ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਈਡੀ ’ਤੇ ਉਨ੍ਹਾਂ ਦੇ ਡਾਕਟਰ ਵੱਲੋਂ ਤਿਆਰ ਕੀਤੇ ਡਾਈਟ ਚਾਰਟ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਲਗਾਇਆ ਅਤੇ ਏਜੰਸੀ ਵੱਲੋਂ ਜਾਣ-ਬੁਝ ਕੇ ਸ਼ੂਗਰ ਦਾ ਪੱਧਰ ਵਧਾਉਣ ਦੇ ਲਾਏ ਗਏ ਦੋਸ਼ਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਸਿਰਫ਼ ਜ਼ਮਾਨਤ ਲਈ ਅਧਰੰਗ ਦਾ ਜੋਖ਼ਮ ਨਹੀਂ ਉਠਾ ਸਕਦੇ। ਰਾਊਜ਼ ਐਵੇਨਿਊ ਅਦਾਲਤ ਦੀ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ 22 ਅਪਰੈਲ ਨੂੰ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨ ਲਈ ਮੁੱਖ ਮੰਤਰੀ ਕੇਜਰੀਵਾਲ ਦੀ ਅਰਜ਼ੀ ’ਤੇ ਫ਼ੈਸਲਾ ਸੋਮਵਾਰ ਲਈ ਰਾਖਵਾਂ ਰੱਖ ਲਿਆ ਅਤੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਭਲਕੇ 20 ਅਪਰੈਲ ਤੱਕ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ। ਕੇਜਰੀਵਾਲ ਵੱਲੋਂ ਪੇਸ਼ ਹੋਏ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ, ‘ਈਡੀ ਨੇ ਦਾਅਵਾ ਕੀਤਾ ਕਿ ਮੈਂ ਜ਼ਮਾਨਤ ਲੈਣ ਲਈ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਣਾ ਚਾਹੁੰਦਾ ਹਾਂ। ਕੀ ਮੈਂ ਜ਼ਮਾਨਤ ਲੈਣ ਲਈ ਅਧਰੰਗ ਦਾ ਖ਼ਤਰਾ ਉਠਾਉਣ ਜਾ ਰਿਹਾ ਹਾਂ? ਮੇਰੇ ਕੋਲ ਜੋ ਵੀ ਭੋਜਨ ਸੀ ਉਹ ਗ੍ਰਿਫ਼ਤਾਰੀ ਤੋਂ ਪਹਿਲਾਂ ਡਾਈਟ ਚਾਰਟ ਅਨੁਸਾਰ ਸੀ।’ ਕੇਜਰੀਵਾਲ ਨੇ ਅੱਜ ਇੱਕ ਨਵੀਂ ਅਰਜ਼ੀ ਭੇਜ ਕੇ ਇਨਸੁਲਿਨ ਦਾ ਪ੍ਰਬੰਧ ਕਰਨ ਲਈ ਨਿਰਦੇਸ਼ ਦੇਣ ਤੇ ਰੋਜ਼ਾਨਾ ਡਾਕਟਰ ਨਾਲ ਵੀਡੀਓ ਕਾਨਫਰੰਸ ਰਾਹੀਂ ਸ਼ੂਗਰ ਬਾਰੇ ਮਸ਼ਵਰਾ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ।