ਲੇਖਕ: ਪ੍ਰੋ: ਬਾਬਾ ਨਿਰਮਲ ਸਿੰਘ ਰੰਧਾਵਾ-ਛੇਹਰਟਾ
Cell-9988066466 —
ਹਾਕੀ ਦੇ ਕੌਮਾਂਤਰੀ ਖਿਡਾਰੀ, ਖੇਡ ਪ੍ਰਮੋਟਰ ਅਤੇ ਕਾਲੇ ਪਿੰਡ ਦੇ ਸਾਬਕਾ ਸਰਪੰਚ ਹਰਚਰਨ ਸਿੰਘ ਸੰਧੂ (65) ਪਿਛਲੇ ਦਿਨੀ 22 ਮਾਰਚ 2024 ਨੂੰ ਅਕਾਲ ਚਲਾਣਾ ਕਰ ਗਏ ਹਨ । ਆਪ ਜੀ ਦੀ ਅੰਤਿਮ ਅਰਦਾਸ 31 ਮਾਰਚ ਨੂੰ ਗੁ: ਛੇਵੀਂ ਪਾਤਸ਼ਾਹੀ ਏ-ਬਲਾਕ ਰਣਜੀਤ ਐਵੇਨਿਊ ਅੰਮ੍ਰਿਤਸਰ ਵਿਖੇ ਹੋਈ ।
*
*ਪਿੰਡ ਦੀ ਸਰਪੰਚੀ ਸੇਵਾ ਭਾਵਨਾ ਕਰਕੇ ‘ਟੋਨੀ ਸਰਪੰਚ’ ਦੇ ਨਾਮ ਨਾਲ ਹੋਏ ਪ੍ਰਸਿੱਧ-
ਜਵਾਨੀ ਵਿੱਚ ਹੀ ਆਪ ਨੂੰ ਪਿੰਡ ਕਾਲਿਆਂ ਦਾ ਸਰਪੰਚ ਬਣਨ ਦਾ ਮਾਣ ਮਿਲਿਆ । ਪਿੰਡ ਦੀ ਸਰਪੰਚੀ ਕਰਦਿਆਂ ਆਪ ਜੀ ਨੇ ਪਿੰਡ ਦੇ ਵਿਕਾਸ ਲਈ ਬਹੁਤ ਕਾਰਜ ਕੀਤੇ । ਦਿਨ ਰਾਤ ਪਿੰਡ ਅਤੇ ਇਲਾਕੇ ਵਿੱਚ ਲੋਕ ਭਲਾਈ ਦੇ ਕੰਮ ਕਰਨ ਕਰਕੇ ਆਪ ਆਪਣੇ ਕਾਲੇ ਪਿੰਡ ਤੋਂ ਇਲਾਵਾ ਇਲਾਕੇ ‘ਚ ਪੈਦੇ ਪਿੰਡਾਂ ਵਿੱਚ ‘ਟੋਨੀ ਸਰਪੰਚ’ ਦੇ ਨਾਮ ਨਾਲ ਪ੍ਰਸਿੱਧ ਸਨ । ਸਵ: ਸਰਪੰਚ ਸਾਹਿਬ ਜੀ ਹਾਕੀ ਖੇਡ ਨੂੰ ਪਰਮੋਟ ਕਰਨ ਤੋਂ ਇਲਾਵਾ ਕਾਰ ਸੇਵਾ, ਸਮਾਜ ਸੇਵਾ, ਲੋਕਾਂ ਦਾ ਭਲਾ ਕਰਨ, ਲੋੜਵੰਦਾਂ ਦੀ ਮਦਦ ਕਰਨ ਅਤੇ ਇਲਾਕੇ ਦੇ ਲੋਕਾਂ ਦੇ ਝਗੜੇ ਨਿਬੇੜਨ, ਗਰੀਬਾਂ ਦੀ ਮਦਦ ਕਰਨ ਅਤੇ ਪਿੰਡ ਵਿੱਚ ਖੂਨ ਦਾਨ ਕੈਂਪ ਲਾਉਣ ਵਿੱਚ ਸਦਾ ਮੋਹਰੀ ਰਹਿੰਦੇ ਸਨ । ਸਰਪੰਚ ਸਾਹਿਬ ਵਲੋਂ ਜਲ ਦੀ ਕਾਰ ਸੇਵਾ ਹਿੱਤ ਇੱਕ ਵੱਡਾ ਟੈਂਕਰ ਬਣਾਇਆ ਹੋਇਆ ਹੈ ਜੋ ਗੁਰੂ ਘਰਾਂ ‘ਚ ਮਨਾਏ ਜਾਂਦੇ ਗੁਰਪੁਰਬਾਂ ਅਤੇ ਜੋੜ ਮੇਲਿਆਂ ‘ਤੇ ਲਿਜਾਕੇ ਸੰਗਤਾਂ ਨੂੰ ਫਰੀ ਜਲ ਛਕਾਉਣ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਵਿੱਚ ਬਹੁਤ ਸਹਾਈ ਹੋ ਰਿਹਾ ਹੈ ।
