ਹਰਦਮ ਮਾਨ—
ਸਰੀ, 21 ਅਪ੍ਰੈਲ -ਸਰੀ ਦੇ ਵਿਦਿਅਕ, ਸਮਾਜਿਕ ਅਤੇ ਮੀਡੀਆ ਖੇਤਰ ਦੀ ਸ਼ਖ਼ਸੀਅਤ ਡਾ ਜਸਵਿੰਦਰ ਦਿਲਾਵਰੀ ਨੂੰ ਸਮਾਜਿਕ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਕੈਨੇਡਾ ਸਰਕਾਰ ਵੱਲੋਂ ‘ਕੁਈਨਜ਼ ਪਲੈਟੀਨਮ ਜੁਬਲੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਬੀਤੇ ਦਿਨ ਸਰੀ ਵਿਖੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਉਸ ਨੂੰ ਪ੍ਰਦਾਨ ਕੀਤਾ। ਵਰਨਣਯੋਗ ਹੈ ਕਿ ਮਹਾਰਾਣੀ ਐਲਿਜ਼ਾਬੈਥ-II ਦੇ ਗੱਦੀ ‘ਤੇ ਬਿਰਾਜਮਾਨ ਹੋਣ ਦੀ 70ਵੀਂ ਵਰ੍ਹੇਗੰਢ ਦਾ ਪ੍ਰਤੀਕ ਇਹ ਸਨਮਾਨ ਕੈਨੇਡਾ ਸਰਕਾਰ ਵੱਲੋਂ ਹਰ ਸਾਲ ਸਮਾਜ ਅਤੇ ਕਮਿਊਨਿਟੀ ਲਈ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੀਆਂ 2 ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਜਸਵਿੰਦਰ ਦਿਲਾਵਰੀ ਪਿਛਲੇ ਕਈ ਸਾਲਾਂ ਤੋਂ ਸਰੀ ਦੇ ਵਿਦਿਅਕ, ਸਮਾਜਿਕ ਅਤੇ ਪੱਤਰਕਾਰੀ ਵਿਚ ਆਪਣੀ ਸਰਗਰਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਕਮਿਊਨਿਟੀ ਦੇ ਕਾਰਜਾਂ ਵਿਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦੇ ਰਿਹਾ ਹੈ। ਉਸ ਨੂੰ ਇਹ ਸਨਮਾਨ ਮਿਲਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਬੀਸੀ ਯੂਨਾਈਟਿਡ ਦੇ ਆਗੂ ਅੰਮ੍ਰਿਤਪਾਲ ਸਿੰਘ ਢੋਟ (ਡੈਲਟਾ) , ਨੌਜਵਾਨ ਆਗੂ ਲਖਵੀਰ ਸਿੰਘ ਗਰੇਵਾਲ, ਕਰਮਜੀਤ ਬਾਠ, ਸ਼ਾਮ ਸ਼ਰਮਾ, ਹਰਮੀਤ ਮਨਕਾਟਲਾ, ਜਸਬੀਰ ਸਿੰਘ ਭਾਟੀਆ ਅਤੇ ਨਵਦੀਪ ਚਾਹਲ ਨੇ ਕਿਹਾ ਹੈ ਕਿ ਜਸਵਿੰਦਰ ਦਿਲਾਵਰੀ ਬਹੁਤ ਹੀ ਮਿਲਣਸਾਰ, ਸਹਿਯੋਗੀ, ਲੋੜਵੰਦਾਂ ਦੀ ਦਿਲੋਂ ਮਦਦ ਕਰਨ ਵਾਲਾ ਵਿਅਕਤੀ ਹੈ ਅਤੇ ਹਮੇਸ਼ਾ ਹਰ ਇਕ ਨੂੰ ਆਪਣੀ ਸਹੀ ਅਤੇ ਸੁਹਿਰਦ ਸਲਾਹ ਨਾਲ ਨਿਵਾਜਦਾ ਹੈ।
ਜਸਵਿੰਦਰ ਦਿਲਾਵਰੀ ਨੇ ਇਹ ਐਵਾਰਡ ਮਿਲਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਹ ਉਹਦੇ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਸਰਕਾਰ ਵੱਲੋਂ ਉਸ ਦੇ ਨਿਮਾਣੇ ਜਿਹੇ ਕਾਰਜ ਨੂੰ ਮਾਨਤਾ ਦਿੱਤੀ ਗਈ ਹੈ। ਇਸ ਨੇ ਉਹਦਾ ਹੌਂਸਲਾ ਬੁਲੰਦ ਕੀਤਾ ਹੈ। ਉਸ ਨੇ ਕਿਹਾ ਕਿ ਉਹ ਹਮੇਸ਼ਾ ਆਪਣੀ ਮਾਨਵਵਾਦੀ ਪਹੁੰਚ ਅਨੁਸਾਰ ਸਮਾਜ ਵਿਚ ਕੁਝ ਕਰਨ ਲਈ ਕਾਰਜਸ਼ੀਲ ਰਹੇਗਾ।