ਬਰਨਾਲਾ 19 ਅਪਰੈਲ
ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਅੱਜ ਕਿਹਾ ਕਿ ਸੂਬੇ ਦੀ ਸਰਕਾਰ ਆਪਣੇ ਖ਼ਿਲਾਫ਼ ਉੱਠਣ ਵਾਲੀ ਹਰ ਆਵਾਜ਼ ਨੂੰ ਦੱਬਣ ਲਈ ਨਾਜਾਇਜ਼ ਪਰਚੇ ਪਾ ਕੇ ਲੋਕਾਂ ਨੂੰ ਜੇਲ੍ਹਾਂ ਅੰਦਰ ਸੁੱਟ ਰਹੀ ਹੈ, ਜਿਸ ਦਾ ਜਿਊਂਦਾ ਜਾਗਦਾ ਸਬੂਤ ਤੁਹਾਡੇ ਸਾਹਮਣੇ ਬੈਠਾ ਹੈ। ਉਹ ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਰਿਹਾਇਸ਼ ’ਤੇ ਸੈਂਕੜੇ ਵਰਕਰਾਂ ਤੇ ਆਗੂਆਂ ਦੇ ਇੱਕਠ ਨੂੰ ਸੰਬੋਧਨ ਕਰ ਰਹੇ ਸਨ। ਖਹਿਰਾ ਨੇ ਕਿਹਾ ਕਿ ਸੂਬੇ ਦੇ ਲੋਕ ਦੋ ਸਾਲਾਂ ’ਚ ਹੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਸਭਾ ਦੀਆਂ ਟਿਕਟਾਂ ਆਮ ਪੰਜਾਬੀਆਂ ਨੂੰ ਦੇਣ ਦੀ ਜਗ੍ਹਾ ਕਰੋੜਪਤੀਆਂ ਅਤੇ ਸੂਬੇ ਦੇ ਬਾਹਰਲੇ ਵਿਅਕਤੀਆਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਪਾਰਟੀ ਨੂੰ ਸੂਬੇ ਦੇ 13 ਸੰਸਦੀ ਹਲਕਿਆਂ ’ਚ 5 ਕੈਬਨਿਟ ਮੰਤਰੀ, ਤਿੰਨ ਵਿਧਾਇਕ ਅਤੇ ਬਾਕੀ ਬਾਹਰੋਂ ਲਿਆਂਦੇ ਉਮੀਦਵਾਰ ਚੋਣ ਮੈਦਾਨ ’ਚ ਉਤਾਰਨੇ ਪਏ ਹਨ। ਸੂਬਾ ਸਰਕਾਰ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਸੂਬੇ ’ਚ ਨੌਕਰੀਆਂ ਲਈ ਪੰਜਾਬੀਆਂ ਦੀ ਜਗ੍ਹਾ ਬਾਹਰਲੇ ਸੂਬਿਆਂ ਦੇ ਨੌਜਵਾਨਾਂ ਨੂੰ ਭਰਤੀ ਕਰ ਰਹੀ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਤਾਂ ਆਪਣੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਦੀ ਗੱਲ ਨਹੀਂ ਸੁਣਦੇ।
ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਰਾਮ ਪਾਲ ਸਿੰਗਲਾ, ਸੀਨੀਅਰ ਕਾਂਗਰਸੀ ਆਗੂ ਮਨੀਸ਼ ਬਾਂਸਲ, ਮੱਖਣ ਸ਼ਰਮਾ ਆਦਿ ਕਾਂਗਰਸੀ ਆਗੂ ਮੌਜੂਦ ਸਨ।