ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਚੋਣਾਂ ਦੇ ਮਹਾਕੁੰਭ ਦਾ ਆਗਾਜ਼
ਨਵੀਂ ਦਿੱਲੀ, 19 ਅਪਰੈਲ
ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਅੱਜ 21 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਸੀਟਾਂ ਅਤੇ ਅਰੁਣਾਚਲ ਪ੍ਰਦੇਸ਼ ਤੇ ਸਿੱਕਮ ਦੀਆਂ ਵਿਧਾਨ ਸਭਾਵਾਂ ਲਈ ਵੋਟਾਂ ਪਈਆਂ। ਲੋਕ ਸਭਾ ਚੋਣਾਂ ਲਈ ਰਾਤ ਨੌਂ ਵਜੇ ਤੱਕ 62.37 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ ਤੇ ਇਹ ਅੰਕੜਾ ਵਧਣ ਦੇ ਆਸਾਰ ਹਨ। ਵੋਟਿੰਗ ਦੌਰਾਨ ਪੱਛਮੀ ਬੰਗਾਲ ਵਿਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਸਾਹਮਣੇ ਆਈਆਂ। ਛੱਤੀਸਗੜ੍ਹ ਵਿਚ ਗ਼ਲਤੀ ਨਾਲ ਹਥਗੋਲਾ ਫਟਣ ਕਰਕੇ ਸੀਆਰਪੀਐੱਫ ਜਵਾਨ ਦੀ ਮੌਤ ਹੋ ਗਈ ਜਦੋਂਕਿ ਆਈਈਡੀ ਧਮਾਕੇ ’ਚ ਅਧਿਕਾਰੀ ਜ਼ਖ਼ਮੀ ਹੋ ਗਿਆ। ਤਾਮਿਲ ਨਾਡੂ, ਅਰੁਣਾਚਲ ਪ੍ਰਦੇਸ਼, ਅੰਡੇਮਾਨ ਤੇ ਨਿਕੋਬਾਰ ਟਾਪੂ ਤੇ ਅਸਾਮ ਵਿਚ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਵਿਚ ਮਾਮੂਲੀ ਤਕਨੀਕੀ ਨੁਕਸ ਪੈਣ ਦੀਆਂ ਰਿਪੋਰਟਾਂ ਹਨ। ਇਸ ਦੌਰਾਨ ਤ੍ਰਿਪੁਰਾ ਵਿਚ 80.40 ਫੀਸਦ ਨਾਲ ਸਭ ਤੋਂ ਵੱਧ ਅਤੇ ਬਿਹਾਰ ਵਿਚ 48.50 ਫੀਸਦ ਨਾਲ ਸਭ ਤੋਂ ਘੱਟ ਪੋਲਿੰਗ ਹੋਈ। ਪੱਛਮੀ ਬੰਗਾਲ ਵਿਚ 77.57 ਫੀਸਦ, ਪੁੱਡੂਚੇਰੀ 73.50 ਫੀਸਦ, ਅਸਾਮ ’ਚ 72.10 ਫੀਸਦ ਤੇ ਮੇਘਾਲਿਆ ਵਿਚ 74.21 ਫੀਸਦ ਵੋਟਾਂ ਪਈਆਂ। ਪਹਿਲੇ ਗੇੜ ਦੀ ਚੋਣ ਮਗਰੋਂ ਅੱਜ ਅੱਠ ਕੇਂਦਰੀ ਮੰਤਰੀਆਂ, ਦੋ ਸਾਬਕਾ ਮੁੱਖ ਮੰਤਰੀਆਂ ਤੇ ਇਕ ਸਾਬਕਾ ਰਾਜਪਾਲ ਸਣੇ 1600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਈਵੀਐੱਮਜ਼ ਵਿਚ ਬੰਦ ਹੋ ਗਈ। ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੇ 2019 ਵਿਚ ਪਹਿਲੇ ਪੜਾਅ ਦੀਆਂ 102 ਲੋਕ ਸਭਾ ਸੀਟਾਂ ’ਚੋਂ 39 ਸੀਟਾਂ ਜਿੱਤੀਆਂ ਸਨ। ਪੋਲਿੰਗ ਦਾ ਅਮਲ ਅੱਜ ਸਵੇਰੇ ਸੱਤ ਵਜੇ ਸ਼ੁਰੂ ਹੋਇਆ ਤੇ ਸ਼ਾਮੀਂ ਛੇ ਵਜੇ ਖ਼ਤਮ ਹੋ ਗਿਆ। ਪੂਰਬੀ ਨਾਗਾਲੈਂਡ ਦੇ ਛੇ ਜ਼ਿਲ੍ਹਿਆਂ ਵਿਚ ਚੋਣਾਂ ਦੌਰਾਨਚੁੱਪ ਸ਼ਾਂਤੀ ਪੱਸਰੀ ਰਹੀ ਕਿਉਂਕਿ ਕਬਾਇਲੀ ਜਥੇਬੰਦੀਆਂ ਦੀ ਸਿਖਰਲੀ ਸੰਸਥਾ ਵੱਲੋਂ ਵੱਖਰੇ ਰਾਜ ਦੀ ਮੰਗ ਨੂੰ ਲੈ ਕੇ ਦਿੱਤੇ ਅਣਮਿੱਥੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਲੋਕਾਂ ਨੇ ਘਰਾਂ ਵਿਚ ਰਹਿਣ ਨੂੰ ਤਰਜੀਹ ਦਿੱਤੀ। ਪੱਛਮੀ ਬੰਗਾਲ ਵਿਚ ਕੂਚ ਬਿਹਾਰ ਸੀਟ ਲਈ ਹੋਈ ਚੋਣ ਦੌਰਾਨ ਟੀਐੱਮਸੀ ਤੇ ਭਾਜਪਾ ਵਰਕਰ ਇਕ ਦੂਜੇ ਨਾਲ ਭਿੜ ਗਏ। ਦੋਵਾਂ ਧਿਰਾਂ ਦੇ ਸੂਤਰਾਂ ਮੁਤਾਬਕ ਚੋਣ ਹਿੰਸਾ, ਵੋਟਰਾਂ ਨੂੰ ਡਰਾਉਣ ਧਮਕਾਉਣ ਤੇ ਪੋਲ ਏਜੰਟਾਂ ’ਤੇ ਹਮਲਿਆਂ ਨੂੰ ਲੈ ਕੇ ਸੌ ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਹਿੰਸਾ ਦੇ ਝੰਬੇ ਮਨੀਪੁਰ ਵਿਚ ਕਰੀਬ 69.13 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਹੈ। ਛੱਤੀਸਗੜ੍ਹ ਦੀ ਨਕਸਲ ਪ੍ਰਭਾਵਿਤ ਬਸਤਰ ਲੋਕ ਸਭਾ ਹਲਕੇ ਵਿਚ 63.41 ਫੀਸਦ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਇਸੇ ਹਲਕੇ ਵਿਚ ਗ਼ਲਤੀ ਨਾਲ ਹੱਥਗੋਲਾ ਫਟਣ ਕਰਕੇ ਸੀਆਰਪੀਐੱਫ ਜਵਾਨ ਦੀ ਮੌਤ ਹੋ ਗਈ ਜਦੋਂਕਿ ਇਕ ਘਟਨਾ ਵਿਚ ਬਾਰੂਦੀ ਸੁਰੰਗ ਧਮਾਕੇ ਵਿਚ ਇਕ ਹੋਰ ਅਧਿਕਾਰੀ ਜ਼ਖ਼ਮੀ ਹੋ ਗਿਆ। ਤਾਮਿਲ ਨਾਡੂ ਦੀਆਂ ਸਾਰੀਆਂ 39 ਲੋਕ ਸਭਾ ਸੀਟਾਂ ਲਈ 65.19 ਫੀਸਦ ਪੋਲਿੰਗ ਹੋਈ। ਰਾਜ ਦੇ ਕੁਝ ਪੋਲਿੰਗ ਬੂਥਾਂ ’ਤੇ ਈਵੀਐੱਮਜ਼ ਵਿਚ ਤਕਨੀਕੀ ਨੁਕਸ ਕਰਕੇ ਇਕ ਘੰਟੇ ਦੇ ਕਰੀਬ ਵੋਟਿੰਗ ਦਾ ਅਮਲ ਰੁਕਿਆ ਰਿਹਾ।