Headlines

ਵਿਸ਼ੇਸ਼ ਲੇਖ- ਚਮਕੀਲਾ ਬਨਾਮ ਲੱਚਰ ਗਾਇਕੀ ਬਨਾਮ ਸਾਡੇ ਲੋਕ

-ਮੰਗਲ ਸਿੰਘ ਚੱਠਾ, ਕੈਲਗਰੀ।
ਫੋਨ : 403-708-1596
ਪਿਛਲੇ ਦਿਨੀ ਪੰਜਾਬੀ ਦੇ ਪ੍ਰਸਿਧ ਗਾਇਕ ਅਮਰ ਸਿੰਘ ਚਮਕੀਲਾ ਦੀ ਜਿੰਦਗੀ ਤੇ ਗਾਇਕੀ ਸਬੰਧੀ ਬਾਲੀਵੁੱਡੀ ਦੀ ਫਿਲਮ ਉਪਰ ਭਾਰੀ ਚਰਚਾ ਹੈ। ਇਸ ਫਿਲਮ ਦੇ ਨਾਲ ਹੀ ਗਾਇਕੀ ਵਿਚ ਲੱਚਰਚਾ ਨੂੰ ਲੈਕੇ ਵੀ ਵੱਡਾ ਵਿਵਾਦ ਛਿੜਿਆ ਹੋਇਆ ਹੈ। ਅਜਿਹਾ ਵਿਵਾਦ ਤੇ ਵਿਰੋਧ ਤਿੰਨ ਕੁ ਸਾਲ ਪਹਿਲਾ 2013-14 ਦੇ ਲੱਗਭੱਗ ਕੈਲਗਰੀ ਦੇ ਪੰਜਾਬੀ ਭਾਈਚਾਰੇ ਵਿਚ ਵੀ ਦੇਖਣ ਨੂੰ ਮਿਲਿਆ। ਜੋ ਇੱਕ ਚੰਗਾ ਕਦਮ ਹੈ। ਹੁਣ ਸਿੱਪੀ ਗਿੱਲ ਅਤੇ ਕਾਫ਼ੀ ਪਹਿਲਾ ਦਲਜੀਤ ਦੁਸਾਂਝ ਦਾ ਬਹੁ ਗਿਣਤੀ ਵੀਰਾਂ ਨੇ ਕਾਫੀ ਵਿਰੋਧ ਕੀਤਾ। ਜੇ ਤਾਂ ਇਹ ਵਿਰੋਧ ਤੁਸੀਂ ਦਿਲੋਂ ਕੀਤਾ ਤਾਂ ਸਫਲਤਾ ਜ਼ਰੂਰ ਮਿਲੇਗੀ, ਜੇ ਨਿੱਜੀ ਰੰਜ਼ਸ਼ ਦੇ ਕਰਕੇ ਤਾਂ ਹਰਗਿਜ਼ ਨਹੀਂ।
ਵੱਡਾ ਸਵਾਲ ਹੈ ਕਿ ਲੱਚਰ ਗਾਇਕੀ ਦਾ ਵਿਰੋਧ ਕਰਨ ਵਾਲੇ ਇਹ ਜ਼ਰੂਰ ਸੋਚਣ ਕਿ ਕੀ ਤੁਸੀਂ ਖ਼ੁਦ ਤਾਂ ਨਹੀਂ ਲੱਚਰ ਗਾਇਕੀ ਸੁਣਦੇ ਜਾਂ ਕਦੇ ਪ੍ਰਮੋਟ ਕੀਤਾ? ਕੀ ਤੁਸੀਂ ਇੰਡੀਆ ਜਾ ਕੇ ਜਾਂ ਇੱਥੇ ਕਿਤੇ ਵਿਆਹ ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਮੌਕਿਆਂ ਤੇ ਇਹਨਾਂ ਕਲਾਕਾਰਾਂ ਦੇ ਅਖ਼ਾੜੇ ਤਾਂ ਨਹੀਂ ਲਵਾਏ ਜਾਂ ਇਹਨਾਂ ਦੇ ਗਾਣਿਆਂ ਤੇ ਡੀ ਜੇ ਤੇ ਭੰਗੜੇ ਤਾਂ ਨਹੀਂ ਪਾਏ। ਕੀ ਤੁਸੀਂ ਟੀ ਵੀ ਉੱਤੇ ਕਪਿਲ ਸ਼ਰਮਾਂ ਦੀ ਦੋ ਅਰਥੀ ਕਮੇਡੀ ਤਾਂ ਨਹੀਂ ਦੇਖਦੇ ਅਤੇ ਸੁਣਦੇ? ਜਿਸ ਵਿਚ ਇਹਨਾਂ ਕਲਾਕਾਰਾਂ ਨਾਲੋਂ ਕਿਤੇ ਵੱਧ ਅਸ਼ਲੀਲਤਾ ਹੈ। ਜੇ ਤੁਸੀਂ ਇਹ ਸਭ ਸੁਣਦੇ ਅਤੇ ਦੇਖਦੇ ਹੋ ਤਾਂ ਤੁਹਾਨੂੰ ਕੋਈ ਅਧਿਕਾਰ ਨਹੀਂ ਕਿ ਤੁਸੀਂ ਇਹੋ ਜਿਹੀ ਗਾਇਕੀ ਦਾ ਵਿਰੋਧ ਕਰੋ। ਜਿਹੜਾ ਆਪ ਸ਼ਰਾਬ ਪੀਂਦਾ ਹੋਵੇ ਦੂਜਿਆਂ ਨੂੰ ਕਿਵੇਂ ਡੱਕ ਸਕਦਾ ਹੈ।
ਇੱਕ ਗੱਲ ਹੋਰ ਦੇਖਣ ਅਤੇ ਸੋਚਣ ਵਾਲੀ ਹੈ ਤੁਸੀਂ ਜਾਂ ਸਾਡੇ ਸਮਾਜ ਨੇ ਲੱਚਰ ਗਾਇਕੀ ਦੇ ਵਿਰੋਧ ਦੀ ਬਜਾਇ ਸਾਫ਼-ਸੁਥਰੀ ਗਾਇਕੀ ਜਾਂ ਢਾਡੀ ਅਤੇ ਕਵੀਸ਼ਰਾਂ ਨੂੰ ਪ੍ਰਮੋਟ ਕੀਤਾ ਹੁੰਦਾ ਤਾਂ ਅੱਜ ਅਸ਼ਲੀਲ ਗਾਇਕੀ ਆਪਣਾ ਏਨਾ ਫ਼ੱਨ ਨਾ ਚੁੱਕਦੀ। ਕੋਈ ਵੀ ਕਲਾਕਾਰ ਸਾਡੀਆਂ ਧੀਆਂ ਭੈਣਾਂ ਦੇ ਨੱਕ, ਅੱਖ ਜਾਂ ਲੱਕ ਦੀ ਗੱਲ ਨਾ ਕਰਦਾ ਤੇ ਨਾਂ ਹੀ ਸ਼ਰੇਆਮ ਚੁੱਕਕੇ ਲਿਜਾਣ ਦੇ ਗੀਤ ਗਾਉਂਦਾ। ਜੇ ਅਸੀਂ ਢਾਡੀ, ਕਵੀਸ਼ਰਾਂ ਤੇ ਸਾਫ਼ ਸੁਥਰੇ ਗਾਇਕਾਂ ਨੂੰ ਪ੍ਰਮੋਟ ਕੀਤਾ ਹੁੰਦਾ ਤਾਂ ਹਾਕਮ ਸੂਫ਼ੀ ਅਤੇ ਬਰਕਤ ਸਿੱਧੂ ਵਰਗਿਆਂ ਨੂੰ ਗੁਰਬਤ ਦੇ ਦਿਨ ਨਾ ਗੁਜ਼ਾਰਨੇ ਪੈਂਦੇ ਨਾ ਹੀ ਨੰਦ ਲਾਲ ਨੂਰਪੁਰੀ ਵਰਗਿਆਂ ਨੂੰ ਗਰੀਬੀ ਦੇ ਦੁੱਖ ਖ਼ੂਹ ਵਿਚ ਛਾਲ ਮਾਰ ਕੇ ਮਰਨਾ ਪੈਂਦਾ ‘ਤੇ ਨਾ ਹੀ ਜੈਨੀ ਜੌਹਲ ਵਰਗੀਆਂ ਕੁੜੀਆਂ ਨੂੰ ਢਾਡੀ ਵਾਰਾਂ ਛੱਡ ਕੇ ਗਾਇਕੀ ਵਾਲੇ ਪਾਸੇ ਆਉਣਾ ਪੈਂਦਾ। ਸਾਫ਼-ਸੁਥਰੇ ਗਾਇਕਾਂ ਤੇ ਵੀ ਤੁਸੀਂ ਇਸ਼ਕ-ਮੁਸ਼ਕ ਦੇ ਗੀਤਾਂ ਦਾ ਦੋਸ਼ ਲਾ ਸਕਦੇ ਹੋ ਪਰ ਸਾਡੇ ਢਾਡੀ ਅਤੇ ਕਵੀਸ਼ਰ ਵੀਰਾਂ ਨੇ ਅਜਿਹਾ ਗਾਉਣਾ ਤਾਂ ਕੀ ਸੋਚਿਆ ਵੀ ਨਹੀਂ ਹੋਣਾ। ਉਹਨਾਂ ਨੇ ਤਾਂ ਸਿਰਫ਼ ਗੁਰੂ ਇਤਿਹਾਸ ਅਤੇ ਸਮਾਜਿਕ ਕੁਰੀਤੀਆਂ ਦੀ ਗੱਲ ਕੀਤੀ ਹੈ।
ਇੱਕ ਗੱਲ ਹੋਰ ਲੱਚਰ ਗਾਇਕੀ ਦਾ ਵਿਰੋਧ ਕਰਨ ਵਾਲਿਆਂ ਅਤੇ ਸਮਾਜ ਨੂੰ ਸੋਚਣ ਲਈ ਮਜ਼ਬੂਰ ਕਰ ਦੇਵੇਗੀ। ਉਹ ਹੈ ਅਸ਼ਲੀਲ ਗਾਇਕੀ ਅਤੇ ਢਾਡੀ, ਕਵੀਸ਼ਰਾਂ ਵਿਚ ਆਰਿਥਕ ਤੌਰ ਤੇ ਫ਼ਰਕ। ਲੱਚਰ ਗਾਇਕਾਂ ਨੂੰ ਸਾਡੇ ਵੀਰ ਤਿੰਨ ਤੋਂ ਸੱਤ ਲੱਖ ਦੇ ਕੇ ਵੀ ਸੌ ਤੋਂ ਹਜ਼ਾਰ ਰੁਪਏ ਤੱਕ ਦੇ ਨੋਟ ਉੱਪਰੋਂ ਸੁੱਟਦੇ ਹਨ। ਪਰ ਢਾਡੀਆਂ ਅਤੇ ਕਵੀਸ਼ਰਾਂ ਨੂੰ ਦਸ-ਪੰਦਰਾਂ ਹਜ਼ਾਰ ਦੇਣ ਲੱਗੇ ਵੀ ਹੱਥ ਘੁੱਟਦੇ ਹਨ। ਅਸ਼ਲੀਲ ਗਾਉਣ ਵਾਲੇ ਜਦੋਂ ਵਿਦੇਸ਼ਾਂ ਵਿਚ ਆਉਂਦੇ ਹਨ ਤਾਂ ਲੋਕ ਪੰਜਾਹ ਤੋਂ ਸੌ ਡਾਲਰ ਤੱਕ ਦੀਆਂ ਟਿਕਟਾਂ ਲੈ ਕੇ ਹਜ਼ਾਰਾਂ ਦੀ ਤਦਾਦ ਵਿਚ ਉਹਨਾਂ ਨੂੰ ਸੁਨਣ ਜਾਂਦੇ ਹਨ। ਪਰ ਸਾਡੇ ਅਸਲ ਹੀਰੋ ਪ੍ਰਚਾਰਕਾਂ ਨੂੰ ਸ਼ਾਮ ਨੂੰ ਗੁਰਦੁਵਾਰਿਆਂ ਵਿਚ ਸੁਨਣ ਵਾਲਿਆਂ ਦੀ ਗਿਣਤੀ 80-90 ਤੋਂ ਵੱਧ ਨਹੀਂ ਹੁੰਦੀ ਤੇ ਉਹਨਾਂ ਨੂੰ ਪੰਜ ਡਾਲਰ ਤੋਂ ਵੱਧ ਕੋਈ ਨਹੀਂ ਦਿੰਦਾ। ਗੰਦੇ ਗਾਣੇ ਗਾਉਣ ਵਾਲੇ ਰਹਿੰਦੇ ਵੀ ਫਾਈਵ ਸਟਾਰ ਹੋਟਲਾਂ ਵਿਚ ਅਤੇ ਖਾਣੇ ਵੀ ਮਹਿੰਗੇ ਰੈਸਟੋਰੈਟਾਂ ਵਿਚ ਖ਼ਾਦੇ ਹਨ ਪਰ ਸਾਡੇ ਸਿੱਖੀ ਦੇ ਅਤੇ ਸਮਾਜਿਕ ਸਰੋਕਾਰਾਂ ਦੇ ਵਿਸ਼ਿਆਂ ਦੇ ਪ੍ਰਚਾਰਕ ਵੀਰਾਂ ਨੂੰ ਰਾਤ ਨੂੰ ਸੌਣ ਲੱਗਿਆ ਫ਼ਰਸ਼ ਤੇ ਗੱਦਾ ਵੀ ਨਸੀਬ ਨਹੀਂ ਹੁੰਦਾ ਤੇ ਜੇ ਕਿਤੇ ਉਹ ਨਿੱਜੀ ਤੌਰ ਤੇ ਗੁਰਦੁਆਰੇ ਦੀ ਦਾਲ ਨੂੰ ਤੜਕਾ ਵੀ ਲਗਾ ਲੈਣ ਤਾਂ ਲੋਕ ਗੱਲਾਂ ਕਰਨ ਲੱਗ ਪੈਂਦੇ ਹਨ। ਦੂਸਰੇ ਪਾਸੇ ਲੱਚਰ ਗਾਉਣ ਵਾਲੇ ਜਿੰਨ੍ਹਾਂ ਵੱਧ ਗੰਦ ਪਾਉਂਦੇ ਹਨ ਉਨ੍ਹਾਂ ਵੱਧ ਹਿੱਟ ਤੇ ਉਨ੍ਹਾਂ ਵੱਧ ਰੇਟ।
ਅਸ਼ਲੀਲ ਗਾਉਣ ਵਾਲਿਆਂ ਨੇ ਸਮੇਂ ਦੀਆਂ ਸਰਕਾਰਾਂ ਦੀਆਂ ਤਰੀਫ਼ਾਂ, ਖੁਸ਼ਮਾਦਗੀ ਤੋਂ ਇਲਾਵਾ ਕੁਝ ਨਹੀਂ ਕੀਤਾ। ਪਰ ਦੂਸਰੇ ਪਾਸੇ ਸਾਡੇ ਢਾਡੀ ਅਤੇ ਕਵੀਸ਼ਰ ਵੀਰਾਂ ਨੇ ਸਮੇਂ ਦੀਆਂ ਸਰਕਾਰਾਂ ਦੀਆਂ ਧੱਕੇ-ਸ਼ਾਹੀਆਂ ਅਤੇ ਜ਼ੁਲਮਾਂ ਦੇ ਵਿਰੁੱਧ ਅਵਾਜ਼ ਚੁੱਕੀ ਹੈ। ਨਾਭੇ ਵਾਲੀਆਂ ਬੀਬੀਆਂ, ਦਇਆ ਸਿੰਘ ਦਿਲਬਰ, ਜੋਗਾ ਸਿੰਘ ਜੋਗੀ ਨੇ ਜੇਲ੍ਹਾਂ ਵੀ ਕੱਟੀਆਂ ਅਤੇ ਤਸ਼ੱਦਦਵੀ ਝੱਲਿਆ । ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਤਾਂ ਆਪਣੀ ਜਾਨ ਦੀ ਵੀ ਬਾਜ਼ੀ ਲਾ ਗਏ। ਨਕਸਲਵਾਦੀ ਲਹਿਰ ਦੌਰਾਨ ਸੰਤ ਰਾਮ ਉਦਾਸੀ ਅਤੇ ਪਾਸ਼ ਨੇ ਵੀ ਬਹੁਤ ਇਨਕਲਾਬੀ ਲਿਖਿਆ। ਉਹਨਾਂ ਦੀ ਆਪਾਂ ਕਿੰਨੀ ਕੁ ਕਦਰ ਪਾਈ ਇਹ ਵੀ ਸੋਚਣ ਵਾਲੀ ਗੱਲ ਹੈ।
ਕਹਿੰਦੇ ਹਨ ਦਾਤੀ ਨੂੰ ਦੰਦਾਂ ਇਕ ਪਾਸੇ ਅਤੇ ਦੁਨੀਆਂ ਨੂੰ ਦੋ ਪਾਸੇ। ਪਰ ਮੇਰੀ ਸੋਚ ਮੁਤਾਬਕ ਲੱਚਰ ਗਾਇਕੀ ਨੂੰ ਸੁਨਣ ਵਾਲਿਆਂ ਨੂੰ ਤਾਂ ਤਿੰਨ-ਚਾਰ ਪਾਸੇ ਦੰਦੇ ਹਨ, ਮੈਂ ਇਹਨਾਂ ਦੀ ਵੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਇੰਡੀਆ ਵਿਚ ਮੇਰਾ ਛੋਟਾ ਜਿਹਾ ਟਰਾਂਸਪੋਰਟ ਦਾ ਕੰਮ ਸੀ। ਮਹੀਨੇ ਵਿਚ ਸੈਂਕੜੇ ਲੋਕਾਂ ਨਾਲ ਵਾਹ ਪੈਂਦਾ। ਕਈ ਲੋਕ ਤਾਂ ਬੜੀ ਅਜੀਬ ਕਿਸਮ ਦੇ ਮਿਲਦੇ, ਜਦੋਂ ਸਵੇਰੇ ਚਮਕੀਲੇ ਦੇ ਗੀਤ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਤੇ ‘ਤਲਵਾਰ ਮੈਂ ਕਲਗੀਧਰ ਦੀ ਹਾਂ’ ਸੁਣਦੇ ਤਾਂ ਇਕ ਵਪਾਰੀ ਨੇ ਕਹਿਣਾ ‘ਨੂਰਪੁਰੀਆ’ ਵੇਖੀ ਜਿਹਨਾਂ ਨੇ ਚਮਕੀਲਾ ਮਾਰਿਆ ਉਹਨਾਂ ਨੂੰ ਨਰਕਾਂ ਵਿਚ ਵੀ ਜਗ੍ਹਾ ਨਹੀਂ ਮਿਲਣੀ। ਦੁਪਹਿਰ ਵੇਲੇ ਜਦ ‘ਮਿੱਤਰਾਂ ਦੇ ਨਾਲ ਧੋਖਾਂ ਨਹੀਂ ਕਮਾਈਦਾ’ ਤੇ ‘ਕਰ ਯਾਦ ਕੁੜੇ’ ਵਰਗੇ ਗੀਤ ਲਾਉਣੇ ਤਾਂ ਕਹਿਣਾ ਇਹਨੂੰ ਮਾਰਨਾ ਨਹੀਂ ਸੀ ਚਾਹੀਦਾ। ਸ਼ਾਮ ਨੂੰ ਜਦੋਂ ‘ਜਿਹਨੇ ਲਾਲ ਪਰੀ ਨਾ ਪੀਤੀ, ਰੰਨ ਕੁੱਟ ਕੇ… ਕੀਤੀ’ ਤਾਂ ਕਹਿਣਾ ਇੱਕ ਗੱਲ ‘ਨੂਰਪੁਰੀਆ’ ਆਹ ਤਾਂ ਜਿਹਨਾਂ ਨੇ ਮਾਰਿਆ ਜੱਸ ਖੱਟ ਗਏ ਹੈ ਤਾਂ ਪਤੰਦਰ ਮਾਰਨ ਵਾਲਾ ਹੀ ਸੀ। ਹੁਣ ਲੋਕਾਂ ਦਾ ਤੁਸੀਂ ਕੀ ਕਰੋਗੇ, ਲੋਕ ਚਮਕੀਲੇ ਨੂੰ ਸੁਣਦੇ ਵੀ ਰਹੇ, ਭੰਡਦੇ ਵੀ ਰਹੇ, ਜਿਹਨਾਂ ਨੇ ਮਾਰਿਆ ਉਹਨਾਂ ਨੂੰ ਨਿੰਦਦੇ ਵੀ ਰਹੇ ਤੇ ਸਲਾਹੁੰਦੇ ਵੀ ਰਹੇ।
ਕੈਲਗਰੀ ਸ਼ਹਿਰ ਵਿਚ ਮੈਂ ਦੇਖਿਆ ਕੁਝ ਸਾਹਿਤਕ, ਸੁਹਿਰਦ ਸੰਸਥਾਵਾਂ ਨੇ ਗਦਰੀ ਬਾਬਿਆਂ ਦੇ ਨਿਰੋਲ ਪ੍ਰੋਗਰਾਮ ਵੀ ਕਰਵਾਏ। ਪਰ ਸਰੋਤਿਆਂ ਦੀ ਗਿਣਤੀ 180-190 ਤੋਂ ਵੱਧ ਨਹੀਂ ਹੋਈ। ਸੋ ਤੁਹਾਡਾ ਗਦਰੀ ਬਾਬਿਆਂ ਦਾ ਸੁਨੇਹਾ ਥੋੜੇ ਲੋਕਾਂ ਵਿਚ ਗਿਆ। ਪਰ ਸੱਭਿਆਚਾਰਕ ਪ੍ਰੋਗਰਾਮ ਦੇ ਨਾਮ ਹੇਠ 8-9 ਹਜ਼ਾਰ ਦੀ ਗਿਣਤੀ ਜੁੜ ਜਾਂਦੀ ਹੈ। ਜੇ ਪ੍ਰਬੰਧਕ 20 ਪ੍ਰਤੀਸ਼ਤ ਗੱਲ ਵੀ ਉਹਨਾਂ ਗਦਰੀ ਬਾਬਿਆਂ ਦੀ ਕਰ ਦੇਣ ਤਾਂ ਗਦਰੀ ਬਾਬਿਆਂ ਦਾ ਸੁਨੇਹਾ ਬਹੁਤੇ ਲੋਕਾਂ ਵਿਚ ਚਲਿਆ ਜਾਂਦਾ ਹੈ। ਹੁਣ ਦੱਸੋ ਕਿਹੜਾ ਪ੍ਰੋਗਰਾਮ ਕਾਮਯਾਬ ਹੋਇਆ। ਮੈਂਨੂੰ ਵੀ ਬੱਬਰ ਅਕਾਲੀਆਂ ਦੇ ਇਤਿਹਾਸ ਬਾਰੇ ਤਾਂ ਪਤਾ ਸੀ ਪਰ ਗਦਰੀ ਬਾਬਿਆਂ ਦੇ ਇਤਿਹਾਸ ਬਾਰੇ ਕੈਲਗਰੀ ਵਿਚ ਮੇਵਾ ਸਿੰਘ ਲੋਪੋਕੇ ਦਾ ਮੇਲਾ ਦੇਖਕੇ ਹੀ ਪਤਾ ਲੱਗਾ ਤੇ ਬਾਅਦ ਵਿਚ ਇਹਨਾਂ ਗਦਰੀ ਸ਼ਹੀਦਾਂ ਬਾਰੇ ਜਾਨਣ ਦੀ ਖਿੱਚ ਪੈਦਾ ਹੋਈ ਅਤੇ ਪੜ੍ਹਿਆ ਵੀ। ਸੱਚਮੁੱਚ ਬਹੁਤ ਵੱਡੀ ਕੁਰਬਾਨੀ ਹੈ ਗਦਰੀ ਬਾਬਿਆਂ ਦੀ ਕੈਨੇਡਾ ਅਤੇ ਭਾਰਤ ਨੂੰ ਅਜ਼ਾਦੀ ਦਵਾਉਣ ਵਿਚ।
ਅਖ਼ੀਰ ਵਿਚ ਮੇਰੀ ਲੱਚਰ ਗਾਇਕੀ ਦਾ ਵਿਰੋਧ ਕਰਨ ਵਾਲਿਆਂ ਨੂੰ ਇੱਕੋ ਬੇਨਤੀ ਹੈ ਕਿ
ਲੱਚਰ ਗਾਇਕੀ ਦਾ ਵਿਰੋਧ ਜੰਮ-ਜੰਮ ਕਰੋ। ਪਰ ਇਸਦੀ ਬਜਾਇ ਜੇਕਰ ਚੰਗੇ ਗਾਇਕਾਂ, ਲੇਖਕਾਂ, ਢਾਡੀਆਂ ਅਤੇ ਕਵੀਸ਼ਰਾਂ ਨੂੰ ਪ੍ਰਮੋਟ ਕਰੋਗੇ ਤਾਂ ਇਸ ਤੋਂ ਵੀ ਵਧੀਆ ਕਦਮ ਹੋਵੇਗਾ। ਤੁਸੀਂ ਸਮਾਜ ਨੂੰ ਕੁਝ ਨਾ ਕੁਝ ਬਦਲਨ ਵਿਚ ਕਾਮਯਾਬ ਹੋਵੋਗੇ। ਪਰ ਜੇਕਰ ਤੁਸੀਂ ਖ਼ੁਦ ਲੱਚਰ ਗਾਇਕੀ ਸੁਣਦੇ ਅਤੇ ਪ੍ਰਮੋਟ ਕਰਦੇ ਹੋ ਤਾਂ ਲੱਚਰ ਗਾਇਕੀ ਦਾ ਵਿਰੋਧ ਕਰਨਾ ਨਿੱਜੀ ਰੰਜ਼ਿਸ਼, ਈਰਖ਼ਾ ਤੇ ਹਲਕੀ ਸ਼ੋਹਰਤ ਤੋਂ ਇਲਾਵਾ ਕੁਝ ਵੀ ਨਹੀਂ।