*ਪਰਿਵਾਰ ਬਾਰੇ :—–ਆਪ ਜੀ ਦਾ ਵਿਆਹ ਸਰਦਾਰ ਜੱਸਾ ਸਿੰਘ ਵੜੈਚ ਅਤੇ ਸਰਦਾਰਨੀ ਹਰਨਾਮ ਕੌਰ ਵੜੈਚ ਪਿੰਡ ਅਦਲੀਵਾਲ ਅੰਮ੍ਰਿਤਸਰ (ਨੇੜੇ ਰਾਜਾਸਾਂਸੀ) ਦੀ ਸੁੱਘੜ ਸਿਆਣੀ ਧੀ ਬੀਬੀ ਰਘਬੀਰ ਕੌਰ (ਰਿਟਾ: ਚੀਫ਼ ਫਾਰਮਾਸਿਸਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਨਾਲ ਹੋਇਆ ਸੀ । ਆਪ ਜੀ ਦੇ ਘਰ ਦੋ ਬੇਟਿਆਂ (ਬਿਕਰਮਜੀਤ ਸਿੰਘ ਅਤੇ ਰਵੀਸ਼ੇਰ ਸਿੰਘ) ਅਤੇ ਇਕ ਬੇਟੀ ਨਵਨੀਤ ਕੌਰ ਨੇ ਜਨਮ ਲਿਆ । ਤਿੰਨਾ ਬੱਚਿਆਂ ਨੂੰ ਉਚੀ ਵਿਦਿਆ ਪੜਾਕੇ ਬਹੁਤ ਹੀ ਖਾਨਦਾਨੀ ਪਰਿਵਾਰਾਂ ਵਿੱਚ ਵਿਆਹਿਆ । ਵਾਹਿਗੁਰੂ ਜੀ ਨੇ ਆਪ ਜੀ ਨੂੰ ਇੱਕ ਪੋਤਰਾ (ਸੁਮੇਰ ਸਿੰਘ ਸੰਧੂ) ਅਤੇ ਦੋ ਦੋਹਤਰੀਆਂ (ਸੱਜਲ ਕੌਰ ਢਿਲੋਂ ਅਤੇ ਰਾਵੀ ਕੌਰ ਢਿਲੋਂ) ਦੀ ਦਾਤ ਬਖਸ਼ੀ ਹੈ ਪਰ ਪਰਮੇਸ਼ੁਰ ਵਲੋਂ ਬਖਸ਼ੀ ਸੁਆਸਾਂ ਦੀ ਪੂੰਜੀ ਖਤਮ ਹੋ ਜਾਣ ਕਾਰਣ ਸਰਪੰਚ ਸਾਹਿਬ ਨੂੰ ਇਨ੍ਹਾ ਨੰਨੇ ਮੁੰਨੇ ਬੱਚਿਆਂ ਨਾਲ ਲਾਡ ਪਿਆਰ ਕਰਨ ਦਾ ਜਿਆਦਾ ਸਮਾਂ ਨਸੀਬ ਨਹੀਂ ਹੋਇਆ । ਦੋਵੇਂ ਬੇਟੇ ਅਤੇ ਬੇਟੀ ਸੱਤ ਸਮੁੰਦਰੋਂ ਪਾਰ ਆਸਟਰੇਲੀਆ ਦੀ ਧਰਤੀ ‘ਤੇ ਵੱਸਕੇ ਸੁੱਖੀ ਜੀਵਨ ਬਸਰ ਕਰ ਰਹੇ ਹਨ । ਆਪ ਦਾ ਵੱਡਾ ਭਰਾ ਸ਼ਿਵਚਰਨ ਸਿੰਘ ਸੰਧੂ ਅਤੇ ਭੈਣ ਆਪਣੇ ਪਰਿਵਾਰਾਂ ਸਮੇਤ ਕਨੇਡਾ ਵਿੱਚ ਵਧੀਆ ਸੈਟਲ ਹਨ ।