Headlines

ਚੱਲ ਚੱਲੀਏ ਜਰਗ ਦੇ ਮੇਲੇ……

ਸੰਤੋਖ ਸਿੰਘ ਮੰਡੇਰ-

604-505-7000————–

ਪੰਜਾਬ ਦੇ ਮਸ਼ਹੂਰ ‘ਮੇਲਾ ਜਰਗ ਦਾ’ ਵਾਲਾ, ਮਾਲਵੇ ਦਾ ਇਤਿਹਾਸਕ ਪਿੰਡ ਜਰਗ ਜਿਲਾ ਲੁਧਿਆਣਾ ਦੀ ਤਹਿਸੀਲ ਪਾਇਲ ਵਿਚ ਭਾਰਤੀ ਜੀ ਟੀ ਰੋਡ\ਰਾਸ਼ਟਰੀ ਮਾਰਗ ਨੰਬਰ-1 (ਸ਼ੇਰ ਸ਼ਾਹ ਸੂਰੀ ਸੜਕ) ਉਪੱਰ ਪੈਦੇ ਸ਼ਹਿਰ ਤੇ ਪੁਲੀਸ ਜਿਲਾ ਖੰਨਾ ਅੰਦਰ, ਖੰਨਾ ਮਾਲੇਰਕੋਟਲਾ ਮੁੱਖ ਸੜਕ ਉਪੱਰ ਸਰਹਿੰਦ ਨਹਿਰ ਦੇ ਜੌੜੇ ਪੁੱਲਾਂ ਤੋ ਪਹਿਲਾਂ ਠੀਕ 18 ਕਿਲੋਮੀਟਰ ਉਪੱਰ ਵੱਸਿਆ ਹੋਇਆ ਹੈ| ਭਾਰਤੀ ਬ੍ਰੀਟਿਸ਼ ਸਾਮਰਾਜ ਸਮੇ ਸੰਨ 1947 ਤੋ ਪਹਿਲਾਂ ਜਰਗ ਪਿੰਡ ਪਟਿਆਲਾ ਰਿਆਸਤ ਦਾ ਹਿਸਾ ਸੀ| ਸੰਨ 1948 ਵਿਚ ਭਾਰਤ ਦੀ ਆਜਾਦੀ ਤੋ ਬਾਦ ਜਰਗ ਪਿੰਡ ਨਵੇ ‘ਪੈਪਸੂ ਪ੍ਰਾਂਤ’ ਵਿਚ ਸ਼ਾਮਲ ਕਰ ਦਿਤਾ ਗਿਆ ਜੋ ਰਾਜਧਾਨੀ ਪਟਿਆਲਾ ਤੋ 55 ਕਿਲੋਮੀਟਰ ਹੈ| ਸੰਨ 1955 ਵਿਚ ਪੈਪਸੂ ਸੂਬਾ ਦਿੱਲੀ ਦੀ ਰਾਸ਼ਟਰੀ ਭਾਰਤੀ ਕਾਂਗਰਸ ਸਰਕਾਰ ਨੇ ਪੰਜਾਬ ਪ੍ਰਾਂਤ ਵਿਚ ਮਿਲਾ ਦਿਤਾ ਜਿਸ ਨਾਲ ਪਿੰਡ ਜਰਗ ਪੰਜਾਬ ਦੇ ਲੁਧਿਆਣਾ ਜਿਲੇ ਦੇ ਬਲਾਕ ਦੋਰਾਹਾ ਵਿਚ ਸ਼ਾਮਲ ਕਰ ਕੇ ਤਹਿਸੀਲ ਪਾਇਲ ਨਾਲ ਜੋੜ ਦਿਤਾ ਗਿਆ| ਪਿੰਡ ਜਰਗ ਜਿਲਾ ਤੇ ਸ਼ਹਿਰ ਲੁੱਧਿਆਣਾ ਤੋ 44 ਕਿਲੋਮੀਟਰ ਹੈ| ਜਰਗ ਪਿੰਡ ਤੋ ਰਿਆਸਤ ਮਾਲੇਰਕੋਟਲਾ ਤੇ ਹੁੱਣ ਜਿਲਾ ਮਾਲੇਰਕੋਟਲਾ ਸ਼ਹਿਰ 23 ਕਿਲੋਮੀਟਰ ਹੈ| ਸ਼ਾਹੀ ਰਿਆਸਤ ਪਟਿਆਲਾ ਤੇ ਨਵਾਬੀ ਰਿਆਸਤ ਮਾਲੇਰਕੋਟਲਾ ਦੇ ਵਿਚਕਾਰ ਮਹਾਰਾਜਾ ਹੀਰਾ ਸਿੰਘ ਦੀ ਰਿਆਸਤ ਨਾਭਾ, ਦਾ ਸ਼ਹਿਰ ‘ਨਾਭਾ’ ਹੈ ਜਿਥੋ ਪੰਜਾਬੀ ਬੋਲੀ ਦੇ ਤਿੰਨ ਸੱਚਿਤਰ ਮੈਗਜੀਨ ਮਰਹੂਮ ਪੰਜਾਬੀ ਲੇਖਕ ਤੇ ਕਵੀ ਬੀਰ ਸਿੰਘ ‘ਬੀਰ’ ਦੇ ਸਥਾਪਿਤ ਅਦਾਰੇ ‘ਮਹਿਰਮ ਪੱਬਲੀਕੇਸ਼ਨ’ ਵਲੋ ਸਰਦਾਰ ਗੁਰਪ੍ਰੀਤ ਸਿੰਘ ‘ਕਰਾਂਤੀ ਜੀ’ ਤੇ ਸ੍ਰੀ ਸੋਨੂ ਦੁੱਗਲ ਦੀ ਨਿਗਰਾਨੀ ਹੇਠ ਹਰ ਮਹੀਨੇ ਬਹੁੱਤ ਹੀ ਸ਼ਾਨਦਾਰ ਤੇ ਮਿਆਰੀ ਪੰਜਾਬੀ ਮੈਗਜੀਨ ‘ਮਹਿਰਮ, ਘਰ ਸਿ਼ੰਗਾਰ ਤੇ ਮਾਡਰਨ ਖੇਤੀ’ ਪੰਜਾਬੀ ਭਾਸ਼ਾ ਦੇ ਰਸਾਲੇ ਨਿਕਲਦੇ ਹਨ| ਪੰਜਾਬੀ ਭਾਸ਼ਾ ਵਿਚ ਸੰਸਾਰ ਭਰ ਦਾ ਪਹਿਲਾ ਰੰਗਦਾਰ ਖੇਡ ਰਸਾਲਾ ‘ਖੇਡ ਸੰਸਾਰ’ ਵੀ, ਮੈ ਤੇ ਪ੍ਰਿੰਸੀਪਲ ਸਰਵਣ ਸਿੰਘ ਨੇ ਇਸੇ ਅਦਾਰੇ ਨਾਲ ਨਾਭੇ ਤੋ ਹੀ ਸ਼ੁਰੂ ਕੀਤਾ ਸੀ| ਸ਼ਾਹੀ ਸ਼ਹਿਰ ਨਾਭਾ ਪਿੰਡ ਜਰਗ ਤੋ ਸਰਹਿੰਦ ਨਹਿਰ ਉਪੱਰ ਭਾਦਸੋ ਬੀੜ ਵਿਚ ਦੀ 30 ਕਿਲੋਮੀਟਰ ਹੈ| ਮੈ ਛੋਟਾ ਹੁੰਦਾ ਆਪਣੇ ਬਾਬਾ ਜੀ ਚੌਧਰੀ ਲੀਕਲ ਸਿੰਘ ਤੇ ਫੁੱਫੜ ਜੀ ਸਰਦਾਰ ਗੁਰਦਿਆਲ ਸਿੰਘ ਕੱਲਕੱਤੇ ਵਾਲੇ ਦੀ ਕਾਲੇ ਰੰਗ ਵਾਲੀ ‘ਮੌਰਿਸ-ਯੂ ਕੈ” ਦੀ ਕਾਰ ਵਿਚ ਪ੍ਰੀਵਾਰ ਨਾਲ ਪਟਿਆਲੇ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਸਮੇ ਸਮੇ ਜਾਇਆ ਕਰਦਾ ਸੀ|
ਜਰਗ ਦੇ ਮੇਲੇ ਤੋ ਪੰਜਾਬ ਦੀ ਰਾਜਧਾਨੀ ਚੰਡੀਗੜ ਦਾ ‘ਸੈਕਟਰੀਏਟ’ 86 ਕਿਲੋਮੀਟਰ ਹੈ| ਪੰਜਾਬ ਦੇ ਜਿਲਾ ਮੋਹਾਲੀ ਵਿਖੇ ਨਵਾਂ ਬਣਿਆ ਹਵਾਈ ਜਹਾਜਾਂ ਦਾ ਅੱਡਾ ‘ਸ਼ਹੀਦ ਭੱਗਤ ਸਿੰਘ ਅੰਤ੍ਰਰਾਸ਼ਟਰੀ ਏਅਰਪੋਰਟ’ 92 ਕਿਲੋਮੀਟਰ ਹੈ| ਪਿੰਡ ਜਰਗ ਦੇ ਪੂਰਬ ਵੱਲ ਭਾਰਤ ਦੀ ਰਾਜਧਾਨੀ ਦਿਲੀ ਦਾ ਨਵਾ,“ਇੰਦਰਾ ਗਾਂਧੀ ਏਅਰਪੋਰਟ” 320 ਕਿਲੋਮੀਟਰ ਹੈ| ਪਿੰਡ ਜਰਗ ਦੇ ਪੱਛਮ ਵਲ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਤੇ ਸ਼ਾਹੀ ਸ਼ਹਿਰ ਲਾਹੌਰ ਦੇ ਡੀਫੈਸ ਇਲਾਕੇ ਵਿਚ ਨਵਾਂ ਬਣਿਆ ਸ਼ਾਨਦਾਰ ‘ਆਲਾਮਾ ਇੱਕਬਾਲ ਅੰਤ੍ਰਰਾਸ਼ਟਰੀ ਏਅਰਪੋਰਟ’ 332 ਕਿਲੋਮੀਟਰ ਹੈ| ਕੱਲਕੱਤੇ ਤੋ ਪਿਸ਼ਾਵਰ ਵਾਲੀ ਜਰਨੈਲੀ ਸੜਕ ਉਪੱਰ ਭਾਰਤ ਪਾਕਿਸਤਾਨ ਬਾਰਡਰ, ਪਾਕਿਸਤਾਨ ਪਾਸੇ ਦਾ ਬਾਰਡਰ ‘ਵਾਹਗਾ ਸੱਰਹੱਦ’ ਤੇ ਭਾਰਤ ਵਾਲੇ ਪਾਸੇ ਦਾ ‘ਅਟਾਰੀ ਬਾਰਡਰ’ ਦੇ ਨਾਵਾਂ ਨਾਲ ਜਾਣੇ ਜਾਂਦੇ ਹਨ| ਪਿੰਡ ਜਰਗ ਤੋ ਅਟਾਰੀ ਬਾਰਡਰ, ਖੰਨਾ, ਲੁੱਧਿਆਣਾ, ਜਾਲੰਧਰ, ਅੰਮ੍ਰਿਤਸਰ ਸਾਹਿਬ ਹੁੰਦੇ ਹੋਏ 217 ਕਿਲੋਮੀਟਰ ਹੈ ਜੋ ਮੈ ਪਿੱਛਲੇ 32 ਸਾਲਾਂ ਵਿਚ ਪੰਜ ਸੱਤ ਸੌ ਵਾਰੀ ਲੰਘ ਚੁੱਕਾ ਹਾਂ|
ਜਰਗ ਪਿੰਡ ਲੱਗਭੱਗ 1150 ਈਸਵੀ ਵਿਚ ਮਹਾਨ ਸੀਸਦਾਨੀ ਰਾਜਪੂਤ ਰਾਜਾ ਜਗਦੇਵ ਜੀ ਨੇ ਰਾਜਿਸਥਾਨ ਤੋ ਆ ਕੇ ਇਸ ਜਗਾ ਇਕ ਉਚੀ ਥੇਹ ਉਪੱਰ ਵਸਾਇਆ ਸੀ| ਭਾਰਤ ਪਾਕਿਸਤਾਨ ਦੀ ਵੰਡ ਤੋ ਪਹਿਲਾਂ ਜਰਗ ਪਿੰਡ ਵਿਚ ਮੁਸਲਮਾਨ ਭਾਈਚਾਰੇ ਦੇ ਅਰਾਈ ਕੰਬੋ ਤੇ ਧਨਾਢ ਸ਼ੇਖਾਂ ਦੀ ਕਾਫੀ ਵਸੋ ਸੀ| ਮੇਰੇ ਬਾਪੂ ਜੀ ਸਰਦਾਰ ਸੰਤ ਸਿੰਘ ਬੰਬੇ ਵਾਲੇ ਦਸਦੇ ਹੁੰਦੇ ਸੀ ਕਿ ਈਦ ਦੇ ਤਿਉਹਾਰ ਅਤੇ ਰੋਜਿਆਂ ਸਮੇ ਕਿਵੇ ਮੁਸਲਮਾਨ ਨੌਜਵਾਨ ਉਚੇ ਲੰਮੇ ਮੁੰਡੇ, ਚਿਟੇ ਕਮੀਜ ਸਲਵਾਰ ਪਾ ਕੇ ਫੱਰਲੇ ਵਾਲੀ ਪੱਗ ਬੰਨ ਸਜਧੱਜ ਕੇ ਨਿਕਲਦੇ ਸਨ| ਜਰਗ ਪਿੰਡ ਦੇ ਮੁਸਲਿਮ ਹਕੀਮ ਮਿਰਜਾ ਹਦਾਇਤ ਬੇਗ ਅਤੇ ਮਿਰਜਾ ਮੇਹਰ ਬੇਗ ਸਾਂਝੇ ਪੰਜਾਬ ਦੇ ਮਸ਼ਹੂਰ ਹਕੀਮ ਸਨ| ਪਿੰਡ ਜਰਗ ਦੇ ਬਜੁਰਗ ਬੀਰ ਸਿੰਘ ਸਾਡੇ ਬਾਬਾ ਜੀ ਨਾਲ ਗੱਲਾਂ ਕਰਦੇ ਜਿਕਰ ਕਰਦੇ ਹੁੰਦੇ ਸੀ ਕਿ ਰੌਣੀ ਵਾਲੇ ਟਿੱਬਿਆਂ ਵਿਚ ਬੇੜੀ ਲਗਦੀ ਹੁੰਦੀ ਸੀ ਜਿਸ ਦਾ ਮੱਤਲੱਬ ਕਿ ਇਸ ਇਲਾਕੇ ਵਿਚ ਕੋਈ ਪੁਰਾਣਾ ਦਰਿਆ ਵੀ ਵਹਿੰਦਾ ਸੀ|
ਜਰਗ ਪਿੰਡ ਦੇ ਜੱਟ ਪ੍ਰੀਵਾਰਾਂ ਦਾ ਮੁੱਖ ਗੋਤ ‘ਮੰਡੇਰ’ ਹੈ| ਇਹ ਮੰਡੇਰ ਜੱਟ ਜਮੀਨਾਂ ਦੇ ਮਾਲਕ ਜੱਦੀ ਪੁਸ਼ਤੀ ਖੇਤੀਬਾੜੀ ਦਾ ਕੰਮ ਕਰਦੇ ਹਨ, ਪਿੰਡ ਵਿਚ ਚਾਰ ਗੁਰਦਵਾਰੇ ਹਨ ਅਤੇ ਮੰਡੇਰ ਪ੍ਰੀਵਾਰ ਸਿੱਖ ਧਰਮ ਨੂੰ ਮੰਨਦੇ ਹਨ| ਇਨ੍ਹਾਂ ‘ਮੰਡੇਰਾਂ’ ਦੇ ਜਰਗ ਦੇ ਆਲੇ ਦੁਆਲੇ ਹੀ ਕਈ ਪਿੰਡ ਜਿਵੇ, ਜਲਾਜਣ, ਜਰਗੜੀ, ਦੀਵਾ, ਸਿਰਥਲਾ, ਭੁਰਥਲਾ ਆਦਿ ਹਨ| ਮਾਲਵੇ ਤੇ ਦੁਆਬੇ ਅੰਦਰ ਵੀ ਕਈ ਪਿੰਡਾਂ ਵਿਚ ਮੰਡੇਰ ਜੱਟਾਂ ਦੇ ਪ੍ਰੀਵਾਰ ਹਨ, ਜੋ ਮੁੱਗਲਾਂ ਦੇ ਰਾਜ ਸਮੇ ਇਕ ਕੱਹਾਵਤ ਅਨੁਸਾਰ ਪਿੰਡ ਜਰਗ ਛੱਡਣ ਲਈ ਮਜਬੂਰ ਹੋ ਗਏ ਸਨ|
ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਦੀ ਪੰਜ ਦਰਿਆਵਾਂ ਵਾਲੀ ਸਰ ਜਮੀਨ ਮੇਲਿਆਂ, ਤਿੱਉਹਾਰਾਂ,ਉਰਸਾਂ ਤੇ ਦਿਨ ਦਿਹਾੜਾਂ ਦੀ ਧਰਤੀ ਹੈ| ਪੂਰਬੀ ਪੰਜਾਬ, ਭਾਰਤੀ ਪੰਜਾਬ ਜਾਂ ਚੱੜਦੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਜਰਗ ਦਾ ਮੇਲਾ, ਛਪਾਰ ਦਾ ਮੇਲਾ, ਜਗਰਾਵਾਂ ਦੀ ਰੌਸ਼ਨੀ, ਮਾਲੇਰਕੋਟਲੇ ਦਾ ਹੈਦਰਸ਼ੇਖ ਮੇਲਾ, ਪਾਇਲ ਦੁਸਿੱਹਰੇ ਦਾ ਮੇਲਾ, ਮੁੱਕਸਰ (ਮੁੱਕਤਸਰ) ਮਾਘੀ ਦਾ ਮੇਲਾ ਤੇ ਹੋਰ ਨਿੱਕੇ ਮੋਟੇ ਲੋਕ ਮੇਲੇ ਸਾਲ ਭਰ ਲਗਦੇ ਰਹਿੰਦੇ ਹਨ| ਪੱਛਮੀ ਪੰਜਾਬ, ਪਾਕਿਸਤਾਨੀ ਪੰਜਾਬ ਜਾਂ ਲਹਿੰਦੇ ਪੰਜਾਬ ਵਿਚ ਵੀ ਪੰਜਾਬੀ ਲੋਕ ਮੇਲੇ ਲਗਦੇ ਹਨ, ਜਿਨ੍ਹਾਂ ਵਿਚ ਸਾਂਝੇ ਪੰਜਾਬ ਦਾ ਬੜਾ ਪੁਰਾਣਾ ਵਿਸਾਖੀ ਵਾਲੇ ਦਿਨ ਗੁਜਰਾਂਵਾਲੇ ਜਿਲੇ ਵਿਚ ਏਮਨਾਬਾਦ (ਗੁ: ਰੋੜੀ ਸਾਹਿਬ) ਵਿਖੇ ਵਿਸਾਖੀ ਮੇਲਾ, ਹੱਸਨ ਅਬਦਾਲ-ਪੰਜਾ ਸਾਹਿਬ ਦਾ ਮੇਲਾ, ਕਸੂਰ ਵਿਖੇ ਬਾਬਾ ਬੁਲੇ ਸ਼ਾਹ ਦਾ ਮੇਲਾ, ਗੁਰੂ ਨਾਨਕ ਗੁਰਪੁੱਰਬ ਨੱਨਕਾਣਾ ਸਾਹਿਬ, ਪਾਕਪਟਨ ਦਾ ਬਾਬਾ ਫਰੀਦ ਗੰਜ ਸ਼ਕਰ ਸਲਾਨਾ ਉਰਸ, ਰਾਵਲਪਿੰਡੀ ਵਿਖੇ ਕਸ਼ਮੀਰ ਰੋਡ ਉਪੱਰ ਸੱ਼ਕਰ ਪੱਰੀਆਂ ਦਾ ਮੇਲਾ, ਮੁਲਤਾਨ ਵਿਖੇ ਪੰਜਾਬੀ ਸੂਫੀ ਉਰਸ-ਸ਼ਾਹ ਰੁੱਕਨ-ਏ-ਆਲਮ ਮੇਲਾ, ਪੋਠੋਹਾਰ-ਰਾਵਲਪਿੰਡੀ ਦੇ ਪਿੰਡਾਂ ਵਿਚ-ਜੰਡ ਪੀਰ ਮੇਲੂ ਉਰਸ, ਸੱਖੀ ਸਰਵਰ ਉੱਰਸ ਡੇਰਾ ਗਾਜੀ ਖਾਨ, ਰਾਜਧਾਨੀ ਲਾਹੌਰ ਵਿਖੇ ਜਸ਼ਨੇ ਬਹਾਰਾਂ ਫੈਸਟੀਵਲ, ਬਸੰਤ ਮੇਲਾ, ਹੌਰਸ ਐਡ ਕੈਟਲ ਸ਼ੋ-ਫੋਰਟਿਸ ਸਟੇਡੀਅਮ ਅਤੇ ਹੋਰ ਬਹੁੱਤ ਸਾਰੇ ਮੁੱਸਲਿਮ ਧਰਮ ਨਾਲ ਸਬੰਧਤ ਲੋਕ ਮੇਲੇ ਤੇ ਉਰਸ ਲਗਦੇ ਤੇ ਭਰਦੇ ਹਨ|
ਪੰਜਾਬੀ ਲੋਕ ਗੀਤਾਂ ਵਿਚ ਦੀਦਾਰ ਸੰਧੂ ਜਰਗ ਦੇ ਮੇਲੇ ਦਾ ਵਰਣਨ ਇਸ ਤਰਾਂ ਕਰਦਾ ਹੈ: “ਜਿਹੀ ਤੇਰੀ ਗੁੱਤ ਵੇਖ ਲਈ, ਜਿਹਾ ਦੇਖਿਆ ਜਰਗ ਦਾ ਮੇਲਾ”|
ਪੰਜਾਬ ਦੇ ਖਿੱਤਾ ਮਾਲਵੇ ਦਾ ਮਸ਼ਹੂਰ ਜਰਗ ਦਾ ਮੇਲਾ ਕਈ ਸੌ ਸਾਲਾ ਤੋ ਹਰ ਸਾਲ ਦੇਸੀ ਮਹੀਨੇ ਚੇਤ ਦੇ ਪਹਿਲੇ ਮੰਗਲਵਾਰ ਨੂੰ ਲਗਦਾ ਆ ਰਿਹਾ ਹੈ ਜੋ ਅੰਗਰੇਜੀ ਮਹੀਨੇ ਦਾ ਲਗਭਗ ਅੱਧ ਮਾਰਚ ਹੁੰਦਾ ਹੈ| ਪਿੰਡ ਜਰਗ ਦੇ ਦੱਖਣ ਵਲ ਗੁਆਢੀ ਪਿੰਡ ਸਿਰਥਲੇ ਨੂੰ ਜਾਂਦੀ ਸੜਕ ਜੋ ਪਹਿਲਾਂ ਕੱਚਾ ਰਾਹ ਹੁੰਦਾ ਸੀ, ਉਸ ਦੇ ਉਪੱਰ 500 ਮੀਟਰ ਦੇ ਖੱਬੇ ਪਾਸੇ ਸਥਿਤ ਤਿੰਨ ਪਾਵਨ ਪੁਰਾਤਨ ਮੰਦਰਾਂ, ਮਾਤਾ ਸੀਤਲਾ ਮਸਾਣੀ ਜਾਂ ਵੱਡੀ ਮਾਤਾ, ਬਸੰਤੀ ਮਾਤਾ ਜਾਂ ਛੋਟੀ ਮਾਤਾ, ਮਾਤਾ ਮਦਾਨਣ, ਮਾਤਾ ਕਾਲੀ ਅਤੇ ਸ਼ੇਖ ਬਾਬਾ ਫਰੀਦ ਗੰਜ ਸ਼ਕਰ ਜੀ ਦੇ ਪਾਵਨ ਮਜ਼ਾਰ ਉਪੱਰ ਬੜੀ ਸ਼ਰਧਾ ਤੇ ਧੂਮ ਧਾਮ ਨਾਲ ‘ਜਰਗ ਦਾ ਮੇਲਾ’ ਹਰ ਸਾਲ ਲਗਦਾ ਤੇ ਭਰਦਾ ਹੈ| ਇਸੇ ਰਾਹ ਉਪੱਰ ਸੱਜੇ ਹੱਥ ਮੰਦਰਾਂ ਦੇ ਸਾਹਮਣੇ, ਛੇਵੇ ਸਿੱਖ ਗੁਰੁ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰੂਦਵਾਰਾ ਹਰਗੋਬਿੰਦ ਸਾਹਿਬ-ਬਾਹਰਲਾ ਗੁਰਦਵਾਰਾ ਵੀ ਹੈ|
