Headlines

ਉਘੇ ਪੱਤਰਕਾਰ ਤੇ ਲੇਖਕ ਬਖਸ਼ਿੰਦਰ ਦੇ ਨਾਵਲ ‘ਇਸ਼ਕ ਨਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਸਰੀ, 14 ਅਪ੍ਰੈਲ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਪ੍ਰਸਿੱਧ ਪੱਤਰਕਾਰ ਅਤੇ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਨਾ ਮੰਨੇ ਵਾਟ’ ਉਪਰ ਵਿਚਾਰ ਚਰਚਾ ਕਰਨ ਲਈ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਕੰਪਲੈਕਸ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਨਾਮਵਰ ਵਿਦਵਾਨ ਡਾ. ਸਾਧੂ ਸਿੰਘ ਅਤੇ ਨਾਵਲਕਾਰ ਬਖਸ਼ਿੰਦਰ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਕਰਦਿਆਂ ਮੰਚ ਸੰਚਾਲਕ ਮੋਹਨ ਗਿੱਲ ਨੇ ਬਖਸ਼ਿੰਦਰ ਅਤੇ ਨਾਵਲ ਬਾਰੇ ਸੰਖੇਪ ਜਾਣਕਾਰੀ ਦਿੱਤੀ। ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਮਾਗਮ ਵਿਚ ਪਹੁੰਚੀਆਂ ਸਭਨਾਂ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਵੈਨਕੂਵਰ ਵਿਚਾਰ ਮੰਚ ਦੀ ਸਥਾਪਨਾ, ਉਦੇਸ਼ ਅਤੇ ਇਸ ਦੀਆਂ ਸਰਗਰਮੀਆਂ ਬਾਰੇ ਚਾਨਣਾ ਪਾਇਆ।

ਨਾਵਲ ਉਪਰ ਆਪਣਾ ਪਰਚਾ ਪੇਸ਼ ਕਰਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਨਾਵਲ ਦੀ ਕਹਾਣੀ ਨੂੰ ਸਾਰ ਰੂਪ ਵਿਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਨਾਵਲ ਦੀ ਇੱਕ ਖੂਬੀ ਇਹ ਹੈ ਕਿ ਇਸ ਵਿੱਚ ਪਾਤਰਾਂ ਦੀ ਭਰਮਾਰ ਨਹੀਂ। ਇਸ ਦੀ ਬੋਲੀ ਮੁਹਾਵਰੇਦਾਰ ਅਤੇ ਕਾਵਿਕ ਹੈ। ਕਾਵਿ ਤੁਕਾਂ ਰਾਹੀਂ ਬੋਲੀ ਹੋਰ ਵੀ ਰਸਦਾਰ ਬਣਾਈ ਗਈ ਹੈ। ਨਾਵਲ ਦੀ ਭਾਸ਼ਾ ਚਟਪਟੀ ਕਰਾਰੀ ਅਤੇ ਉਤੇਜਕ ਹੈ। ਨਾਵਲ ਦੇ ਮੁੱਖ ਪਾਤਰ ਦੇ ਵਾਕਾਂ ਰਾਹੀਂ ਭਰਪੂਰ ਮਾਤਰਾ ਵਿੱਚ ਕਾਮ ਕ੍ਰੀੜਾ ਦੀ ਚਾਸ਼ਨੀ ਵਹਾਈ ਗਈ ਹੈ ਅਤੇ ਅਖੀਰ ਵਿੱਚ ਇਸ਼ਕਨਾਮਾ ਚਰਮ ਸੀਮਾ ‘ਤੇ ਪਹੁੰਚ ਜਾਂਦਾ ਹੈ। ਉਹਨਾਂ ਕਿਹਾ ਕਿ ਨਾਵਲ ਵਿੱਚ ਇੱਕ ਥਾਂ ਜਾ ਕੇ ਸਾਰੇ ਪਾਤਰ ਗਾਇਬ ਹੋ ਜਾਂਦੇ ਹਨ ਅਤੇ ਨਾਵਲਕਾਰ ਦਾ ਥੀਸਿਸ ਸ਼ੁਰੂ ਹੋ ਜਾਂਦਾ ਹੈ। ਉਹਨਾਂ ਇੱਕ ਥਾਂ ਤੇ ਸਮੇਂ ਤੇ ਸਥਾਨ ਦੀ ਪੇਸ਼ਕਾਰੀ ਉੱਪਰ ਵੀ ਕਿੰਤੂ ਕੀਤਾ। ਦੂਜੇ ਬੁਲਾਰੇ ਡਾ. ਸਾਧੂ ਸਿੰਘ ਨੇ ਕਿਹਾ ਕਿ ਨਾਵਲ ਦੇ ਵਿਸ਼ੇ ਵਸਤੂ ਨਾਲ ਅਤੇ ਲੇਖਕ ਕਾਮ ਸ਼ਾਸਤਰ ਬਾਰੇ ਸਿੱਧਾ ਹੀ ਲਿਖਣ ਬਾਰੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਪਰ ਨਾਵਲ ਵਿਚ ਕਾਮ ਸ਼ਾਸਤਰ ਬਾਰੇ ਲਿਖਿਆ ਗਿਆ ਥੀਸਿਸ ਨਾਵਲ ਤੋਂ ਅਲੱਗ ਹੋਣਾ ਚਾਹੀਦਾ ਸੀ।

