Headlines

ਉੱਤਰੀ ਇਟਲੀ ਦੇ ਨੋਵੇਲਾਰਾ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ 

* ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜਿਆ ਅਸਮਾਨ *
 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) 13 ਅਪ੍ਰੈਲ 2024 ਨੂੰ ਇਟਲੀ ਦੀ ਧਰਤੀ ‘ਤੇ ਗੁਰਦੁਆਰਾ ਸਿੰਘ ਸਭਾ,ਨੋਵੇਲਾਰਾ ਵਿਖੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਪਿਛਲੇ 3 ਦਿਨਾਂ ਤੋਂ ਲਗਾਤਾਰ ਨਗਰ ਕੀਰਤਨ ਦੀਆਂ ਤਿਆਰੀਆਂ ਜ਼ੋਰਾਂ ਤੇ ਸਨ। ਸੰਗਤਾਂ ਵਿੱਚ ਭਾਰੀ ਉਤਸ਼ਾਹ ਸੀ। 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਕਥਾ ਵਿਚਾਰਾਂ ਹੋਈਆਂ ਅਤੇ ਢਾਡੀ ਜੱਥੇ ਵੱਲੋਂ ਦੀਵਾਨ ਸਜਾਏ ਗਏ। ਅਰਦਾਸ ਬੇਨਤੀ ਉਪਰੰਤ ਤਕਰੀਬਨ 1.00 ਵਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁੰਦਰ ਸਜਾਈ ਪਾਲਕੀ ਵਿੱਚ ਸ਼ੁਸ਼ੋਭਿਤ ਹੋਏ। ਸੰਗਤਾਂ ਨੇ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ। ਤਕਰੀਬਨ ਦੁਪਹਿਰ 2.00 ਵਜੇ ਪੰਜ ਨਿਸ਼ਾਨਚੀ ਸਿੰਘਾਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਨੇ ਚਾਲੇ ਪਾਏ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸੁੰਦਰ ਸਜਾਈ ਪਾਲਕੀ ਦੇ ਪਿੱਛੇ-ਪਿੱਛੇ ਗੁਰੂ ਜਸ ਕਰ ਰਿਹਾ ਸੀ ਅਤੇ ਪਿੱਛੇ ਗਤਕੇ ਵਾਲੇ ਸਿੰਘ ਖ਼ਾਲਸੇ ਦੇ ਮਾਰਸ਼ਲ ਆਰਟ ਗਤਕੇ ਦੇ ਜੌਹਰ ਦਿਖਾ ਰਹੇ ਸਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਨਗਰ ਕੀਰਤਨ ਨੋਵੇਲਾਰਾ ਸ਼ਹਿਰ ਦੇ ਸੈਂਟਰ ਵਿੱਚ ਦੀ ਹੁੰਦਾ ਹੋਇਆ ਅਤੇ ਵੱਖ-ਵੱਖ ਥਾਂਵਾਂ ‘ਤੇ ਰੁਕ ਕੇ ਸੰਗਤਾਂ ਨੂੰ ਦਰਸ਼ਨ ਦੇ ਕੇ ਅਤੇ ਸ਼ਹਿਰ ਦੀ ਪਰਿਕ੍ਰਮਾ ਕਰਦਾ ਹੋਇਆ ਸਮਾਪਤੀ ਵੱਲ ਵੱਧਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ। ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿਖੇ ਸਟੇਜ ਤੋਂ ਢਾਡੀ ਜੱਥਾ ਬੀਰ ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਿਹਾ ਸੀ।‌ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਆਈਆਂ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਭੋਜਨ ਦੇ ਲੰਗਰ ਲਗਾਏ ਗਏ ਸਨ ਸੋ ਸਾਰਾ ਦਿਨ ਹੀ ਵਰਤਦੇ ਰਹੇ। ਸਮਾਪਤੀ ਵੇਲੇ ਸ਼ਹਿਰ ਦੀ ਮੇਅਰ ਏਲੇਨਾ ਕਰਲੈਤੀ ਨੇ ਸਿੱਖ ਸੰਗਤਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਅਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ ਅਤੇ ਧੰਨਵਾਦ ਕੀਤਾ। ਗੁਰਦੁਆਰਾ ਸਾਹਿਬ ਵੱਲੋਂ ਮੇਅਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਤੋਂ ਪਹੁੰਚੇ ਮੁੱਖ ਸੇਵਾਦਾਰਾਂ ਅਤੇ ਲੰਗਰਾਂ ਦੇ ਸਟਾਲ ਲਗਾਉਣ ਵਾਲੇ ਸੇਵਾਦਾਰਾਂ ਨੂੰ ਵੀ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ। ਅਖੀਰ ਵਿਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਪਹੁੰਚੇ ਸਾਰੇ ਪਤਵੰਤੇ ਸੱਜਣਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਕੋਟਾਨਿ ਕੋਟਿ ਸ਼ੁਕਰਾਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਗਿਆ। ਜਿਹਨਾਂ ਦੀ ਰਹਿਨੁਮਾਈ ਹੇਠ ਸਾਰਾ ਸਮਾਗਮ ਬੇਹੱਦ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਿਆ