ਲਖਨਊ, 19 ਅਪਰੈਲ
ਲਖਨਊ ਸੁਪਰ ਜਾਇੰਟਸ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਦੀ ਟੀਮ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਮੇਜ਼ਬਾਨ ਲਖਨਊ ਦੀ ਟੀਮ ਨੇ ਚੇਨੱਈ ਵੱਲੋਂ ਜਿੱਤ ਲਈ ਦਿੱਤੇ 177 ਦੌੜਾਂ ਦੇ ਟੀਚੇ ਨੂੰ 19 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 180 ਦੌੜਾਂ ਬਣਾ ਕੇ ਪੂਰਾ ਕਰ ਲਿਆ। ਲਖਨਊ ਲਈ ਲੋਕੇਸ਼ ਰਾਹੁਲ ਨੇ 82 ਦੌੜਾਂ ਤੇ ਕੁਇੰਟਨ ਡੀਕੌਕ ਨੇ 54 ਦੌੜਾਂ ਦੀ ਪਾਰੀ ਖੇਡੀ। ਨਿਕੋਲਸ ਪੂਰਨ 23 ਦੌੜਾਂ ਅਤੇ ਮਾਰਕਸ ਸਟੋਇਨਸ ਨੇ ਨਾਬਾਦ ਅੱਠ ਦੌੜਾਂ ਬਣਾਈਆਂ। ਚੇਨੱਈ ਲਈ ਐੱਮ ਰਹਿਮਾਨ ਤੇ ਐੱਮ ਪਥਿਰਾਨਾ ਨੇ ਇਕ-ਇਕ ਵਿਕਟ ਲਈ। ਇਸ ਤੋਂ ਪਹਿਲਾਂ ਰਵਿੰਦਰ ਜਡੇਜਾ ਦੇ ਨਾਬਾਦ ਅਰਧ ਸੈਂਕੜੇ ਨਾਲ ਚੇਨੱਈ ਸੁਪਰਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਛੇ ਵਿਕਟਾਂ ’ਤੇ 176 ਦੌੜਾਂ ਬਣਾਈਆਂ। ਜਡੇਜਾ ਨੇ 40 ਗੇਂਦਾਂ ’ਚ ਪੰਜ ਚੌਕਿਆਂ ਤੇ ਇਕ ਛੱਕੇ ਨਾਲ ਨਾਬਾਦ 57 ਦੌੜਾਂ ਦੀ ਪਾਰੀ ਖੇਡੀ। ਉਸ ਨੇ ਮੋਈਨ ਅਲੀ (20 ਗੇਂਦਾਂ ’ਚ 30 ਦੌੜਾਂ, ਤਿੰਨ ਛੱਕੇ) ਦੇ ਨਾਲ ਛੇਵੇਂ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ ਜਦਕਿ ਮਹਿੰਦਰ ਸਿੰਘ ਧੋਨੀ ਨੇ ਅਖ਼ੀਰ ਵਿੱਚ ਨੌਂ ਗੇਂਦਾਂ ’ਚ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਨਾਲ ਨਾਬਾਦ 28 ਦੌੜਾਂ ਦੀ ਪਾਰੀ ਖੇਡ ਕੇ ਟੀਮ ਦਾ ਸਕੋਰ 170 ਦੌੜਾਂ ਤੋਂ ਪਾਰ ਪਹੁੰਚਾਇਆ। ਸੁਪਰ ਜਾਇੰਟਸ ਵੱਲੋਂ ਕ੍ਰੁਨਾਲ ਪੰਡਿਆ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਿਸ ਨੇ 16 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਮੋਹਸੀਨ ਖਾਨ, ਯਸ਼ ਠਾਕੁਰ, ਮਾਰਕਸ ਸਟੋਈਨਿਸ ਅਤੇ ਰਵੀ ਬਿਸ਼ਨੋਈ ਨੂੰ ਇਕ-ਇਕ ਵਿਕਟ ਮਿਲੀ।