Headlines

ਸੰਪਾਦਕੀ— ਲੱਚਰਤਾ ਦੇ ਵਿਸ਼ੇਸ਼ਣ ਨਾਲ ਵਜਦਾ ਚਮਕੀਲਾ….

ਸੁਖਵਿੰਦਰ ਸਿੰਘ ਚੋਹਲਾ—-

ਪਿਛਲੇ ਦਿਨੀਂ ਨੈਟਫਲਿਕਸ ਉਪਰ ਜਾਰੀ ਹੋਈ ਪੰਜਾਬੀ ਦੇ ਪ੍ਰਸਿਧ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਸੰਘਰਸ਼ ਭਰੀ ਜਿੰਦਗੀ, ਗਾਇਕੀ, ਉਸਦੀ ਮਕਬੂਲੀਅਤ ਬਾਰੇ ਬਣਾਈ ਗਈ ਫਿਲਮ ਜਾਰੀ ਹੋਈ ਹੈ। ਇਸ ਫਿਲਮ ਦੇ ਜਾਰੀ ਹੋਣ ਨਾਲ ਜਿਥੇ ਫਿਲਮਕਾਰ ਇਮਤਿਆਜ਼ ਅਲੀ ਦੀਆਂ  ਕਲਾ ਜੁਗਤਾਂ ਤੇ ਚਮਕੀਲਾ ਜੋੜੀ ਦੀ ਭੂਮਿਕਾ ਨਿਭਾਉਣ ਵਾਲੇ ਗਾਇਕ ਦਿਲਜੀਤ ਦੁਸਾਂਝ ਤੇ ਪ੍ਰਨੀਤੀ ਚੋਪੜਾ ਦੇ ਕੰਮ ਦੀ ਚਰਚਾ ਹੈ ਉਥੇ ਸੋਸ਼ਲ ਮੀਡੀਆ ਉਪਰ ਪੰਜਾਬ ਦੇ ਉਸ ਭਿਆਨਕ ਦੌਰ ਨੂੰ ਲੈਕੇ ਵੀ ਕਈ ਤਰਾਂ ਦੀ ਚਰਚਾ ਹੈ। ਜਿਲਾ ਜਲੰਧਰ ਦੇ ਪਿੰਡ ਮਹਿਸਮਪੁਰਾ ਵਿਚ 8 ਮਾਰਚ 1988 ਨੂੰ ਤਿੰਨ ਨਕਾਬਪੋਸ਼ ਬੰਦੂਕਧਾਰੀਆਂ ਵਲੋਂ ਚਮਕੀਲਾ, ਉਸਦੀ ਪਤਨੀ ਅਮਰਜੋਤ ਕੌਰ ਅਤੇ ਦੋ ਹੋਰ ਸ਼ਾਜਿੰਦਿਆਂ ਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਦਿਲ ਦਹਿਲਾ ਦੇਣ ਵਾਲੀ ਤਾਂ ਹੈ ਹੀ ਪਰ ਗਾਇਕ ਜੋੜੀ ਅਤੇ ਉਹਨਾਂ ਦੇ ਦੋ ਸਾਥੀਆਂ ਦੀ ਹੱਤਿਆ ਦੀ ਗੁੱਥੀ ਅੱਜ ਵੀ ਅਣਸੁਲਝੀ ਹੈ। ਪੁਲਿਸ ਰਿਕਾਰਡ ਅੱਤਵਾਦ ਦੇ ਸਮੇਂ ਦੌਰਾਨ ਵਾਪਰੀਆਂ ਹਜਾਰਾਂ ਦੁਖਦਾਈ ਘਟਨਾਵਾਂ ਵਾਂਗ ਇਸ ਘਟਨਾ ਬਾਰੇ ਵੀ ਚੁੱਪ ਹੈ ਤੇ ਅਣਸੁਲਝੇ ਕੇਸਾਂ ਦੀ ਕਬਰ ਵਿਚ ਦਫਨ ਹੈ। ਪਰ ਲੋਕ ਚਰਚਾ ਵਿਚ ਚਮਕੀਲਾ ਜੋੜੀ ਦੇ ਕਾਤਲਾਂ ਦੇ ਨਾਮ ਗੁੱਝੇ ਨਹੀਂ। ਚਮਕੀਲਾ ਜੋੜੀ ਨੂੰ ਲੱਚਰ ਗਾਇਕੀ ਅਤੇ ਸਮਾਜ ਵਿਚ ਕਥਿਤ ਗੰਦ ਫੈਲਾਉਣ ਦੇ ਦੋਸ਼ਾਂ ਦੀ ਆੜ ਹੇਠ ਕਤਲ ਕੀਤੇ ਜਾਣ ਨੂੰ ਜਾਇਜ਼ ਠਹਿਰਾਉਣ ਵਾਲੇ ਲੋਕ ਸੋਸ਼ਲ ਮੀਡੀਆ ਉਪਰ ਉਸਦੇ ਕਾਤਲਾਂ ਨੂੰ ਜਾਂਬਾਜ਼ ਤੇ ਸਮੇਂ ਦੇ ਹੀਰੋ ਦਸਦਿਆਂ ਉਹਨਾਂ ਦੀ ਤਸਵੀਰਾਂ ਸਾਂਝੀਆਂ ਕਰ ਰਹੇ ਹਨ। ਸਮੇਂ ਦੇ ਪੁਲਿਸ ਤੰਤਰ ਨੇ ਇਸ ਕਤਲ ਨੂੰ ਅਣਸੁਲਝਿਆ ਤੇ ਅਣਪਛਾਤੇ ਕਾਤਲਾਂ ਦੇ ਨਾਮ ਹੇਠ ਫਾਈਲਾਂ ਬੰਦ ਕਰ ਦਿੱਤੀਆਂ ਪਰ ਹੁਣ ਸੋਸ਼ਲ ਮੀਡੀਆ ਰਾਹੀਂ ਉਸਦੇ ਕਾਤਲ ਜੱਗ ਜਾਹਰ ਹਨ ਤੇ ਇਕ ਸੋਚ ਦੇ ਹੀਰੋ ਵਜੋਂ ਪੇਸ਼ ਪੇਸ਼ ਹਨ।

ਚਮਕੀਲਾ ਜੋੜੀ ਨੂੰ ਕਤਲ ਕੀਤੇ ਜਾਣ ਤੇ ਉਹਨਾਂ ਨਾਲ ਦੋ ਹੋਰ ਸ਼ਾਜਿੰਦਿਆਂ ਨੂੰ ਮਾਰ ਦੇਣ ਦੀ ਘਟਨਾ ਸ਼ਾਇਦ ਇਹਨਾਂ ਲੋਕਾਂ ਲਈ ਦਿਲ ਦਹਿਲਾ ਦੇਣ ਤੇ ਆਤਮਾ ਨੂੰ ਝੰਜੋੜਨ ਵਾਲੀ ਨਾ ਹੋਵੇ ਪਰ ਉਹ ਲੋਕ ਜੋ ਅੱਜ ਤੱਕ ਉਸ ਦੌਰ ਦੀਆਂ ਅਨੇਕਾਂ ਅਜਿਹੀਆਂ ਘਟਨਾਵਾਂ ਨੂੰ ਸਰਕਾਰੀ ਏਜੰਸੀਆਂ ਦਾ ਨਾਮ ਦੇਕੇ ਸੁਰਖੁਰੂ ਹੋਣ ਦਾ ਯਤਨ ਕਰਦੇ ਰਹੇ ਹਨ, ਉਹਨਾਂ ਸਾਹਮਣੇ  ਇਕ ਵੱਡਾ ਸਵਾਲ ਹਨ, ਇਹ ਸੋਸ਼ਲ ਮੀਡੀਆ ਦੀਆਂ ਪੋਸਟਾਂ। ਇਹ ਕਿਸੇ ਤੋਂ ਲੁਕਿਆ ਛੁਪਿਆ ਨਹੀ ਤੇ  ਇਸ ਸਬੰਧੀ ਅਨੇਕਾਂ ਅਜਿਹੀਆਂ ਲਿਖਤਾਂ ਤੇ ਦਸਤਾਵੇਜ਼ ਸਾਹਮਣੇ ਹਨ ਜਿਹਨਾਂ ਵਿਚ ਇਹ ਭਰਪੂਰ ਖੁਲਾਸਾ ਹੈ ਕਿ ਖਾੜਕੂਵਾਦ ਦੇ ਦੌਰ ਲਈ ਕੌਣ ਧਿਰਾਂ ਜਿੰਮੇਵਾਰ ਸਨ। ਸਰਕਾਰ ਤੇ ਸਰਕਾਰੀ ਏਜੰਸੀਆਂ ਦੀ ਭੂਮਿਕਾ ਕੀ ਸੀ। ਸੋਸ਼ਲ ਮੀਡੀਆ ਦੀਆਂ ਪੋਸਟਾਂ ਇਹ ਸਾਬਿਤ ਕਰਨ ਲਈ ਕਾਫੀ ਹਨ ਕਿ ਸੋਸ਼ਲ ਮੀਡੀਆ ਵਾਲੀ ਅਜਿਹੀ ਸੋਚ ਅਤੇ ਨਾਦਾਨੀ ਕਾਰਣ ਹੀ ਸਰਕਾਰੀ ਏਜੰਸੀਆਂ ਪੰਜਾਬ ਦੇ ਹੱਕਾਂ ਲਈ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਅੱਤਵਾਦ ਤੇ ਕਾਲਾ ਦੌਰਾ ਬਣਾਉਣ ਵਿਚ ਕਿੰਜ ਕਾਮਯਾਬ ਰਹੀਆਂ। ਇਕੱਲਾ ਕਿਸੇ ਸਰਕਾਰ ਜਾਂ ਏਜੰਸੀ ਨੂੰ ਜਿੰਮੇਵਾਰ ਠਹਿਰਾ ਦੇਣ ਨਾਲ ਹੀ ਸਭ ਕੁਝ ਠੀਕ ਨਹੀ ਹੋ ਜਾਂਦਾ। ਗਾਇਕ ਚਮਕੀਲਾ ਨੂੰ ਲੱਚਰ ਗਾਇਕੀ ਦਾ ਦੋਸ਼ ਲਗਾਕੇ ਕਤਲ ਕਰ ਦੇਣ ਤੇ ਸਮਾਜ ਨੂੰ ਸਾਫ ਸੁਥਰਾ ਬਣਾਉਣ ਦਾ ਠੇਕਾ ਲੈਣ ਦੇ ਦਾਅਵੇਦਾਰਾਂ ਦੀਆਂ ਸੋਸ਼ਲ ਪੋਸਟਾਂ ਇਹ ਸਮਝਣ ਲਈ ਕਾਫੀ ਹਨ ਕਿ ਸਾਡੇ ਲੋਕਾਂ ਨੇ ਬੀਤੇ ਤੋਂ ਕੋਈ ਸਬਕ ਨਹੀ ਸਿੱਖਿਆ । ਸਮੇਂ ਦੇ ਬਦਲਣ ਦੇ ਨਾਲ ਜਨਮਾਣਸ ਦੀ ਸੋਚ ਵਿਚ ਕਿਸੇ ਸਿਫਤੀ ਤਬਦੀਲੀ ਦੀ ਥਾਂ ਪਿਛਾਖੜੀ ਸੋਚ ਦਾ ਗਲਬਾ ਭਾਰੂ ਹੋਣਾ ਸਮਾਜ ਲਈ ਚਿੰਤਾ ਦਾ ਵਿਸ਼ਾ  ਹੈ।

ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਗਾਇਕੀ ਕਿਸੇ ਲਈ ਪਾਸੰਦੀਦਾ ਜਾਂ ਨਾਪੰਸਦੀਦਾ ਹੋਣਾ, ਚਰਚਾ ਦਾ ਵਿਸ਼ਾ ਬਣਾਉਣ ਦੀ ਲੋੜ ਨਹੀ। ਕਲਾ ਨੂੰ ਕਲਾ ਦੇ ਤੌਰ ਤੇ ਵੇਖਣਾ ਜਿਆਦਾ ਮਹੱਤਵਪੂਰਣ ਹੈ। ਕਿਸੇ ਗਾਇਕ ਕਲਾਕਾਰ ਦੇ ਬੋਲ ਜਾਂ ਕਲਾ ਦਾ ਕੋਈ ਵੀ ਰੂਪ ਸਮਾਜ ਦੇ ਕਿਸੇ ਖਾਸ ਉਮਰ ਵਰਗ ਦੇ ਲੋਕਾਂ ਲਈ ਉਤੇਜਨਾ ਜਾਂ ਮਨੋਰੰਜਨ ਭਰਪੂਰ ਤਾਂ ਹੋ ਸਕਦਾ ਹੈ ਪਰ ਇਸ ਹੱਦ ਤੱਕ ਖਤਰਨਾਕ ਨਹੀ ਕਿ ਕਿਸੇ ਦੀ ਜਾਨ ਲੈ ਲਈ ਜਾਵੇ। ਸਮਾਜ ਵਿਚ ਕਿਸੇ ਕਲਾਕਾਰ ਉਪਰ ਲਚਰਤਾ ਫੈਲਾਉਣ ਦੇ ਦੋਸ਼ ਲਗਾਕੇ ਉਸਨੂੰ ਕਿਸੇ ਵਿਵਸਥਾ ਰਾਹੀਂ ਜਵਾਬਦੇਹ ਬਣਾਉਣ ਦੀ  ਬਿਜਾਏ ਸਮਾਜ ਦੇ ਠੇਕੇਦਾਰਾਂ ਵਲੋਂ ਮੌਤ ਦੀ ਸਜ਼ਾ ਦੇਣਾ ਤੇ ਫਿਰ ਉਸਨੂੰ ਜਾਇਜ਼ ਠਹਿਰਾਉਣ ਵਾਲੀ ਤਾਲਿਬਾਨੀ ਸੋਚ ਸਮਾਜਿਕ ਸੁਰੱਖਿਆ ਦੀ ਜ਼ਾਮਨ ਕਿਵੇ ਹੋ ਸਕਦੀ ਹੈ। ਸਾਹਿਤ ਬਾਰੇ ਆਮ ਪਰਿਭਾਸ਼ਾ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਭਾਵ ਜੋ ਸਾਡੇ ਸਮਾਜ ਵਿਚ ਵਾਪਰਦਾ ਹੈ,ਸਾਹਿਤ ਵਿਚ ਉਹੀ ਕੁਝ ਪ੍ਰਸਤੁਤ ਕੀਤਾ ਜਾਂਦਾ ਹੈ। ਗਾਇਕ ਕਲਾਕਾਰ ਵੀ ਉਸੇ ਸਮਾਜ ਦਾ ਅੰਗ ਹਨ, ਉਹ ਵੀ ਆਪਣੀਆਂ ਕਿਰਤਾਂ ਰਾਹੀਂ ਲੋਕਾਂ ਦੇ ਮਨ ਦੀ ਗੱਲ ਕਰਦਿਆਂ ਉਹਨਾਂ ਦਾ ਮਨੋਰੰਜਨ ਕਰਦੇ ਤੇ ਆਪਣੀ ਰੋਜੀ ਰੋਟੀ ਦੇ ਨਾਲ ਸ਼ੋਹਰਤ ਦੀਆਂ ਪੌੜੀਆਂ ਚੜਦੇ ਹਨ। ਜਿਵੇਂ ਕਿਸੇ ਸਾਹਿਤਕ ਕਿਰਤ ਦੀ ਚੋਣ ਕਰਨਾ ਪਾਠਕ ਉਪਰ ਨਿਰਭਰ ਹੁੰਦਾ ਹੈ, ਉਵੇਂ ਹੀ ਕੀ ਸੁਣਨਾ ਜਾਂ ਨਹੀ ਸੁਣਨਾ ਵੀ ਸਰੋਤੇ ਦੀ ਚੋਣ ਹੈ। ਪੰਜਾਬੀ ਦੇ ਮਹਾਨ ਸਾਹਿਤਕਾਰ ਸੰਤ ਸਿੰਘ ਸੇਖੋਂ ਨੇ ਪੰਜਾਬੀ ਗਾਇਕੀ ਬਾਰੇ ਆਪਣੀ ਇਕ ਲਿਖਤ ਵਿਚ ਲਿਖਿਆ ਸੀ, ਕਿ ਅਸੀਂ ਗਾਇਕੀ ਵਿਚ ਲਚਰਤਾ ਬਾਰੇ ਜੋ ਮਰਜੀ ਕਹੀ ਜਾਈਏ ਪਰ ਸੱਚ ਹੈ ਕਿ ਅਸੀਂ ਸਭ ਉਸੇ ਲਚਰਤਾ ਨੂੰ ਨਾਲ-ਨਾਲ ਮਾਣ ਵੀ ਰਹੇ ਹੁੰਦੇ ਹਾਂ। ਉਹਨਾਂ ਗਾਇਕ ਦੀਦਾਰ ਸੰਧੂ ਦੇ ਇਕ ਗੀਤ- ਤੂੰ ਗੋਰੀ ਚਿੱਟੀ ਗਰਦਨ ਨੂੰ ਜਦ ਮੋੜ ਗਲੀ ਵਿਚ ਵੜਗੀ ਦਾ ਖਾਸ ਜਿਕਰ ਕੀਤਾ ਸੀ। ਪੰਜਾਬੀ ਦੀਆਂ ਲੋਕ ਬੋਲੀਆਂ, ਲੋਕ ਗੀਤਾਂ ਤੇ ਗਾਇਕਾਂ-ਗੀਤਕਾਰਾਂ ਦੇ ਬੋਲ ਔਰਤ ਦੀ ਸੁੰਦਰਤਾ ਤੇ ਉਸਨੂੰ ਮਾਣਨ ਦੀਆਂ ਯੁਕਤਾਂ ਨਾਲ ਭਰੇ ਪਏ ਹਨ। ਜਿਸ ਸਮਾਜ ਵਿਚ ਸਦੀਆਂ ਤੋਂ ਔਰਤ ਨੂੰ ਇਕ ਔਰਤ ਵਿਅਕਤੀਤਵ ਤੋਂ ਪਹਿਲਾਂ ਇਕ ਮਨਮੋਹਣੀ ਤੇ ਮਾਨਣ ਵਾਲੀ ਵਸਤ ਵਾਂਗ ਵੇਖਿਆ ਤੇ ਪਰਚਾਰਿਆ ਗਿਆ ਹੋਵੇ, ਉਸ ਸਮਾਜ ਵਿਚ ਔਰਤ ਪ੍ਰਤੀ ਨਜ਼ਰੀਆ ਨਾਮ ਨਿਹਾਦ ਲੱਚਰ ਸ਼ਬਦਾਂ ਦਾ ਮੁਥਾਜ਼ ਨਹੀ। ਪੰਜਾਬੀ ਗਾਇਕੀ ਵਿਚ ਪੇਂਡੂ ਰਹਿਤਲ ਤੇ ਮਨੁੱਖੀ ਮਨ ਦੀਆਂ ਕੁੰਦਰਾਂ ਨੂੰ ਨਗਨ ਕਰਨ ਵਾਲਾ ਚਮਕੀਲਾ ਕਿਸੇ ਨੇ ਸੁਣਨਾ ਜਾਂ ਨਹੀ ਸੁਣਨਾ, ਇਹ ਤੁਹਾਡੀ ਆਪਣੀ ਪਸੰਦ ਹੈ ਪਰ ਲਚਰਤਾ ਦਾ ਦੂਸ਼ਣ ਲਗਾਕੇ ਕਿਸੇ ਕਲਾਕਾਰ ਨੂੰ ਕਤਲ ਕਰ ਦੇਣ ਵਾਲੀ ਸੋਚ, ਅਮੀਰ ਪੰਜਾਬੀ ਵਿਰਾਸਤ ਦਾ ਹਰਗਿਜ਼ ਹਿੱਸਾ ਨਹੀਂ ਹੋ ਸਕਦੀ… ਚਮਕੀਲੇ ਨੂੰ ਕਤਲ ਕਰ ਦਿੱਤਾ ਗਿਆ ਪਰ ਉਹ ਮਰਨ ਉਪਰੰਤ ਅੱਜ ਵੀ ਚਮਕ ਰਿਹਾ ਹੈ। ਉਸਦੇ ਗੀਤ ਲੱਚਰਤਾ ਦੇ ਵਿਸ਼ੇਸ਼ਣ ਨਾਲ ਵੱਜ ਰਹੇ ਹਨ, ਗੂੰਜ ਰਹੇ ਹਨ, ਕਿਊਂ ? ਪੰਜਾਬੀ ਸਰੋਤਿਆਂ ਦੇ ਮਨਾਂ ਵਿਚ ਇਸਦਾ ਜਵਾਬ ਸੁਰੱਖਿਅਤ ਹੈ ।