ਤਰਨ ਤਾਰਨ ( ਜੋਸ਼ੀ )-ਤਰਨ ਤਾਰਨ ਤੋਂ ਆਪ ਦੀ ਤਰਫੋਂ ਚੋਣ ਲੜ ਚੁੱਕੇ ਕੌਮਾਂਤਰੀ ਪਹਿਲਵਾਨ ਕਰਤਾਰ ਸਿੰਘ ਸੁਰਸਿੰਘ ਅਤੇ ਉਸ ਦੇ ਸਾਥੀਆਂ ’ਤੇ ਕੁਝ ਲੋਕਾਂ ਵਲੋਂ ਹਮਲਾ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪਹਿਲਵਾਨ ਕਰਤਾਰ ਸਿੰਘ ਵਾਸੀ ਪਿੰਡ ਸੁਰਸਿੰਘ ਦਾ ਖੇਮਕਰਨ ਤੋਂ ਵਿਧਾਇਕ ਸਰਵਣ ਸਿੰਘ ਧੁੰਨ ਦੇ ਸਮਰਥਕ ਕਾਰਜ ਸਿੰਘ ਡਲੀਰੀ ਨਾਲ ਇੱਕ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਰੇੜਕਾ ਚੱਲ ਰਿਹਾ ਹੈ। ਅੱਜ ਕਰਤਾਰ ਸਿੰਘ ਇਸੇ ਮਾਮਲੇ ਸਬੰਧੀ ਕਸਬਾ ਭਿੱਖੀਵਿੰਡ ਗਿਆ ਸੀ, ਜਿੱਥੇ ਦੋਵਾਂ ਧਿਰਾਂ ਦਰਮਿਆਨ ਤਕਰਾਰ ਹੋ ਗਈ। ਇਸ ਮੌਕੇ ਦੂਜੀ ਧਿਰ ਨੇ ਪਹਿਲਵਾਨ ਤੇ ਉਸ ਦੇ ਸਾਥੀਆਂ ’ਤੇ ਹਮਲਾ ਕਰ ਦਿੱਤਾ,ਜਿਸ ਵਿੱਚ ਉਹ ਜ਼ਖ਼ਮੀ ਹੋ ਗਏ। ਇਸ ਮਾਮਲੇ ਬਾਰੇ ਐੱਸ ਪੀ (ਇਨਵੈਸਟੀਗੇਸ਼ਨ) ਅਜੇਰਾਜ ਸਿੰਘ ਨੇ ਕਿਸੇ ਕਿਸਮ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ| ਇਸ ਮੌਕੇ ਹੋਏ ਝਗੜੇ ਵਿਚ ਦੋਵਾਂ ਧਿਰਾਂ ਦੇ ਕਰੀਬ 10 ਜਣਿਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ|