Headlines

ਕੈਨੇਡਾ ਦੇ ਹਿੰਦੂ ਭਾਈਚਾਰੇ ਨੇ ਟਰੂਡੋ ਨੂੰ ਪੱਤਰ ਲਿਖਕੇ ਭਾਈਚਾਰੇ ਦੀ ਸੁਰੱਖਿਆ ਤੇ ਚਿੰਤਾ ਪ੍ਰਗਟਾਈ

ਸੁੱਖ ਧਾਲੀਵਾਲ ਵਲੋਂ ਪੇਸ਼ ਮਤੇ ਨੂੰ ਖਤਰਨਾਕ ਦੱਸਿਆ-

ਵਿੰਨੀਪੈਗ (ਸੁਰਿੰਦਰ ਮਾਵੀ)-

ਕੈਨੇਡਾ ਦੇ ਹਿੰਦੂ ਭਾਈਚਾਰੇ ਦੇ ਇੱਕ ਸੰਗਠਨ ਨੇ ਕਿਹਾ ਹੈ ਕਿ ਉਹ ਇਸ ਦੇਸ਼ ਵਿੱਚ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਹਨ। ਪ੍ਰਧਾਨ ਮੰਤਰੀ ਟਰੂਡੋ ਨੂੰ ਲਿਖੇ ਇੱਕ ਪੱਤਰ ਵਿੱਚ ਹਿੰਦੂ ਫੋਰਮ ਕੈਨੇਡਾ (ਐੱਚ ਐੱਫ ਸੀ) ਨੇ ਕਿਹਾ ਕਿ ਹਿੰਦੂ ਭਾਈਚਾਰਾ ਆਪਣੇ ਭਰਪੂਰ ਯੋਗਦਾਨ ਦੇ ਬਾਵਜੂਦ ਦੇਸ਼ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦਾ। ਹਿੰਦੂ ਫੋਰਮ ਨੇ ਕਿਹਾ ਕਿ ਸੰਸਦ ਮੈਂਬਰ ਸੁੱਖ ਧਾਲੀਵਾਲ ਵੱਲੋਂ ਪੇਸ਼ ਮਤੇ ਤੋਂ ਕਾਫ਼ੀ ਨਿਰਾਸ਼ਾ ਹੋਈ ਹੈ। ਇਸ ਮਤੇ ਵਿੱਚ ਕੈਨੇਡਿਆਈ ਧਰਤੀ ’ਤੇ ਸਿਆਸੀ ਦਖ਼ਲ, ਹਿੰਸਾ ਅਤੇ ਧਮਕੀ ਲਈ ਭਾਰਤ, ਚੀਨ, ਰੂਸ, ਇਰਾਨ ਅਤੇ ਕੁਝ ਹੋਰ ਦੇਸ਼ਾਂ ਦਾ ਨਾਮ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਤੇ ਦਾ ਪਾਸ ਹੋਣਾ ‘ਖ਼ਤਰਨਾਕ ਮਿਸਾਲ’ ਹੈ। ਉਨ੍ਹਾਂ ਪੱਤਰ ਵਿੱਚ ਕਿਹਾ, ‘‘ਧਾਲੀਵਾਲ ਦੀਆਂ ਕਾਰਵਾਈਆਂ ਸ਼ਾਂਤੀ ਜਾਂ ਮਾਮਲੇ ਨੂੰ ਸਮਝਣ ਦੀ ਬਜਾਏ ਹਿੰਦੂ-ਵਿਰੋਧੀ ਅਤੇ ਭਾਰਤ-ਵਿਰੋਧੀ ਭਾਈਚਾਰਿਆਂ ਖ਼ਿਲਾਫ਼ ਸਮਰਥਨ ਪ੍ਰਾਪਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸਿਆਸੀ ਰਣਨੀਤੀ ਤੋਂ ਪ੍ਰੇਰਿਤ ਜਾਪਦੀਆਂ ਹਨ।’’ ਹਿੰਦੂ ਧਰਮ ਕੈਨੇਡਾ ਵਿੱਚ ਤੀਜਾ ਸਭ ਤੋਂ ਵੱਡਾ ਧਰਮ ਹੈ। ਐੱਚਐੱਫਸੀ ਨੇ ਪੱਤਰ ਵਿੱਚ ਲਿਖਿਆ, ‘‘ਅਸੀਂ ਕੈਨੇਡਾ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਸਾਡਾ ਭਾਈਚਾਰਾ ਕੈਨੇਡਾ ਵਿੱਚ ਕਥਿਤ ਵਿਦੇਸ਼ੀ (ਭਾਰਤ) ਦਖ਼ਲ ਨੂੰ ਲੈ ਕੇ ਚੱਲ ਰਹੇ ਸਿਆਸੀ ਵਿਵਾਦਾਂ ਵਿੱਚ ਸੁਰੱਖਿਆ ਬਾਰੇ ਡੂੰਘੀ ਚਿੰਤਾ ਪ੍ਰਗਟ ਕਰਦਾ ਹੈ।’’ ਉਨ੍ਹਾਂ ਕਿਹਾ ਕਿ ਉਹ ਕੈਨੇਡਾ ਵਿੱਚ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀਆਂ ਟਿੱਪਣੀਆਂ ਤੋਂ ਕਾਫ਼ੀ ਦੁਖੀ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੈਨੇਡਿਆਈ ਅਧਿਕਾਰੀਆਂ ਵੱਲੋਂ ਉਨ੍ਹਾਂ ਦੀਆਂ ਚਿੰਤਾਵਾਂ ਵੱਲ ਧਿਆਨ ਨਹੀਂ ਦਿੱਤਾ ਗਿਆ।