਤੇ ਹਿੰਦੂ ਰਾਸ਼ਟਰ ਦੇ ਨਾਅਰੇ ਨਾਲ ਮੁੜ ਸੱਤਾ ਉਪਰ ਕਾਬਜ਼ ਹੋਣ ਦੀ ਤਿਆਰੀ ਨਾਲ ਭਾਜਪਾ ਦਾ ਅਸਲ ਚਿਹਰਾ ਕੀ ਹੈ, ਬਹੁਗਿਣਤੀ ਲੋਕ ਸ਼ਾਇਦ ਨਹੀ ਜਾਣਦੇ। ਵਿੱਤ ਮੰਤਰੀ ਸੀਤਾਰਮਨ ਦੇ ਪਤੀ ਪਰਾਕਲਾ ਪ੍ਰਭਾਕਰ ਜੋ ਇਕ ਉਘੇ ਅਰਥਸਾਸ਼ਤਰੀ ਹਨ ਦਾ ਕਹਿਣਾ ਹੈ ਕਿ ਚੋਣ ਬਾਂਡ ਦਾ ਘੁਟਾਲਾ ਭਾਰਤ ਦਾ ਨਹੀ ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਘੁਟਾਲਾ ਹੈ। ਅਗਰ ਲੋਕ ਇਸ ਘੁਟਾਲੇ ਦੀ ਅਸਲੀਅਤ ਜਾਣ ਜਾਂਦੇ ਹਨ ਤਾਂ ਭਾਜਪਾ ਨੂੰ ਇਸਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ। ਪਰ ਸਵਾਲ ਹੈ ਕਿ ਕੀ ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਧਿਰਾਂ ਇਸ ਵੱਡੇ ਘੁਟਾਲੇ ਨੂੰ ਆਮ ਲੋਕਾਂ ਦਾ ਮੁੱਦਾ ਬਣਾਉਣ ਵਿਚ ਸਫਲ ਹੋ ਪਾਉਣਗੀਆਂ ??