Headlines

ਸਕਾਟਲੈਂਡ: ਦੋ ਭਾਰਤੀ ਵਿਦਿਆਰਥੀ ਡੁੱਬੇ

ਲੰਡਨ, 19 ਅਪਰੈਲ

ਯੂਕੇ ਦੀ ਇੱਕ ਯੂਨੀਵਰਸਿਟੀ ’ਚ ਪੜ੍ਹਦੇ ਦੋ ਭਾਰਤੀ ਵਿਦਿਆਰਥੀਆਂ ਦੀ ਸਕਾਟਲੈਂਡ ਦੇ ਇੱਕ ਝਰਨੇ ’ਚ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਵਿਦਿਆਰਥੀ ਭਾਰਤੀ ਸੂਬੇ ਆਂਧਰਾ ਪ੍ਰਦੇਸ਼ ਦੇ ਵਾਸੀ ਹਨ ਜਿਨ੍ਹਾਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਸੀ। ਪੁਲੀਸ ਸਕਾਟਲੈਂਡ ਵੱਲੋਂ ਹਾਲੇ ਤੱਕ ਇਨ੍ਹਾਂ ਦੀ ਪਛਾਣ ਨਹੀਂ ਦੱਸੀ ਗਈ। ਇਹ ਘਟਨਾ ਬੁੱਧਵਾਰ ਰਾਤ ਨੂੰ ਪਰਥਸ਼ਾਇਰ ਵਿੱਚ ਬਲੇਅਰ ਆਫ ਐਥੌਲ ਨੇੜੇ ਲਿਨ ਆਫ ਟੂਮੈੱਲ ਵਿੱਚ ਵਾਪਰੀ ਜਦੋਂ ਇੱਕ ਗਰੁੱਪ ਵਿੱਚੋਂ ਦੋ ਵਿਅਕਤੀ ਪਾਣੀ ਵਿੱਚ ਡਿੱਗ ਪਏ। ਉਨ੍ਹਾਂ ਦੇ ਦੋਸਤਾਂ ਵੱਲੋਂ ਮਦਦ ਲਈ ਰੌਲਾ ਪਾਏ ਜਾਣ ਮਗਰੋਂ ਸਕਾਟਿਸ਼ ਫਾਇਰ ਐਂਡ ਰੈਸਿਕਊ ਸਰਵਿਸ ਨੇ ਬਚਾਅ ਵਾਸਤੇ ਸਹਾਇਤਾ ਲਈ ਕਿਸ਼ਤੀ ਟੀਮ ਅਤੇ ਜਹਾਜ਼ ਭੇਜੇ। ਪੁਲੀਸ ਸਕਾਟਲੈਂਡ ਦੇ ਇੱਕ ਤਰਜਮਾਨ ਨੇ ਕਿਹਾ, ‘‘ਸਾਨੂੰ 17 ਅਪਰੈਲ ਬੁੱਧਵਾਰ ਨੂੰ ਸ਼ਾਮ 7 ਵਜੇ 22 ਤੋਂ 26 ਸਾਲ ਦੇ ਦੋ ਵਿਅਕਤੀਆਂ ਦੇ ਬਲੇਅਰ ਆਫ ਐਥੌਲ ਨੇੜੇ ਲਿਨ ਆਫ ਟੂਮੈੱਲ ਝਰਨੇ ’ਚ ਡਿੱਗਣ ਦੀ ਸੂਚਨਾ ਮਿਲੀ।’’ ਉਨ੍ਹਾਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਦਾ ਅਮਲਾ ਮੌਕੇ ’ਤੇ ਪਹੁੰਚਿਆ ਤੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਉਨ੍ਹਾਂ ਕਿਹਾ ਕਿ ਘਟਨਾ ਦੇ ਸਬੰਧ ’ਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਦੋ ਵਿਦਿਆਰਥੀਆ ਦੀ ਡੁੱਬਣ ਕਾਰਨ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਈਡਨਬਰਗ ’ਚ ਭਾਰਤੀ ਕੌਂਸੁਲੇਟ ਜਨਰਲ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਸੰਪਰਕ ਵਿੱਚ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਡੁੰਡੀ ਯੂਨੀਵਰਸਿਟੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਪੋਸਟਮਾਰਟਮ ਹੋਣ ਮਗਰੋਂ ਦੇਹਾਂ ਭਾਰਤ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।