Headlines

ਤ੍ਰੈਮਾਮਿਕ ਰਸਾਲਾ ਮੈਗਜ਼ੀਨ ਦਾ ਸ਼ਾਨਦਾਰ ਰੀਲੀਜ਼ ਸਮਾਗਮ

ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਬੈਸਟ ਵੈਸਟਰਨ ਹੋਟਲ ਮਿਸ਼ਨ ਵਿਖੇ ਬਹੁਸਭਿਆਚਾਰਕ ਅੰਗਰੇਜ਼ੀ ਮੈਗਜ਼ੀਨ ਰਸਾਲਾ ਦਾ ਸ਼ਾਨਦਾਰ ਰੀਲੀਜ਼ ਸਮਾਗਮ ਕੀਤਾ ਗਿਆ। ਰਸਾਲਾ ਨੂੰ ਰੀਲੀਜ਼ ਕਰਨ ਦੀ ਰਸਮ ਯੂ ਐਫ ਵੀ ਦੇ ਸਾਬਕਾ ਚਾਂਸਲਰ ਅਤੇ ਪੱਤ੍ਰਿਕਾ ਅਖਬਾਰ ਦੇ ਮੁੱਖ ਸੰਪਾਦਕ ਡਾ ਐਂਡੀ ਸਿੱਧੂ ਵਲੋਂ ਕੀਤੀ ਗਈ। ਉਹਨਾਂ ਰਸਾਲਾ ਟੀਮ ਦੇ ਪਬਲਿਸ਼ਰ ਸੱਤੀ ਗਰੇਵਾਲ, ਸੰਪਾਦਕ ਬਲਵੰਤ ਰੁਪਾਲ ਅਤੇ ਟੀਮ ਨੂੰ ਨਵਾਂ ਮੈਗਜ਼ੀਨ ਸ਼ੁਰੂ ਕਰਨ ਤੇ ਵਧਾਈ ਦਿੰਦਿਆਂ ਪੱਤ੍ਰਿਕਾ ਟੀਮ ਵਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਸਮਾਗਮ ਦੀ ਸ਼ੁਰੂਆਤ ਮੂਲਨਿਵਾਸੀ ਔਰਤ ਵਲੋਂ ਕੈਨੇਡੀਅਨ ਧਰਤੀ ਦੀ ਸ਼ਾਨ ਵਿਚ ਇਕ ਗੀਤ ਨਾਲ ਹੋਈ ਜਿਸਦਾ ਹਾਜਰ ਲੋਕਾਂ ਨੇ ਖੜੇ ਹੋਕੇ ਸਤਿਕਾਰ ਕੀਤਾ। ਤ੍ਰੈਮਾਸਿਕ ਰਸਾਲਾ ਮੈਗਜ਼ੀਨ ਦੀ ਪ੍ਰਕਾਸ਼ਨਾ, ਇਸਦੇ ਉਦੇਸ਼ ਅਤੇ ਕੈਨੇਡਾ ਦੀ ਬਹੁਸਭਿਆਚਾਰਕ ਪਛਾਣ ਨੂੰ ਮਾਣ ਦਿੰਦਿਆਂ ਭਾਈਚਾਰਿਆਂ ਵਿਚ ਸਾਂਝ ਵਧਾਉਣ ਦੀ ਗੱਲ ਕਰਦਿਆਂ ਪਬਲਿਸ਼ਰ ਸੱਤੀ ਗਰੇਵਾਲ, ਸੰਪਾਦਕ ਬਲਵੰਤ ਰੁਪਾਲ, ਮਾਰਕੀਟਿੰਗ ਡਾਇਰੈਕਟਰ ਹਰਲੀਨ ਮਾਨ ਤੇ ਰੌਨੀ ਮਾਨ ਨੇ ਹਾਜ਼ਰੀਨ ਨਾਲ ਸਾਂਝ ਪਾਈ। ਇਸ ਮੌਕੇ ਬੀ ਸੀ ਦੀ ਕੈਬਨਿਟ ਮੰਤਰੀ ਪੈਮ ਅਲੈਕਿਸਸ, ਸਿਟੀ ਕੌਂਸਲਰ ਜੈਗ ਗਿੱਲ, ਕੌਂਸਲਰ ਦੇਵ ਸਿੱਧੂ, ਉਘੀ ਫੋਟੋਗ੍ਰਾਫਰ ਸ਼ੀਨੂ ਔਜਲਾ, ਅਰਸ਼ ਕਲੇਰ, ਦੇਸ ਪ੍ਰਦੇਸ ਟਾਈਮਜ਼ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ, ਉਘੇ ਰੇਡੀਓ ਹੋਸਟ ਵਿਜੈ ਸੈਣੀ ਤੇ ਹੋਰਾਂ ਨੇ ਰਸਾਲਾ ਮੈਗਜ਼ੀਨ ਦੀ ਟੀਮ ਨੂੰ ਨਵੇਂ ਆਰੰਭੇ ਕਾਰਜ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਉਘੇ ਬਿਜਨੈਸਮੈਨ ਜੀਵਨ ਦਿਓਲ, ਹਰਵਿੰਦਰ ਸਿੰਘ ਤੂਰ, ਰਾਜਾ ਗਿੱਲ, ਬਿੱਟੂ ਮਾਨ, ਮਨਮੋਹਣ ਹੀਰ ਅਤੇ ਐਬਸਫੋਰਡ ਤੇ ਮਿਸ਼ਨ ਤੋਂ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।