ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ)-
ਪੰਜਾਬੀ ਦੇ ਨਾਮਵਰ ਕਵੀ ਡਾ ਮੋਹਨਜੀਤ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖਬਰ ਹੈ। 7 ਮਈ 1938 ਨੂੰ ਅੰਮ੍ਰਿਤਸਰ ਜਿਲੇ ਦੇ ਪਿੰਡ ਅਦਲੀਵਾਲਾ ਵਿੱਚ ਪੈਦਾ ਹੋਏ ਮੋਹਨਜੀਤ ਬੀਤੇ ਦਿਨਾਂ ਤੋਂ ਬ੍ਰੇਨ ਸਟਰੋਕ ਹੋਣ ਕਾਰਨ ਪਹਿਲਾਂ ਨਿਜੀ ਹਸਪਤਾਲ ਵਿੱਚ ਦਾਖ਼ਲ ਸਨ ਤੇ ਫਿਰ ਉਨ੍ਹਾਂ ਦਾ ਇਲਾਜ ਘਰ ਵਿੱਚ ਹੀ ਡਾਕਟਰਾਂ ਦੀ ਨਿਗਰਾਨੀ ਹੇਠ ਹੀ ਕੀਤਾ ਜਾ ਰਿਹਾ ਸੀ। ਉਨ੍ਹਾਂ ਦੀ ਮੌਤ ‘ਤੇ ਪੰਜਾਬੀ ਸਾਹਿਤ ਸਭਾ ਦਿੱਲੀ ਦੀ ਚੇਅਰਪਰਸਨ ਡਾ ਰੈਣੂਕਾ ਸਿੰਘ, ਡਾਇਰੈਕਟਰ ਬਲਬੀਰ ਮਾਧੋਪੁਰੀ, ਸਿੱਧੂ ਦਮਦਮੀ, ਗੁਰਭਜਨ ਗਿੱਲ, ਨਾਵਲਕਾਰ ਨਛੱਤਰ, ਨਾਟਕਕਾਰ ਡਾ ਸਵਰਾਜਬੀਰ, ਰਾਵੇਲ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਦੇ ਪ੍ਰੋਫੈਸਰ ਕੁਲਬੀਰ ਗੋਜਰਾ, ਡਾ ਰਵੀ ਰਵਿੰਦਰ, ਬਲਜਿੰਦਰ ਨਸਰਾਲੀ, ਲੇਖਕਾਂ ਅਮੀਆ ਕੰਵਰ, ਹਰਜੀਤ ਕੌਰ ਵਿਰਦੀ, ਕਹਾਣੀਕਾਰ ਬਲਵਿੰਦਰ ਸਿੰਘ ਬਰਾੜ ਤੇ ਵੱਖ ਵੱਖ ਸਾਹਿਤਕ ਸੰਸਥਾਵਾਂ ਵੱਲੋਂ ਦੁਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਕਵਿਤਾ, ਅਨੁਵਾਦ ਤੇ ਆਲੋਚਨਾ ਦੀਆਂ ਦੋ ਦਰਜਨ ਤੋਂ ਵਧ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨ। ਉਨ੍ਹਾਂ ਆਪਣੀ ਸਵੈ ਜੀਵਨੀ ਵੀ ਲਿਖੀ ਹੈ। ਉਹ ਆਪਣੇ ਪਿਛੇ ਦੋ ਪੁੱਤਰ, ਪਤਨੀ ਤੇ ਪਰਿਵਾਰ ਛੱਡ ਗਏ ਹਨ।