ਸ੍ਰੀ ਦਮਦਮਾ ਸਾਹਿਬ:- 12 ਅਪ੍ਰੈਲ – ਦਸਮ ਪਾਤਸ਼ਾਹ ਵੱਲੋਂ ਵਿਸਾਖੀ ਦਿਹਾੜੇ ਤੇ ਖਾਲਸੇ ਦੀ ਸਾਜਨਾ ਇਸ ਧਰਤੀ ਤੇ ਨਵੇਕਲਾ ਇਨਕਲਾਬ ਸੀ। ਇਸ ਚਮਤਕਾਰੀ ਵਿਸਾਖੀ ਦਿਹਾੜੇ ਦੀ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦੇਂਦਿਆਂ ਨਿਹੰਗ ਸਿੰਘਾਂ ਦੀ ਸਿਰਮੌਰ ਮੁੱਖ ਸੰਸਥਾ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਨੇ ਸਮੁੱਚੀ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸਾਹਿਬ-ਏ-ਕਮਾਲ, ਸਰਬੰਸਦਾਨੀ, ਬਾਦਸ਼ਾਹ-ਦਰਵੇਸ਼ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ, ਨੂਰਾਨੀ, ਇਨਕਲਾਬੀ ਅਤੇ ਕ੍ਰਾਂਤੀਕਾਰੀ ਸ਼ਖ਼ਸੀਅਤ ਦਾ ਦੁਨੀਆਂ ਵਿਚ ਕੋਈ ਸਾਨੀ ਨਹੀਂ। ਉਨ੍ਹਾਂ ਦਾ ਸਾਰਾ ਜੀਵਨ ਸਬਰ, ਸਿਦਕ, ਸਹਿਜ, ਦ੍ਰਿੜ੍ਹਤਾ ਅਤੇ ਸਾਹਸ ਨਾਲ ਭਰਪੂਰ ਅਚੰਭਿਤ ਕਰ ਦੇਣ ਵਾਲਾ ਹੈ। ਦਸਮ ਪਾਤਸ਼ਾਹ ਜੀ ਨੇ ਵਿਸਾਖੀ ਦਿਹਾੜੇ ਤੇ ‘ਖਾਲਸਾ-ਪੰਥ’ ਸਾਜ ਕੇ ਇਸ ਧਰਤੀ ਉੱਪਰ ਇਕ ਨਵੇਂ ਇਨਕਲਾਬ ਦਾ ਆਗ਼ਾਜ਼ ਕੀਤਾ।