Headlines

ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਤਿਹਾੜ ਜੇਲ ਭੇਜਿਆ

ਨਵੀਂ ਦਿੱਲੀ, 1 ਅਪਰੈਲ ( ਦਿਓਲ)-

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਬਕਾਰੀ ਨੀਤੀ ਘੁਟਾਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਦੀ ਮਿਆਦ ਪੂਰੀ ਹੋਣ ਮਗਰੋਂ  ਇੱਥੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਉਨ੍ਹਾਂ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਆਮ ਆਦਮੀ ਪਾਰਟੀ (ਆਪ) ਦੇ ਮੁਖੀ ਕੇਜਰੀਵਾਲ ਨੂੰ ਖਚਾਖਚ ਭਰੀ ਅਦਾਲਤ ਵਿੱਚ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਪੇਸ਼ ਕੀਤਾ ਗਿਆ। ਈਡੀ ਨੇ ਅਦਾਲਤ ਤੋਂ ਕੇਜਰੀਵਾਲ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦੀ ਮੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਜਾਂਚ ਵਿੱਚ ਬਿਲਕੁਲ ਸਹਿਯੋਗ ਨਹੀਂ ਕਰ ਰਹੇ।

ਇਸ ਦੌਰਾਨ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਲਿਆਂਦਾ ਗਿਆ। ਜੇਲ੍ਹ ਦੇ ਅਧਿਕਾਰੀ ਨੇ ਦੱਸਿਆ, ‘ਉਨ੍ਹਾਂ ਨੂੰ ਤਿਹਾੜ ਜੇਲ੍ਹ ਲਿਆਂਦਾ ਗਿਆ ਅਤੇ ਜੇਲ੍ਹ ਨੰਬਰ 2 ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਲਿਜਾਇਆ ਗਿਆ। ਉਨ੍ਹਾਂ ਨੂੰ ਵੱਖਰੇ ਸੈੱਲ ਵਿੱਚ ਰੱਖਿਆ ਜਾਵੇਗਾ।’ ਆਮ ਆਦਮੀ ਪਾਰਟੀ (ਆਪ) ਦੇ ਆਗੂ ਸੰਜੇ ਸਿੰਘ, ਜਿਸ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਇਸੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਪਹਿਲਾਂ ਜੇਲ੍ਹ ਨੰਬਰ 2 ਵਿੱਚ ਰੱਖਿਆ ਗਿਆ ਸੀ ਪਰ ਹਾਲ ਹੀ ਵਿੱਚ ਉਸ ਨੂੰ ਜੇਲ੍ਹ ਨੰਬਰ 5 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।