Headlines

ਪਤਨੀ ਨੂੰ ਜਖਮੀ ਕਰਨ ਤੇ ਭਤੀਜੇ ਦੇ ਕਤਲ ਦੇ ਦੋਸ਼ ਹੇਠ ਐਡਮਿੰਟਨ ਵਾਸੀ ਗਮਦੂਰ ਬਰਾੜ ਨੂੰ ਉਮਰ ਕੈਦ ਦੀ ਸਜ਼ਾ

* 16 ਸਾਲ ਤੱਕ ਨਹੀ ਮਿਲੇਗੀ ਪੈਰੋਲ-
ਐਡਮਿੰਟਨ (ਗੁਰਪ੍ਰੀਤ ਸਿੰਘ)- ਐਡਿਮੰਟਨ ਦੀ ਇਕ ਅਦਾਲਤ ਨੇ ਐਡਮਿੰਟਨ ਸ਼ੇਰਵੁੱਡ ਪਾਰਕ ਚ 3 ਸਾਲ ਪਹਿਲਾਂ ਮਈ 2021 ਵਿਚ ਵਾਪਰੀ ਇਕ ਘਟਨਾ ਜਿਸ ਵਿਚ ਦੋਸ਼ੀ ਵਲੋਂ  ਆਪਣੀ ਪਤਨੀ  ਨੂੰ ਗੋਲੀਆਂ ਮਾਰ ਕੇ ਜਖਮੀ ਅਤੇ ਉਸ ਦੇ ਭਤੀਜੇ ਨੂੰ ਜਾਨੋ ਮਾਰਨ ਦੇ ਕੇਸ ਵਿਚ ਦੋਸ਼ੀ ਗਮਦੂਰ ਬਰਾੜ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਸਜਾ ਦੌਰਾਨ ਦੋਸ਼ੀ ਬਰਾੜ ਨੂੰ 16 ਸਾਲ ਤੱਕ ਪੈਰੋਲ ਨਹੀ ਮਿਲ ਸਕੇਗੀ।

ਦੋਸ਼ੀ  ਬਰਾੜ  ਨੂੰ  ਪੁਲਿਸ ਨੇ 7 ਮਈ, 2021 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਦਾਲਤ ਨੇ  ਇਸ ਕੇਸ ਵਿਚ ਸਤੰਬਰ 2023 ਵਿੱਚ ਉਸਨੂੰ ਕਤਲ ਕਰਨ  ਦਾ ਦੋਸ਼ੀ ਪਾਇਆ ਸੀ।
ਵੇਰਵੇ ਮੁਤਾਬਿਕ ਸ਼ੇਰਵੁੱਡ ਪਾਰਕ ਫਿਊਨਰਲ ਹੋਮ ਦੇ ਮਾਲਕ ਬਰਾੜ ਨੇ ਭਾਰੀ ਆਵਾਜਾਈ ਵਾਲੀ ਇੱਕ ਵਿਅਸਤ ਸੜਕ ‘ਤੇ ਆਪਣੀ ਪਤਨੀ ਅਤੇ ਭਤੀਜੇ ਉਪਰ ਗੋਲੀਆਂ ਚਲਾ ਦਿੱਤੀਆਂ ਸਨ। ਉਸ ਨੂੰ ਕਤਲ ਅਤੇ ਇਰਾਦੇ ਤਹਿਤ ਹਥਿਆਰ ਚਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ।
ਇਸ ਹਮਲੇ ਵਿੱਚ ਪਤਨੀ ਦੇ ਭਤੀਜੇ ਹਰਮਨਜੋਤ ਸਿੰਘ ਭੱਠਲ (19) ਦੀ ਮੌਤ ਹੋ ਗਈ ਸੀ।  ਘਟਨਾ ਸਮੇਂ ਬਰਾੜ ਦੀ ਪਤਨੀ, ਸਤਵੀਰ ਬਰਾੜ, ਹਰਮਨ ਦੀ ਮਿਤਸੁਬਿਸ਼ੀ ਲੈਂਸਰ ਚਲਾ ਰਹੀ ਸੀ ਜਦੋਂ ਬਰਾੜ ਨੇ ਆਪਣੀ ਬੀ ਐਮ ਡਬਲਿਊ ਤੋਂ  ਉਹਨਾਂ ਉਪਰ  ਚਾਰ ਗੋਲੀਆਂ ਚਲਾਈਆਂ।

ਅਦਾਲਤ ਵਿਚ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਗਮਦੂਰ ਬਰਾੜ ਘਟਨਾ ਸਮੇਂ ਡਿਪਰੈਸ਼ਨ ਦਾ ਸ਼ਿਕਾਰ ਸੀ ਪਰ ਅਦਾਲਤ ਨੇ ਇਸ ਘਟਨਾ ਨੂੰ ਬਰਹਿਮੀ ਵਾਲੀ ਤੇ ਲੋਕਾਂ ਵਿਚ ਡਰ ਭੈਅ ਪੈਦਾ ਕਰਨ ਵਾਲੀ ਦੱਸਿਆ ਜਿਸ ਦੌਰਾਨ ਇਕ 19 ਸਾਲ ਦਾ ਨੌਜਵਾਨ ਲੜਕਾ ਮਾਰਿਆ ਗਿਆ ਤੇ ਔਰਤ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਇਸ ਘਟਨਾ ਤੋਂ ਪਹਿਲਾਂ ਗਮਦੂਰ ਬਰਾੜ  ਨੇ ਪੁਲਿਸ ਨੂੰ ਆਪਣੀ ਪਤਨੀ ਦੇ ਗੁੰਮ ਹੋਣ ਦੀ ਇਤਲਾਹ ਦਿੱਤੀ ਸੀ। ਪੁਲਿਸ ਨੇ ਉਸਨੂੰ ਕੁਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ ਸੀ ਜਦੋਂਕਿ ਲਗਪਗ ਅੱਧੇ ਘੰਟੇ ਬਾਦ ਹੀ ਗਮਦੂਰ ਬਰਾੜ ਨੇ ਆਪਣੀ ਪਤਨੀ ਦੀ ਗੱਡੀ ਦਾ ਪਿੱਛਾ ਕਰਦਿਆਂ ਉਹਨਾਂ ਉਪਰ ਗੋਲੀ ਚਲਾ ਦਿੱਤੀ। ਅਦਾਲਤ ਨੇ ਬਚਾਅ ਪੱਖ ਦੇ ਵਕੀਲ ਦੀ ਇਹ ਦਲੀਲ ਨਹੀ ਮੰਨੀ ਕਿ ਇਹ ਘਟਨਾ ਇਕ ਦਮ ਗੁੱਸੇ ਵਿਚ ਵਾਪਰੀ ਜਦੋਂਕਿ ਗਮਦੂਰ ਬਰਾੜ ਨੇ ਇਰਾਦੇ ਤਹਿਤ ਆਪਣੀ ਪਤਨੀ ਦਾ ਪਿੱਛਾ ਕੀਤਾ ਤੇ ਉਸਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਵਿਚ ਉਸਦਾ ਨੌਜਵਾਨ ਭਤੀਜਾ ਮਾਰਿਆ ਗਿਆ।