Headlines

ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਵਿਸ਼ਾਲ ਵਿਸਾਖੀ ਨਗਰ ਕੀਰਤਨ

ਪ੍ਰੀਮੀਅਰ ਡੇਵਿਡ ਈਬੀ, ਬੀ ਸੀ ਯੁਨਾਈਟਡ ਆਗੂ ਕੇਵਿਨ ਫਾਲਕਨ, ਬੀ ਸੀ ਕੰਸਰਵੇਟਿਵ ਆਗੂ ਰਸਟਿਡ, ਫੈਡਰਲ ਕੰਸਰਵੇਟਿਵ ਆਗੂ ਪੋਲੀਵਰ, ਐਮ ਪੀ ਜਸਰਾਜ ਹੱਲਣ, ਕੈਬਨਿਟ ਮੰਤਰੀ ਹਰਜੀਤ ਸੱਜਣ, ਐਮ ਪੀ ਸੁੱਖ ਧਾਲੀਵਾਲ, ਐਮ ਪੀ ਰਣਦੀਪ ਸਰਾਏ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ-

ਵੈਨਕੂਵਰ ( ਦੇ ਪ੍ਰ ਬਿ)- ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਹਰ ਸਾਲ ਦੀ ਤਰਾਂ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕੈਨੇਡੀਅਨ ਪੰਜਾਬੀ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕਰਦਿਆਂ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਵਿਸ਼ਾਲ ਨਗਰ ਕੀਰਤਨ ਦੇ ਆਰੰਭ ਹੋਣ ਤੋਂ ਪਹਿਲਾਂ ਗੁਰੂ ਘਰ ਵਿਚ ਭਾਰੀ ਗਿਣਤੀ ਵਿਚ ਜੁੜੀ ਸੰਗਤ ਨੂੰ ਵੱਖ-ਵੱਖ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ  ਨੇ ਸੰਬੋਧਨ ਕਰਦਿਆਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਇਹਨਾਂ ਪ੍ਰਮੁੱਖ ਸ਼ਖਸੀਆਂ ਵਿਚ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ, ਉਹਨਾਂ ਦੇ ਕੈਬਨਿਟ ਮੰਤਰੀ ਅਤੇ ਐਮ ਐਲ ਏ ਸਾਹਿਬਾਨ, ਵਿਰੋਧੀ ਧਿਰ ਬੀ ਸੀ ਯੂਨਾਈਟਡ ਦੇ ਆਗੂ ਕੇਵਿਨ ਫਾਲਕਨ ਅਤੇ ਉਹਨਾਂ ਦੀ ਟੀਮ, ਬੀ ਸੀ ਕੰਸਰਵੇਟਿਵ ਪਾਰਟੀ ਦੇ ਆਗੂ ਜੌਹਨ ਰਸਟਿਡ ਅਤੇ ਉਹਨਾਂ ਦੀ ਟੀਮ ਅਤੇ ਵੈਨਕੂਵਰ ਦੇ ਮੇਅਰ ਕੈਨ ਸਿਮ ਤੇ ਉਹਨਾਂ ਦੀ ਟੀਮ ਸ਼ਾਮਿਲ ਸਨ। ਇਸਤੋਂ ਇਲਾਵਾ ਫੈਡਰਲ ਕੰਸਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਪੁੱਜੇ ਤੇ ਸੰਗਤਾਂ ਨੂੰ ਵਿਸਾਖੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਉਹਨਾਂ ਨਾਲ ਕੈਲਗਰੀ ਤੋਂ ਐਮ ਪੀ ਤੇ ਸ਼ੈਡੋ ਮਨਿਸਟਰ ਜਸਰਾਜ ਸਿੰਘ ਹੱਲਣ, ਡੈਲਟਾ ਤੋਂ ਕੰਸਰਵੇਟਿਵ ਉਮੀਦਵਾਰ ਜੱਸੀ ਸਹੋਤਾ ਨੇ ਵੀ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਤੇ ਖਾਲਸਾ ਦੀਵਾਨ ਸੁਸਾਇਟੀ ਵਲੋਂ ਆਯੋਜਿਤ ਨਗਰ ਕੀਰਤਨ ਦੇ ਸੁਚੱਜੇ ਪ੍ਰਬੰਧਾਂ ਲਈ ਧੰਨਵਾਦ ਕੀਤਾ। ਫੈਡਰਲ ਲਿਬਰਲ ਪਾਰਟੀ ਵਲੋਂ ਕੈਬਨਿਟ ਮਨਿਸਟਰ ਹਰਜੀਤ ਸਿੰਘ ਸੱਜਣ ਤੇ ਉਹਨਾਂ ਨਾਲ ਐਮ ਪੀ ਸੁੱਖ ਧਾਲੀਵਾਲ ਤੇ ਐਮ ਪੀ ਰਣਦੀਪ ਸਿੰਘ ਸਰਾਏ ਨੇ ਵਿਸਾਖੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਸ ਹਰਜੀਤ ਸਿੰਘ ਸੱਜਣ ਨੇ ਆਪਣੇ ਸੰਬੋਧਨ ਵਿਚ ਦਸਮ ਪਿਤਾ ਵਲੋਂ ਖਾਲਸਾ ਪੰਥ ਦੀ ਸਾਜਨਾ ਦਾ ਮਕਸਦ ਅਤੇ ਖਾਲਸਾ ਪੰਥ  ਵਲੋਂ ਮਨੁੱਖੀ ਹੱਕਾਂ ਤੇ ਸਰਬੱਤ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਦੀ ਗੱਲ ਕਰਦਿਆਂ ਕੈਨੇਡੀਅਨ ਸੁਸਾਇਟੀ ਵਿਚ  ਸਿੱਖ ਭਾਈਚਾਰੇ ਦੇ ਯੋਗਦਾਨ ਦਾ ਜਿਕਰ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਜਿੰਮੇਵਾਰੀ ਖਾਲਸਾ ਦੀਵਾਨ ਸੁਸਾਇਟੀ ਦੇ ਸੈਕਟਰੀ ਕਸ਼ਮੀਰ ਸਿੰਘ ਧਾਲੀਵਾਲ ਨੇ ਨਿਭਾਈ। ਪ੍ਰਧਾਨ ਕੁਲਦੀਪ ਸਿੰਘ ਥਾਂਦੀ ਤੇ ਉਹਨਾਂ ਨਾਲ ਸਾਬਕਾ ਪ੍ਰਧਾਨ ਮਲਕੀਤ ਸਿੰਘ ਧਾਮੀ, ਜਰਨੈਲ ਸਿੰਘ ਭੰਡਾਲ ਨੇ ਸੰਗਤਾਂ  ਅਤੇ ਬਾਹਰੋਂ ਆਏ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ। ਹੈਡ ਗਰੰਥੀ ਗਿਆਨੀ ਹਰਮਿੰਦਰਪਾਲ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਦੌਰਾਨ ਵੱਖ ਵੱਖ ਸੰਸਥਾਵਾਂ ਵਲੋਂ ਬਣਾਏ ਗਏ ਫਲੋਟਾਂ ਸਮੇਤ ਸ਼ਮੂਲੀਅਤ ਕੀਤੀ ਗਈ। ਨਗਰ ਕੀਰਤਨ ਦੇ ਸਭ ਤੋਂ ਅੱਗੇ ਸਿੱਖ ਮੋਟਰਸਾਈਕਲ ਕਲੱਬ ਦੇ ਨੌਜਵਾਨ ਆਪਣੀਆਂ ਸੋਹਣੀਆਂ ਦਸਤਾਰਾਂ ਤੇ ਜੈਕਟਾਂ ਵਿਚ ਸਜੇ ਚਲ ਰਹੇ ਸਨ। ਵੈਨਕੂਵਰ ਪੁਲਿਸ ਦੀ ਟੁਕੜੀ, ਵੈਨਕੂਵਰ ਪੁਲਿਸ ਕੈਡਿਟ ਅਤੇ ਸਕੌਟਿਸ਼ ਬੈਂਡ ਦੀਆਂ ਧੁਨਾਂ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੀਆਂ ਸਨ। ਗੋਬਿੰਦ ਸਰਵਰ ਸਕੂਲ ਵਲੋਂ ਵਿਸ਼ੇਸ਼ ਫਲੋਟ ਦੇ ਨਾਲ ਸਕੂਲ ਦੇ ਵਿਦਿਆਰਥੀਆਂ ਵਲੋਂ ਗਤਕੇ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਸੀ। ਗੁਰੂ ਰਵਿਦਾਸ ਸਭਾ ਵੈਨਕੂਵਰ ਦਾ ਫਲੋਟ ਪ੍ਰਧਾਨ ਹਰਜੀਤ ਸੋਹਪਾਲ ਅਤੇ ਹੋਰ ਅਹੁਦੇਦਾਰ ਨਗਰ ਕੀਰਤਨ ਦੇ ਨਾਲ ਨਾਲ ਚੱਲ ਰਹੇ ਸਨ। ਸਾਂਝਾ ਟੀਵੀ ਤੇ ਪ੍ਰਾਈਮ ਏਸ਼ੀਆ ਟੀਵੀ ਵਲੋਂ ਨਗਰ ਕੀਰਤਨ ਦੇ ਲਾਈਵ ਪ੍ਰਸਾਰਣ ਦੌਰਾਨ ਸਿਆਸੀ ਆਗੂਆਂ ਵਲੋਂ ਵਧਾਈ ਸੰਦੇਸ਼ ਦਿੱਤੇ ਗਏ। ਨਗਰ ਕੀਰਤਨ ਦੌਰਾਨ ਹਜ਼ਾਰਾਂ ਸੰਗਤਾਂ ਨੇ ਜਿਥੇ ਹਾਜ਼ਰੀ ਭਰੀ ਉਥੇ ਸਮਾਜ ਸੇਵੀ ਸੰਸਥਾਵਾਂ ਵਲੋਂ ਲਗਾਏ ਗਏ ਖਾਣ ਪੀਣ ਦੇ ਸਟਾਲਾਂ ਦਾ ਵੀ ਲੋਕਾਂ ਨੇ ਭਰਪੂਰ ਆਨੰਦ ਮਾਣਿਆ। ਸ਼ਾਮ ਨੂੰ ਨਗਰ ਕੀਰਤਨ ਦੀ ਸਮਾਪਤੀ ਮੌਕੇ ਖਾਲਸਾ ਦੀਵਾਨ ਸੁਸਾਇਟੀ ਵਲੋਂ ਨਗਰ ਕੀਰਤਨ ਦੀ ਸਫਲਤਾ ਲਈ ਸਮੂਹ ਸੰਗਤਾਂ ਤੇ ਪ੍ਰਮੁੱਖ ਸ਼ਖਸੀਅਤਾਂ ਵਲੋਂ ਕੀਤੀ ਗਈ ਸ਼ਮੂਲੀਅਤ ਲਈ ਧੰਨਵਾਦ ਕੀਤਾ ਗਿਆ।