Headlines

ਸੰਪਾਦਕੀ-ਕੈਨੇਡੀਅਨ ਰਾਜਨੀਤੀ ਵਿਚ ਵਿਦੇਸ਼ੀ ਦਖਲ ਬਾਰੇ ਜਾਂਚ….

ਸਾਬਕਾ ਕੰਸਰਵੇਟਿਵ ਆਗੂ ਦਾ ਗੰਭੀਰ ਖੁਲਾਸਾ ਤੇ ਹੋਰ ਸਵਾਲ…

-ਸੁਖਵਿੰਦਰ ਸਿੰਘ ਚੋਹਲਾ—

ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲ ਅੰਦਾਜੀ ਦਾ ਮੁੱਦਾ ਬਹੁਤ ਹੀ ਗੰਭੀਰ ਹੈ। ਪਿਛਲੇ ਕੁਝ ਸਮੇਂ ਤੋਂ ਇਸ ਮੁੱਦੇ ਨੂੰ ਲੈਕੇ ਵਿਰੋਧੀ ਧਿਰਾਂ ਕਾਫੀ ਸਰਗਰਮ ਰਹੀਆਂ ਅਤੇ ਸਦਨ ਵਿਚ ਇਸ ਮੁੱਦੇ ਨੂੰ ਲੈਕੇ ਭਾਰੀ ਸ਼ੋਰ ਸ਼ਰਾਬਾ ਪੈਂਦਾ ਰਿਹਾ। ਕੈਨੇਡੀਅਨ ਸੰਸਦ ਵਿਚ ਮੁੱਖ ਵਿਰੋਧੀ ਕੰਸਰਵੇਟਿਵ ਦੇ ਨਾਲ ਬਲਾਕ ਕਿਊਬੈਕ ਅਤੇ ਸਰਕਾਰ ਵਿਚ ਭਾਈਵਾਲ ਐਨ ਡੀ ਪੀ ਵਲੋਂ ਵੀ ਇਸ ਮੁੱਦੇ ਦੀ ਜਨਤਕ ਜਾਂਚ ਦੀ ਮੰਗ ਉਪਰੰਤ ਸਰਕਾਰ ਵਲੋਂ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜੀ ਦੀ ਜਾਂਚ ਕਰ ਰਹੇ ਜਸਟਿਸ ਮੈਰੀ ਜੋਸ ਹੋਗ ਦੀ ਅਗਵਾਈ ਵਾਲੇ ਕਮਿਸ਼ਨ ਵਲੋਂ ਪਿਛਲੇ ਹਫਤੇ ਤੋਂ ਸਿਆਸੀ ਆਗੂਆਂ ਅਤੇ ਜਨਤਕ ਸੰਸਥਾਵਾਂ ਦੇ ਪ੍ਰਤੀਨਿਧਾਂ ਦੀਆਂ ਗਵਾਹੀਆਂ ਲਈਆਂ ਜਾ ਰਹੀਆਂ ਹਨ। ਕਮਿਸ਼ਨ ਸਾਹਮਣੇ ਹੁਣ ਤੱਕ ਡਾਇਸਪੋਰਾ ਪ੍ਰਤੀਨਿਧਾਂ, ਸਿਆਸੀ ਆਗੂਆਂ ਤੇ ਪ੍ਰਭਾਵਿਤ ਆਗੂਆਂ ਵਲੋਂ ਗਵਾਹੀਆਂ ਦਿੱਤੀਆਂ ਗਈਆਂ ਹਨ। ਇਹ ਗਵਾਹੀਆਂ ਦਾ ਸਿਲਸਲਾ 10 ਅਪ੍ਰੈਲ ਤੱਕ ਚੱਲਣ ਦੀ ਉਮੀਦ ਹੈ ਤੇ ਅਗਲੇ ਹਫਤੇ ਪ੍ਰਧਾਨ ਮੰਤਰੀ, ਜਨਤਕ ਸੁਰੱਖਿਆ ਮੰਤਰੀ ਤੇ ਹੋਰ ਅਹਿਮ ਹਸਤੀਆਂ ਦੇ ਵੀ ਕਮਿਸ਼ਨ ਅੱਗੇ ਪੇਸ਼ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਕਮਿਸ਼ਨ ਵਲੋਂ 3 ਮਈ ਨੂੰ ਆਪਣੀ ਸ਼ੁਰੂਆਤੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਇਸ ਉਪਰੰਤ ਕਮਿਸ਼ਨ ਤੇ ਸਿੱਟੇ ਤੇ ਸਿਫਾਰਸ਼ਾਂ ਸਾਲ ਦੇ ਅੰਤ ਤੱਕ ਸਾਹਮਣੇ ਆ ਸਕਦੇ ਹਨ।

ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲ ਅੰਦਾਜੀ ਦੇ ਮੁੱਦੇ ਉਪਰ ਵਿਦੇਸ਼ੀ ਮੁਲਕ ਚੀਨ, ਰੂਸ, ਭਾਰਤ ਤੇ ਈਰਾਨ ਦੀ ਖੁਫੀਆ ਭੂਮਿਕਾ ਨੂੰ ਲੈਕੇ ਕਾਫੀ ਹੋ ਹੱਲਾ ਹੈ। ਪਰ ਇਹਨਾਂ ਸਭ ਮੁਲਕਾਂ ਤੋਂ ਸਭ ਤੋਂ ਵਧੇਰੇ ਸਿਆਸੀ ਦਖਲ ਅੰਦਾਜੀ ਚੀਨ ਦੀ ਭੂਮਿਕਾ ਬਾਰੇ ਹੈ। ਪਿਛਲੇ ਸਮੇਂ ਦੌਰਾਨ ਚੀਨੀ ਮੂਲ ਦੇ ਕੰਸਰਵੇਟਿਵ ਐਮ ਪੀ ਮਾਈਕਲ ਚਾਂਗ, ਲਿਬਰਲ ਕਾਕਸ ਛੱਡ ਚੁੱਕੇ ਐਮ ਪੀ ਹੈਨ ਡੌਂਗ ਤੇ ਐਨ ਡੀ ਪੀ ਦੀ ਐਮ ਪੀ ਜੈਨੀ ਕੁਵਾਨ ਵਲੋਂ ਚੀਨੀ ਦਖਲਅੰਦਾਜੀ ਦੇ ਦੋਸ਼ ਲਗਾਉਣ ਤੇ ਉਹਨਾਂ ਸਮੇਤ ਉਹਨਾਂ ਦੇ ਪਰਿਵਾਰਾਂ ਨੂੰ ਡਰਾਉਣ ਧਮਕਾਉਣ ਵਰਗੇ ਇਲਜਾਮ ਸਾਹਮਣੇ ਆਉਣ ਉਪਰੰਤ ਇਹਨਾਂ ਆਗੂਆਂ ਵਲੋਂ ਹੁਣ ਕਮਿਸ਼ਨ ਸਾਹਮਣੇ ਵੀ ਆਪਣੀ ਗਵਾਹੀਆਂ ਦਰਜ ਕਰਵਾਈਆਂ ਗਈਆਂ ਹਨ। ਪਰ ਇਸ ਦੌਰਾਨ ਸਾਬਕਾ ਕੰਸਰਵੇਟਿਵ ਆਗੂ ਐਰਿਨ ਉਟੂਲ ਨੇ ਆਪਣੀ ਗਵਾਹੀ ਦੌਰਾਨ ਜੋ ਖੁਲਾਸਾ ਕੀਤਾ ਹੈ, ਉਹ ਬਹੁਤ ਹੀ ਗੰਭੀਰ ਤੇ ਚੌਂਕਾ ਦੇਣ ਵਾਲਾ ਹੈ। ਐਰਿਨ ਉਟੂਲ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਪਿਛਲੀਆਂ 2021 ਦੀਆਂ ਚੋਣਾਂ ਦੌਰਾਨ ਜਦੋਂ ਕੰਸਰਵੇਟਿਵ ਦੀ ਚੋਣ ਮੁਹਿੰਮ ਪੂਰੇ ਸਿਖਰ ਤਾਂ ਸੀ ਉਹਨਾਂ ਖਿਲਾਫ ਅਜਿਹਾ ਪ੍ਰਚਾਰ ਕੀਤਾ ਗਿਆ ਕਿ ਜਿਵੇਂ ਕੰਸਰਵੇਟਿਵ, ਚੀਨ ਵਿਰੋਧੀ ਹੈ ਤੇ ਉਹ ਚੀਨ ਨਾਲ ਚੰਗੇਰੇ ਸਬੰਧਾਂ ਦੇ ਹਾਮੀ ਨਹੀ ਹਨ। ਇਸ ਕੂੜ ਪ੍ਰਚਾਰ ਲਈ ਚੀਨੀ ਐਪ ਵੀਚੈਟ ਅਤੇ ਟਿਕਟੌਕ ਦਾ ਖੁਲਕੇ ਇਸਤੇਮਾਲ ਕੀਤਾ ਗਿਆ। ਇਸ ਗਲਤ ਪ੍ਰਚਾਰ ਰਾਹੀ ਕੰਸਰਵੇਟਿਵ ਪਾਰਟੀ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ 2021 ਦੀਆਂ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਦੇ 9 ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਉਹਨਾਂ ਕਿਹਾ ਕਿ ਸਰਵੇ ਰਿਪੋਰਟਾਂ ਮੁਤਾਬਿਕ ਅਤੇ ਉਹਨਾਂ ਦੀ ਪਾਰਟੀ ਦੀ ਚੋਣ ਮੁਹਿੰਮ ਨੂੰ ਹੁੰਗਾਰੇ ਤੋਂ ਇਹ ਸਪੱਸ਼ਟ ਸੀ ਕੰਸਰਵੇਟਿਵ ਘੱਟੋ ਘੱਟ 127 ਸੀਟਾਂ ਜਿਤੇਗੀ ਪਰ ਪਾਰਟੀ ਕੇਵਲ 119 ਸੀਟਾਂ ਤੱਕ ਸਿਮਟ ਗਈ। ਕਮਿਸ਼ਨ ਸਾਹਮਣੇ ਦਿੱਤੇ ਬਿਆਨ ਵਿਚ ਓਟੂਲ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਭਰੋਸਾ ਨਹੀਂ ਸੀ ਕਿ ਚੀਨ ਦੀ  ਦਖਲਅੰਦਾਜ਼ੀ ਵੋਟਾਂ ਦੇ ਨਤੀਜੇ ਬਦਲ ਦੇਵੇਗੀ। ਇਸ ਦਖਲਅੰਦਾਜੀ ਕਾਰਣ ਲਿਬਰਲ ਘੱਟਗਿਣਤੀ ਸਰਕਾਰ ਹੋਂਦ ਵਿਚ ਆਈ। ਇਸ ਦਖਲਅੰਦਾਜ਼ੀ ਨਾਲ ਕੁਝ ਹਲਕਿਆਂ ਵਿਚ ਵੋਟਰ ਪ੍ਰਭਾਵਤ ਹੋਏ। ਚੋਣ ਕਮਿਸ਼ਨ ਅਤੇ ਕੈਨੇਡੀਅਨ ਏਜੰਸੀਆਂ ਨੂੰ ਇਸ ਬਾਰੇ ਜਾਣਕਾਰੀ ਸੀ ਪਰ ਉਹਨਾਂ ਨੇ ਕਦੇ ਵੀ ਜਨਤਾ ਜਾਂ ਸਿਆਸੀ ਪਾਰਟੀਆਂ ਨੂੰ ਇਸ ਬਾਰੇ ਚੌਕਸ ਨਹੀ ਕੀਤਾ। ਕੈਨੇਡੀਅਨ ਸਕਿਉਰਟੀ ਐਂਡ ਇੰਟੈਲੀਜੈਂਸ ਥਰੈਟਸ ਇਲੈਕਸ਼ਨ ਟਾਸਕ ਫੋਰਸ ਜਿਸ ਨੂੰ ‘ਸਾਈਟ’ ਕਰਕੇ ਜਾਣਿਆਂ  ਜਾਂਦਾ ਹੈ, ਵਲੋਂ ਆਪਣੇ ਦਸਤਾਵੇਜਾਂ ਵਿਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਕਿ ਚੀਨੀ ਭਾਸ਼ਾ ਵਾਲੀ ਸੋਸ਼ਲ ਮੀਡੀਆ ਐਪ ਵੀਚੈਟ ਇਹ ਬਿਰਤਾਂਤ ਸਾਂਝਾ ਕਰ ਰਹੀ ਸੀ ਕਿ ਓਟੂਲ ਤਾਂ ਚੀਨ ਨਾਲੋਂ ਕੂਟਨੀਤਕ ਸਬੰਧ ਤੋੜਨਾ ਚਾਹੁੰਦੇ ਹਨ ਅਤੇ ਕੁਝ ਮੀਡੀਆ ਟਿਪਣੀਆਂ ਵਿਚ ਕਿਹਾ ਗਿਆ ਕਿ ਚੀਨੀ ਲੋਕ ਕੈਨੇਡੀਅਨ ਕੰਸਰਵੇਟਿਵ ਪਲੇਟਫਾਰਮ ਤੋਂ ਡਰੇ ਹੋਏ ਹਨ

ਕਮਿਸ਼ਨ ਸਾਹਮਣੇ ਚੀਨੀ ਮੂਲ ਦੇ ਐਮ ਪੀ ਹੈਨ ਡੌਂਗ ਵਲੋਂ ਆਪਣੀ ਨੌਮੀਨੇਸ਼ਨ ਚੋਣ ਸਮੇਂ ਚੀਨੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਹਾਇਤਾ ਲੈਣ ਅਤੇ ਕੈਨੇਡਾ ਵਿਚ ਚੀਨੀ ਕੌਂਸਲ ਜਨਰਲ ਨੂੰ  ਦੋ ਕੈਨੇਡੀਅਨ ਡਿਪਲੋਮੈਟਾਂ ਦੀ ਚੀਨ ਦੀ ਜੇਲ ਚੋ ਰਿਹਾਈ ਦੇ ਸਬੰਧ ਵਿਚ ਦੋਵਾਂ ਮੁਲਕਾਂ ਦੇ ਸਬੰਧਾਂ ਉਪਰ ਅਸਰਅੰਦਾਜ਼ ਹੋਣ ਦੀਆਂ ਸਲਾਹਾਂ ਦੇਣ, ਕੰਸਰਵੇਟਿਵ ਐਮ ਪੀ ਮਾਈਕਲ ਚਾਂਗ ਵਲੋ ਊਗਰ ਕਮਿਊਨਿਟੀ ਦਾ ਮੁੱਦਾ ਉਠਾਉਣ ਕਾਰਣ ਚੀਨ ਸਰਕਾਰ ਤੋਂ ਧਮਕੀਆਂ ਮਿਲਣ, ਵੈਨਕੂਵਰ ਤੋਂ ਐਨ ਡੀ ਪੀ ਦੀ ਐਮ ਪੀ ਜੈਨੀ ਕੁਆਨ ਵਲੋਂ ਹਾਂਗਕਾਂਗ ਵਿਚ ਜਮਹੂਰੀ ਜਥੇਬੰਦੀਆਂ ਦੀ ਹਮਾਇਤ ਕਾਰਣ ਖਤਰੇ ਦੀ ਚੇਤਾਵਨੀ ਆਦਿ ਵਿਦੇਸ਼ੀ ਦਖਲ ਅੰਦਾਜੀ ਦੇ ਗੰਭੀਰ ਮੁੱਦੇ ਹਨ ਪਰ ਇਹਨਾਂ ਸਭ ਤੋਂ ਉਪਰ ਸਾਬਕਾ ਕੰਸਰਵੇਟਿਵ ਆਗੂ ਵਲੋਂ ਚੀਨੀ ਦਖਲਅੰਦਾਜੀ ਕਾਰਣ 9 ਸੀਟਾਂ ਹਾਰ ਜਾਣ ਦਾ ਖੁਲਾਸਾ ਇਹ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਕੀ ਕਿਸੇ ਵਿਦੇਸ਼ੀ ਸਰਕਾਰ ਦਾ ਖੁਫੀਆ ਤੰਤਰ ਕੈਨੇਡਾ ਵਰਗੇ ਜਮਹੂਰੀ ਮੁਲਕ ਦੀ ਰਾਜਸੱਤਾ ਤਬਦੀਲੀ ਵਿਚ ਵੀ ਕੋਈ ਛੜਯੰਤਰ ਰਚ ਸਕਦਾ ਹੈ?

ਇਸੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਬਕਾ ਕੰਸਰਵੇਟਿਵ ਆਗੂ ਵਲੋਂ ਕਮਿਸ਼ਨ ਸਾਹਮਣੇ ਦਿੱਤੀ ਗਵਾਹੀ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਕਿਸੇ ਪਾਰਟੀ ਦੇ ਹਾਰਨ ਜਾਂ ਜਿੱਤਣ ਦੇ ਹੋਰ ਵੀ ਕਈ ਕਾਰਣ ਹੋ ਸਕਦੇ ਹਨ। ਉਹਨਾਂ ਹੋਰ ਕਿਹਾ ਕਿ ਕੈਨੇਡੀਅਨ ਏਜੰਸੀਆਂ ਅਤੇ ਚੋਣ ਕਮਿਸ਼ਨ ਦੇ ਅਧਿਕਾਰੀ ਸੰਸਦ ਸਾਹਮਣੇ ਪਹਿਲਾਂ ਹੀ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਸਾਲ 2019 ਅਤੇ 2021 ਦੀਆਂ ਚੋਣਾਂ ਪੂਰੀ ਤਰਾਂ  ਨਿਰਪੱਖ ਤੇ ਆਜਾਦ ਸਨ।

ਕੈਨੇਡੀਅਨ ਰਾਜਨੀਤੀ ਵਿਚ ਵਿਦੇਸ਼ੀ ਦਖਲਅੰਦਾਜੀ ਬਾਰੇ ਜਾਂਚ ਵਿਚ ਕਮਿਸ਼ਨ ਸਾਹਮਣੇ ਕੇਵਲ ਚੋਣਾਂ ਨੂੰ ਆਧਾਰ ਬਣਾਉਣਾ ਹੀ ਸ਼ਾਇਦ ਕਾਫੀ ਨਹੀ ਹੈ। ਇਸਤੋਂ ਕੌਣ ਇਨਕਾਰੀ ਹੋ ਸਕਦਾ ਹੈ ਕਿ ਕੈਨੇਡਾ ਦੀ ਧਰਤੀ ਉਪਰ ਰਾਜਨੀਤੀ ਵਿਚ ਭਾਗ ਲੈਣ ਵਾਲੇ ਪਰਵਾਸੀ ਮੂਲ ਦੇ ਹਰ ਆਗੂ ਅਤੇ ਉਹਨਾਂ ਨਾਲ ਜੁੜੇ ਸਮਰਥਕ  ਆਪੋ ਆਪਣੇ ਢੰਗ ਤਰੀਕੇ ਨਾਲ ਆਪਣੇ ਸਰੋਤਾਂ ਦਾ ਇਸਤੇਮਾਲ ਕਰਦੇ ਹਨ। ਜੇ ਚੀਨੀ ਮੂਲ ਦੇ ਕੈਨੇਡੀਅਨ ਆਗੂ ਚੀਨੀ ਮੂਲ ਦੇ ਵਿਦਿਆਰਥੀਆਂ ਜਾਂ ਲੋਕਾਂ ਨੂੰ ਆਪਣੀ ਨੌਮੀਨੇਸ਼ਨ ਜਾਂ ਹੋਰ ਸਿਆਸੀ ਫਾਇਦੇ ਲਈ ਵਰਤਦੇ ਹਨ ਤਾਂ ਉਸ ਮਾਮਲੇ ਵਿਚ ਭਾਰਤੀ, ਰੂਸੀ, ਯੂਕਰੇਨੀ, ਫਿਲਪੀਨੀ ਜਾਂ ਹੋਰ ਕੋਈ ਵੀ ਡਾਇਸਪੋਰਾ ਗਰੁੱਪ ਕਿਸੇ ਤੋਂ ਭਿੰਨ ਨਹੀਂ। ਪਿਛਲੇ ਸਮੇਂ ਦੌਰਾਨ ਭਾਰਤ ਅਤੇ ਪੰਜਾਬ ਵਿਚ ਇਕ ਸਿਆਸੀ ਪਾਰਟੀ ਦੀ ਮਦਦ ਲਈ ਜਦੋਂ ਪਰਵਾਸੀ ਪੰਜਾਬੀਆਂ ਦੇ ਜਹਾਜ ਭਰ ਭਰਕੇ ਪੁੱਜੇ ਸਨ, ਤਾਂ ਉਸਨੂੰ ਕੀ ਕਿਹਾ ਜਾਵੇਗਾ ? ਜਦੋਂ ਇਕ ਖਾਲਿਸਤਾਨੀ ਆਗੂ ਵਲੋਂ ਭਾਰਤ ਦੀ ਇਕ ਸਿਆਸੀ ਪਾਰਟੀ ਤੇ ਆਗੂ ਉਪਰ ਸਾਲ 2014 ਤੋਂ 2022 ਤੱਕ 16 ਮਿਲੀਅਨ ਅਮਰੀਕੀ ਡਾਲਰ ( ਲਗਪਗ 134 ਕਰੋੜ ਰੁਪਏ) ਦਾ ਫੰਡ ਬਟੋਰਨ ਦੇ ਦੋਸ਼ ਲਗਾਏ ਜਾਂਦੇ ਹਨ, ਤਾਂ ਵਿਦੇਸ਼ੀ ਦਖਲਅੰਦਾਜੀ ਦੇ ਅਰਥ ਕੀ ਹੋਣਗੇ ?

 ਕੈਨੇਡਾ ਵਿਚ ਕਿਊਂਕਿ ਪਰਵਾਸੀਆਂ ਦੀ ਵੱਡੀ ਗਿਣਤੀ ਆਬਾਦ ਹੈ। ਉਹਨਾਂ ਦੇ ਆਪਣੇ ਪਿੱਤਰੀ ਮੁਲਕਾਂ ਨਾਲ ਗੂੜੇ ਸਮਾਜਿਕ ਤੇ ਜ਼ਮੀਨੀ ਰਿਸ਼ਤੇ ਹਨ। ਕੈਨੇਡੀਅਨ ਚੋਣ ਪ੍ਰਕਿਰਿਆ ਜਾਂ ਸਬੰਧਿਤ ਮੁਲਕਾਂ ਦੀ ਚੋਣ ਰਾਜਨੀਤੀ ਵਿਚ ਆਮ ਲੋਕਾਂ ਦਾ ਦਖਲ ਜਾਂ ਦਿਲਚਸਪੀ ਰਾਜਨੀਤੀ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰਦਾ ਹੈ, ਇਹ ਚਰਚਾ ਦਾ ਵਿਸ਼ਾ ਹੈ। ਪਰ ਇਸ ਦੌਰਾਨ ਕੈਨੇਡੀਅਨ ਧਰਤੀ ਉਪਰ ਕਿਸੇ ਕੈਨੇਡੀਅਨ ਨਾਗਰਿਕ ਨੂੰ ਵਿਦੇਸ਼ੀ ਦਖਲਅੰਦਾਜੀ ਤਹਿਤ ਜਾਨ, ਮਾਲ ਜਾਂ ਪਰਿਵਾਰਕ ਸੁਰੱਖਿਆ ਲਈ ਖਤਰਾ ਪੈਦਾ ਹੋਣਾ ਅਸਲ ਚਿੰਤਾ ਦਾ ਵਿਸ਼ਾ ਹੈ। ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖਲਅੰਦਾਜੀ ਦੀ ਜਾਂਚ ਦੇ ਨਾਲ ਕਮਿਸ਼ਨ ਨੂੰ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਉਪਰ ਆਏ ਹਰਫ ਨੂੰ ਵੀ ਜਾਂਚ ਦੇ ਇਕ ਅਹਿਮ ਪਹਿਲੂ ਵਜੋਂ ਲੈਣ ਦੀ ਲੋੜ ਹੈ।