ਉਸਤਾਦ ਸ਼ਾਇਰ ਗੁਰਦਰਸ਼ਨ ਸਿੰਘ ਬਾਦਲ ਅਤੇ ਅੰਗਰੇਜ਼ ਬਰਾੜ ਨੇ ਵੀ ਨਾਵਲ ਉੱਪਰ ਵਿਚਾਰ ਪੇਸ਼ ਕੀਤੇ। ਨਾਵਲਕਾਰ ਬਖਸ਼ਿੰਦਰ ਨੇ ਕਿਹਾ ਕਿ ਵਿਸ਼ਾਲ ਪੱਧਰ ‘ਤੇ ਇਸ਼ਕ ਦੀ ਗੱਲ ਕੀਤੀ ਗਈ ਹੈ ਤੇ ਇਸ਼ਕ ਦੀ ਵਿਆਖਿਆ ਵੀ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਹਾਨੀ ਅਤੇ ਜਿਸਮਾਨੀ ਇਸ਼ਕ ਨੂੰ ਵੱਖਰਾ ਨਹੀਂ ਕੀਤਾ ਸਕਦਾ। ਉਨ੍ਹਾਂ ਕਿਹਾ ਕਿ ਨਾਵਲ ਵਿਚ ਇਸ਼ਕ ਬਾਰੇ ਮਾਹਿਰਾਂ ਦੇ ਵਿਚਾਰ ਉਨ੍ਹਾਂ ਦੇ ਨਾਵਾਂ ਹੇਠ ਲਿਖੇ ਗਏ ਹਨ। ਉਨ੍ਹਾਂ ਫਿਲਮੀ ਸਕਰਿਪਟਾਂ ਤੋਂ ਤੌਬਾ ਕਰਨ ਅਤੇ ਨਾਵਲ ਲਿਖਣ ਵੱਲ ਮੁੜਨ ਬਾਰੇ ਦੱਸਿਆ ਅਤੇ ਪੰਜਾਬੀ ਭਾਸ਼ਾ ਦੀਆਂ ਬਾਰੀਕੀਆਂ ਦੀ ਵੀ ਗੱਲ ਕੀਤੀ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸੋਹਣ ਸਿੰਘ ਪੂਨੀ, ਪਰਮਿੰਦਰ ਸਵੈਚ, ਬਿੰਦੂ ਮਠਾੜੂ, ਦਵਿੰਦਰ ਗੌਤਮ, ਰਾਜਵੰਤ ਰਾਜ, ਕੁਲਦੀਪ ਸਿੰਘ ਬਾਸੀ, ਇੰਦਰਜੀਤ ਰੋਡੇ, ਹਰਦਮ ਸਿੰਘ ਮਾਨ, ਚਮਕੌਰ ਸਿੰਘ ਸੇਖੋਂ, ਨਵਦੀਪ ਗਿੱਲ ਅਤੇ ਸੁਰਿੰਦਰ ਚਾਹਲ ਵੀ ਸ਼ਾਮਲ ਸਨ।