ਜਰਗ ਪਿੰਡ ਵਿਚ ਰੌਣੀ ਵਾਲੇ ਦਰਵਾਜੇ ਦੇ ਨਾਲ ਬੜਾ ਪੁਰਾਣਾ ਗੌਰਮਿੰਟ ਹਾਈ ਸਕੂਲ, ਜੋ ਹੁੱਣ ‘ਸ਼ਹੀਦ ਜੀਤਿੰਦਰਜੀਤ ਸਿੰਘ ਸਰਕਾਰੀ ਹਾਈ ਸਕੂਲ-ਜਰਗ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ| ਜਰਗ ਪਿੰਡ ਦਾ ਇਹ ਸਰਕਾਰੀ ਸਕੂਲ ਸੰਨ ਹੁੱਣ 1971 ਦੀ ਪੂਰਬੀ ਪਾਕਿਸਤਾਨ ਦੀ ਬੰਗਾਲ ਜੰਗ ਵੇਲੇ ਪਿੰਡ ਜਰਗ ਦੇ ਬਹੁੱਤ ਹੀ ਹੋਣਹਾਰ ਨੌਜਵਾਨ ਸ਼ਹੀਦ, ਹਵੇਲੀ ਵਾਲੇ ਸਰਦਾਰ ਤਾਰਾ ਸਿੰਘ ਦੇ ਵੱਡੇ ਸਪੱੁਤਰ ਜਤਿੰਦਰਜੀਤ ਸਿੰਘ ਮੰਡੇਰ-ਭਾਰਤੀ ਫੌਜ ਦੇ ਸੈਕਿੰਡ ਲੈਫ਼ਟੀਨੈਟ ਦੀ ਯਾਦ ਨੂੰ ਸਮਰਪਿੱਤ ਹੈ| ਸੰਨ 1953-54 ਵਿਚ ਪੈਪਸੂ ਦੇ ਮੁੱਖ ਮੰਤਰੀ ਸਰਦਾਰ ਗਿਆਨ ਸਿੰਘ ਰਾੜੇਵਾਲਾ, ਜਰਗ ਦੇ ਭਾਈ ਜੀ ਚੌਧਰੀ ਗੁਰਦਿਆਲ ਸਿੰਘ, ਚੌਧਰੀ ਸਰਦਾਰ ਲੀਕਲ ਸਿੰਘ ਆਦਿ ਦੀ ਕੋਸਿ਼ਸ ਨਾਲ ਇਲਾਕੇ ਦਾ ਇਹ ਪਹਿਲਾ ਸਰਕਾਰੀ ਹਾਈ ਸਕੂਲ ਬਣਿਆ ਸੀ| ਸਰੀ ਨਿਵਾਸੀ ਰਾਮਪੁਰ-ਦੋਰਾਹੇ ਵਾਲੇ ਚਾਰਟਿਡ ਅਕਾਊਟੈਟ ਸਰਦਾਰ ਚਿੱਤਰੰਜਨ ਸਿੰਘ ਮਾਾਂਗਟ, ਸਰਦਾਰ ਪ੍ਰੀਤਮ ਸਿੰਘ ਮੰਡੇਰ, ਨਿਧੱੜਕ ਰੇਡਿਉ ਹੋਸਟ ਬੀਬੀ ਕੁੱਲਜੀਤ ਕੌਰ ਮੰਡੇਰ, ਸਾਬਕਾ ਰਿਆਲਟਰ ਸਰਦਾਰ ਪਿਆਰਾ ਸਿੰਘ ਜੌਹਲ, ਇੰਗਲੈਡ ਦਾ ਪ੍ਰਵਾਸੀ ਪੱਤਰਕਾਰ ਸਰਦਾਰ ਨਿਰਪਾਲ ਸਿੰਘ ਸ਼ੇਰਗਿਲ, ਕਰਨਲ ਕੁਲਦੀਪ ਸਿੰਘ ਦੀਪਕ ਅਤੇ ਹੋਰ ਵੀ ਬਹੁੱਤ ਅਫ਼ਸਰ, ਟਰਾਂਸਪੋਰਟਰ, ਬਿਜਨੈਸ ਮੈਨ ਤੇ ਐਨ ਆਰ ਆਈ ਵੀਰ ਭੈਣਾਂ ਜਰਗ ਸਕੂਲ ਦੇ ਵਿਦਿਆਰਥੀ ਰਹੇ ਹਨ| ਜਰਗ ਪਿੰਡ ਵਿਚ ਇਲਾਕੇ ਦਾ ਪਹਿਲਾ ਲੜਕੀਆਂ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ-ਜਰਗ (ਲੁਧਿਆਣਾ) ਵੀ ਹੈ ਜਿਥੇ ਪਿੰਡਾਂ ਦੀਆਂ ਸੈਕੜੇ ਬੀਬੀਆਂ ਭੈਣਾਂ ਨੇ ਉੱਚ ਵਿਦਿਆ ਹਾਸਿਲ ਕੀਤੀ ਹੈ|
ਜਰਗ ਦੇ ਮੇਲੇ ਵਾਲੇ ਪੰਜਾਬ ਦੇ ਪੁਰਾਤਨ ਸਮੇ ਵਿਚ ਪਿੰਡ ਜਰਗ ਦਾ ਬਜਾਰ ਇਲਾਕੇ ਵਿਚ ਬਹੁਤ ਮਸ਼ਹੂਰ ਸੀ ਜਿਥੇ ਭਾਈ ਜੀ ਗੁਰਦਿਆਲ ਸਿੰਘ ਦੀ ਹੱਟੀ ਤੋ ਲਾਹੌਰ ਦੇ ਆਨਾਰਕੱਲੀ ਬਜਾਰ ਵਾਂਗ ਹਰ ਤਰਾਂ ਦੀ ਚੀਜ ਤੇ ਸ਼ੈ ਮਿਲ ਜਾਂਦੀ ਸੀ| ਪਿੰਡ ਦੇ ਸੰਧੀਰਾਂ ਦੀ ਜਰਗ ਦੇ ਬਜਾਰ ਵਿਚ ‘ਸੋਹਣ ਹਲਵਾਈ ਦੀ ਦੁਕਾਨ’ ਦੇ ਮਸ਼ਹੂਰ ‘ਜੇਜੋ ਦੇ ਪੇੜਿਆਂ’ ਵਰਗੇ ਤਾਜੇ ਖੋਏ ਦੇ ਪੇੜੇ ਤੇ ਬਰਫ਼ੀ ਮੁੜ ਨਹੀ ਲੱਭੇ| ਇਸੇ ਦੁਕਾਨ ਦੇ ਵਾਲੀਵਾਲ ਖੇਡ ਦੀ ਸ਼ਰਤ ਵਾਲੇ ਗਿੱਟੇ ਪੱਕੌੜੀਆਂ ਜਦੋ ਸ਼ਾਮ ਲਾਲ ਪੱਟਵਾਰੀ ਤੇ ਨਰਿੰਦਰ ਕੌੜਾ ਨੇ ਸਾਰਿਆਂ ਨੂੰ ਵਰਤਾਉਣੇ ਤਾਂ ਮੂੰਹ ਵਿਚ ਪਾਣੀ ਪਹਿਲਾਂ ਹੀ ਭਰ ਜਾਂਦਾ ਸੀ| ਡਾਕਟਰ ਤਰਲੋਚਨ ਸਿੰਘ ਗਰੇਵਾਲ ਦੀ ਜਰਗ ਦੇ ਬਜਾਰ ਵਾਲੀ ਦੁਕਾਨ ਇਲਾਕੇ ਦਾ ਪੈਡੂ ਹਸਪਤਾਲ ਸੀ ਜਿਥੇ ਹਰ ਬੀਮਾਰੀ ਦੀ ਦਵਾ ਦਾਰੂ ਮਿਲਦੀ ਸੀ| ਚਰਨ ਦੀ ਚਾਹ ਦੁੱਧ ਦੀ ਦੁਕਾਨ ਤੇ ਗੋਲੀ ਵਾਲਾ ਬੱਤਾ ਪੀ ਕੇ ਨਜਾਰਾ ਆ ਜਾਦਾਂ ਸੀ| ਬਾਰੂ ਬਿਸਕੁੱਟਾਂ ਵਾਲੇ ਦੇ ਸੰਧਾਰੇ ਵਾਲੇ ਪੀਪੇ ਬੜੀ ਦੂਰ ਦੂਰ ਜਾਂਦੇ ਸਨ| ਜਰਗ ਬਾਜਾਰ ਵਿਚ ਅਮਰ ਸੱੁਨਿਆਰ ਤੇ ਜਗਦੀਸ਼ ਬਾਣੀਏ ਦੀ ਕਿਤਾਬਾਂ ਕਾਪੀਆਂ ਵਾਲੀ ਹੱਟੀ ਵੀ ਬੜੇ ਮਸ਼ਹੂਰ ਹੁੰਦੇ ਸਨ| ਜਰਗ ਦੇ ਬਜਾਰ ਵਿਚ ਸ੍ਰੀ ਹਨੂੰਮਾਨ ਜੀ ਦੀ ਮੂਰਤੀ ਵਾਲੇ ਸਥਾਨ ਦੇ ਇਰਦ ਗਿਰਦ ਠੰਡੀ ਜਗਾ ਵਿਚ ਪੂਰੀਆਂ ਗਰਮੀਆਂ ਨੂੰ ਸੀਪ ਵਾਲੀ ਤਾਸ਼ ਖੇਡਣ ਦੀਆਂ ਢਾਣੀਆਂ ਵੀ ਲੱਗਦੀਆਂ ਸਨ| ਦੱੁਸਿਹਰੇ ਦੇ ਤਿਉਹਾਰ ਨੂੰ ਹਰ ਸਾਲ ਬਾਜਾਰ ਵਿਚੋ ਦਰਵਾਜੇ ਵਿਚ ਦੀ ਬਲਵੰਤ ਸਿੰਘ ਮਾਨ ਦੇ ਸਿ਼ੰਗਾਰੇ ਹੋਏ ਭਾਂਤ ਭਾਂਤ ਦੇ ਅਜੀਬ ਸਾਂਗ ਨਿਕਲਦੇ ਸਨ| ਜਰਗ ਦੀ ‘ਰਾਮਲੀਲਾ’ ਤੇ ਧਰਮਸਾਲਾ ਮੂਹਰੇ ‘ਰਾਸ’ ਦਾ ਵੀ ਇਲਾਕੇ ਵਿਚ ਬੜਾ ਨਾਂ ਹੁੰਦਾ ਸੀ| ਇਸੇ ਜਰਗ ਦੇ ਬਜਾਰ ਵਿਚਕਾਰ ਸੱਜੇ ਹੱਥ, ਲੰਗ ਮਾਰ ਕੇ ਸੋਟੀ ਨਾਲ ਤੁਰਨ ਵਾਲੇ ਟੇਲਰ ਮਾਸਟਰ ਕਿਸ਼ੋਰੀ ਲਾਲ ਜੀ ਦੀ ‘ਦਰਜੀ ਦੀ ਦੁਕਾਨ’ ਉਪੱਰ ਪੰਡਿਤ ਮੱਥਰਾ ਦਾਸ ਜੀ ਦਾ ਤੰਗ ਪੌੜਿਆਂ ਵਾਲਾ ਚੁਬਾਰਾ ਹੁੰਦਾ ਸੀ ਜਿਥੇ ਰਾਤ ਨੂੰ ਜਰਗ ਦੇ ਪੰਜਵੀ ਕਲਾਸ ਤੱਕ ਦੇ ਬੱਚਿਆਂ ਨੂੰ ਟਿਊਸ਼ਨ ਪੜਾਈ ਜਾਂਦੀ ਸੀ| ਬਾਬਾ ਮੱਥਰਾ ਦਾਸ ਜੀ ਦੋਵੇ ਅੱਖਾਂ ਤੋ ਅੰਨੇ ਸਨ ਪਰ ਉਨ੍ਹਾਂ ਦੀ ਤੀਜੀ ਅੰਦਰਲੀ ਅੱਖ ਸਾਰੇ ਬੱਚਿਆਂ ਉਪੱਰ ਲਗਾਤਾਰ ਘੁੰਮਦੀ ਰਹਿੰਦੀ ਸੀ| ਉਨ੍ਹਾਂ ਦਾ ਦਰਜੀ ਦੇ ਕੱਪੜੇ ਦੀਆਂ ਲੀਰਾਂ ਵਾਲਾ ਵੱਟਿਆ ਇੰਨੂ ਠਾਹ ਕਰਕੇ ਉਸ ਬੱਚੇ ਦੇ ਵੱਜਦਾ ਜੋ ਪੜਾਈ ਤੋ ਬੇਧਿਆਨਾ ਹੁੰਦਾ ਸੀ| ਬਾਬਾ ਮੱਥਰਾ ਦਾਸ ਜੀ ਦੇ ਟਿਊਸ਼ਨ ਸਕੂਲ ਤੋ ਅੱਧੀ ਰਾਤ ਨੂੰ ਛੁੱਟੀ ਹੁੰਦੀ| ਹਨੇਰੀਆਂ ਰਾਤਾਂ ਵਿਚ ਬਜਾਰ ਵਿਚੋ ਨਿਕਲ ਕੇ ਲਾਲਟੈਣ ਦੀ ਲੋ ਵਿਚ ਬਾਬਾ ਬੁੱਧਗਿਰ ਦੇ ਡੇਰੇ ਅੱਗੇ ਬੋਹੜ ਦੇ ਭਾਰੀ ਦਰਖੱਤ ਥੱਲਿਉ ਭੂਤ ਚੂੜੈਲਾਂ ਦੇ ਡਰ ਤੋ ਡੱਰ ਡੱਰ ਕੇ ਲੰਘਣਾ| ਰਾਤ ਨੂੰ ਘਰ ਜਾ ਕੇ ਮੇਰੀ ਮਾਂ ਜੀ ਰੱਬੋ ਵਾਲੇ ਸ਼ਾਹ ਸਰਦਾਰ ਮੇਵਾ ਸਿੰਘ ਦੀ ਧੀ ਅਮੀਰ ਕੌਰ ਜਿਨ੍ਹਾਂ ਨੂੰ ਅਸੀ ਸਾਰੇ ਭੈਣ ਭਾਈ ‘ਬੀਬੀ ਜੀ’ ਸੱਦਦੇ ਸੀ, ਘਰ ਦੇ ਦਰਵਾਜੇ ਅੰਦਰ ਚੱਰਖਾ ਕੱਤਦੇ ਹੋਏ ਇੰਤਜਾਰ ਕਰਦੇ ਹੁੰਦੇ ਸੀ| ਲੋਹੇ ਦੇ ਵੱਡੇ ਤੱਸਲੇ ਵਿਚ ਲੱਕੜ ਦੇ ਕੋਲਿਆਂ ਉਪੱਰ ਪਿੱਤਲ ਦੀ ਗੱੜਵੀ ਵਿਚ ਕੱੜਿਆ ਮੱਝ ਦਾ ਦੁੱਧ ਪੀ ਕੇ ਰਾਹ ਵਿਚਲਾ ਸਾਰਾ ਡੱਰ ਭੈ ਲਹਿ ਜਾਂਦਾ ਤੇ ਸੌਣ ਲਈ ਸ਼ੇਰ ਬੱਣ ਜਾਈਦਾ ਸੀ| ਬਾਬਾ ਮੱਥਰਾ ਦਾਸ ਜੀ ਦੀ ਸੱਖਤਾਈ ਅਤੇ ਪੜਾਈ ਦੇ ਅਸੂਲਾਂ ਬਦੌਲਤ ਮੈ ਪੰਜਵੀ ਕਲਾਸ ਦੇ ਸਲਾਨਾ ਇਮਤਿਹਾਨ\ਪ੍ਰੀਖਿਆ ਵਿਚ, ਕਈ ਸਕੂਲਾਂ ਦੇ ‘ਜਰਗ ਸੈਟਰ’ ਵਿਚੋ ਪਹਿਲੇ ਨੰਬਰ ਉਪੱਰ ਆਇਆ ਸੀ|
ਜਰਗ ਦੇ ਮੇਲਿਆਂ ਦੀ ਰੌਣਕ ਦੇ ਇਤਹਾਸਿਕ ਗਵਾਹ, ਭਾਰਤੀ ਕਨੈਡੀਅਨ ਐਨ ਆਰ ਆਈ, ਸਰੀ ਨਿਵਾਸੀ 106 ਸਾਲਾਂ ਦੇ (ਮਾਂ ਜੀ ਨਿੰਦੀ ਮੰਡੇਰ) ਮਾਤਾ ਸ਼ਮਸ਼ੇਰ ਕੌਰ, ਧਨਾਨਸੂ ਵਾਲਾ ਭਾਈਆ ਸਰਦਾਰ ਰੱਣਧੀਰ ਸਿੰਘ ਗਿਲ, ਭੈਣ ਜੀ ਇੰਦਰਜੀਤ, ਭਾਣਜਾ ਸਰਦਾਰ ਹਰਬਿੰਦਰ ਸਿੰਘ ਗਿਲ, ਲੱਖਾ ਸਿੰਘ ਵਾਲਾ ਕਾਕਾ ਸੰਦੀਪ ਰੰਧਾਵਾ, ਭਾਣਜੀ ਮਨਪ੍ਰੀਤ ਰੰਧਾਵਾ, ਖਮਾਣੋ ਵਾਲਾ ਪ੍ਰਾਹੁਣਾ ਸਰਦਾਰ ਹਰਜੀਤ ਸਿੰਘ ਸਰਾਉ, ਭੈਣ ਜੀ ਬਸਵਿੰਦਰ ਕੌਰ ਮੰਡੇਰ, ਚੰਡੀਗੜ ਵਾਸੀ ਗੈਰੀ ਸਰਾਉ, ਡਾਕਟਰ ਸਿਲਕੀ ਸਰਾਉ, ਸਰਦਾਰ ਬਲਵੀਰ ਸਿੰਘ ਤੇ ਪੀਜਾ 222 ਵਾਲਾ ਜੀਤ ਜਰਗੀਆ, ਪੱਮੀ, ਬਿੱਲੂ ਮੰਡੇਰ ਪ੍ਰੀਵਾਰ, ਬੀ ਸੀ ਦੇ ਉਕਨਾਗਨ ਵਿਚ ਪੰਜਤਾਰਾ ਸ਼ਾਨਦਾਰ ਹੋਟਲਾਂ ਦਾ ਨਿਰਮਾਤਾ ਤੇ ਵਪਾਰੀ, ਦੋਰਾਹਾ ਬਲਾਕ ਦੇ ਪਿੰਡ ਜੈਪੁਰਾ ਦਾ ਵਾਸੀ ਸਰਦਾਰ ਰੱਘਬੀਰ ਸਿੰਘ-ਰੌਨ ਮੁੰਡੀ, ਖੈਰਿਆਂ ਵਾਲਾ ਪੁਲੀਸ ਅਫਸਰ ਪਰਮਜੀਤ-ਪੰਮੀ ਖੈਰਾ, ਸਰੀ ਵਾਸੀ ਸਰਦਾਰ ਪ੍ਰੀਤਮ ਸਿੰਘ ਮੰਡੇਰ-ਕੌਲਗੜ੍ਹਵਾਲੇ, ਸਾਬਕਾ ਜਿਮੀਦਾਰ ਤੇ ਰਿਆਲਟਰ ਸਰਦਾਰ ਪਿਆਰਾ ਸਿੰਘ ਜੌਹਲ, ਨਿਊ ਵੈਸਟ ਸੁੱਖ ਸਾਗਰ ਗੁਰੂਘਰ ਦੇ ਸਾਬਕਾ ਪ੍ਰਧਾਨ ਸਰਦਾਰ ਬਲਵੀਰ ਸਿੰਘ ਹਾਰਾ, ਜਰਗੀਆ ਬੀਰਾ ਮੰਡੇਰ ਪ੍ਰੀਵਾਰ, ਪ੍ਰਧਾਨ ਸ਼ਮਿੰਦਰ ਸਿੰਘ ਮੰਡੇਰ-ਟਰਾਂਟੋ, ਨੰਬਰਦਾਰ ਭਗਵਾਨ ਸਿੰਘ ਦਾ ਕਾਕਾ ਨਰਿੰਦਰ ਸਿੰਘ-ਨਿੰਦੀ ਮੰਡੇਰ, ਐਬਸਟਫੋਰਡ ਵਾਸੀ ਰਿਆਲਟਰ ਸਰਦਾਰ ਭਰਪੂਰ ਸਿੰਘ ਮੰਡੇਰ, ਰੇਡਿਊ ਐਫ਼ ਐਮ ਦੀ ਨਿਧੱੜਕ ਆਵਾਜ ਤੇ ਚਰਚਿਤ ਰੇਡਿਊ ਹੋਸਟ ਬੀਬੀ ਕੁਲਜੀਤ ਕੌਰ ਮੰਡੇਰ, ਆਰ ਸੀ ਐਮ ਪੀ, ਪੁਲੀਸ ਅਫ਼ਸਰ-ਸਰਦਾਰ ਗੁਰਬੀਰ ਸਿੰਘ ਮੰਡੇਰ, ਬੇਕਰਜਫੀਲਡ ਕੈਲੇਫੋਰਨੀਆ਼ ਵਾਲਾ ਜਰਗ ਦਾ ਪ੍ਰਾਹੁਣਾ, ਸੁੱਖਵਿੰਦਰ ਸਿੰਘ-ਸੁੱਖੀ ਝੂੰਦਾਂ, ਬੇਕਰਜਫੀਲਡ ਟਰੱਕ ਸਕੂਲ ਵਾਲਾ ਛੋਟਾ ਵੀਰ ਬਿਲੂ ਮੰਡੇਰ, ਸਿ਼ਕਾਗੋ ਵਾਸੀ ਘੁੱਗ ਪ੍ਰਾਸ਼ਰ-ਸੋਹਣ ਹਲਵਾਈ ਪ੍ਰੀਵਾਰ, ਕਿਲੋਨਾ ਵਾਲਾ ਅਸ਼ੋਕ ਮੋਹਨ, ਸਮਰਲੈਡ ਵਾਲਾ ਅਰਵਿੰਦ ਮੋਹਨ-ਘੋਲਾ, ਜਰਗ ਸਕੂਲ ਦੇ ਹੈਡਮਾਸਟਰ ਸ੍ਰੀ ਧੱਨੀ ਰਾਮ ਜੀ ਦਾ ਪੈਨਟਿੰਕਟਨ ਬੀ ਸੀ ਵਾਲਾ ਰਾਜਿੰਦਰ ਕੁਮਾਰ ਪ੍ਰੀਵਾਰ, ਜਰਗ ਦੇ ਮੇਲਿਆਂ ਦਾ ਸਿ਼ੰਗਾਰ ਰਹੇ ਹਨ|
ਸ਼ਹੀਦ ਜਤਿੰਦਰਜੀਤ ਸਿੰਘ ਸਰਕਾਰੀ ਹਾਈ ਸਕੂਲ ਜਰਗ ਦੇ ਨਾਲ ਹੀ ਸੱਜੇ ਹੱਥ ਬਾਬਾ ਬੁੱਧਗਿਰ ਜੀ ਦਾ ਚਿੱਟੇ ਪੱਥਰਾਂ ਦਾ ਸ਼ਾਨਦਾਰ ਮੰਦਰ ਹੈ ਜੋ ਜਰਗ ਦੇ ਮੇਲੇ ਵਾਲੀ ਮਾਤਾ ਦੇ ਅਹਿਮ ਮੰਦਰਾਂ ਦੀ ਸੇਵਾ ਸੰਭਾਲ ਵੀ ਕਰਦੇ ਹਨ| ਜਰਗ ਦੇ ਮਰਹੂਮ ਮੀਰ ਸ਼ੇਰ ਖਾਨ ਦੇ ਨੌਜਵਾਨ ਫਰਜੰਦ ਸ਼ਾਹ ਨਵਾਜ ਖਾਨ-ਬਿੱਲੀ, ਜਰਗ ਦੇ ਮੇਲੇ ਦੀ ਪਾਵਨ ਜਗਾ ਸ਼ੇਖ ਬਾਬਾ ਫਰੀਦ ਗੰਜ ਸ਼ਕਰ ਦੇ ਮਜਾਰ ਉਪੱਰ ਹਰ ਸਾਲ ਪ੍ਰਵਾਸੀ ਪੰਜਾਬੀਆਂ ਤੇ ਇਲਾਕੇ ਦੇ ਨਾਮਵਰ ਦਾਨੀ ਸੱਜਣਾਂ ਦਾ ਮਾਨ ਸਨਮਾਨ ਕਰਦੇ ਹਨ| ਜਰਗ ਦੇ ਕਰਾਂਤੀਕਾਰੀ ਆਜਾਦ ਪੱ੍ਰਤਕਾਰ ਤੇ ਲੋਕ ਲੇਖਕ ‘ਜੋਗਿੰਦਰ ਸਿੰਘ ਆਜਾਦ’ ਦੀ ਸੱਚਾਈ ਵਾਲੀ ਕਲਮ, ‘ਪਹਿਰੇਦਾਰ’ ਵਿਚ ਬੇਪ੍ਰਵਾਹ ਚਲਦੀ ਰਹਿੰਦੀ ਹੈ| ਪੰਜਾਬੀ ਦੇ ਨਾਮੀ ‘ਅਜੀਤ ਅਖਬਾਰ-ਜਾਲੰਧਰ’ ਦੇ ਮਾਨਤਾ ਪ੍ਰਾਪਤ ਇਲਾਕੇ ਦੇ ਪ੍ਰੱਰਕਾਰ ‘ਪਾਲਾ ਰਾਜੇਵਾਲੀਆ’ ਦੀਆਂ ਖਬਰਾਂ ਦੇਸ ਵਿਦੇਸ਼ ਵਿਚ ਛੱਪਦੀਆਂ ਹਨ| ਜਰਗ ਤੋ ਜੌੜੇ ਪੁਲਾਂ ਵਾਲੀ ਸੜਕ ਉਪੱਰ ਰਾੜੇ ਵਾਲੇ ਮਹਾਨ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਯਾਦ ਵਿਚ ‘ਗੁਰਦਵਾਰਾ ਰਾੜਾ ਸਾਹਿਬ ਜਰਗ’ ਹੈ ਜਿਸ ਦੀ ਸੇਵਾ ਸੰਭਾਲ ਸੰਤ ਬਾਬਾ ਭੁਪਿੰਦਰ ਸਿੰਘ ਜੀ ਕਰ ਰਹੇ ਹਨ| ਪਿੰਡ ਜਰਗ ਦੀ ਅਬਾਦੀ 06 ਹਜਾਰ ਦੇ ਲਗਭੱਗ ਹੈ, ਜਿਸ ਵਿਚ 675 ਪ੍ਰੀਵਾਰ ਸ਼ਾਮਲ ਹਨ| ਪਿੰਡ ਜਰਗ ਦੇ ਪ੍ਰਵਾਸੀ ਪ੍ਰੀਵਾਰਾਂ ਵਿਚ ਹਰ ਘਰ ਵਿਚੋ ਇਕ ਦੋ ਵਿਅਕਤੀ ਜਾਂ ਪੂਰਾ ਪ੍ਰੀਵਾਰ ਹੀ ਬਾਹਰਲੇ ਮੁਲਕਾਂ ਕਨੇਡਾ, ਅਮਰੀਕਾ, ਇੰਗਲੈਡ, ਆਸਟਰੇਲੀਆ, ਨਾਰਵੇ, ਸਵੀਡਨ ਆਦਿ ਵਿਚ ਵੱਸ ਚੁੱਕੇ ਹਨ|
ਪੁਰਾਤਨ ਸਮੇ ਵਿਚ ਇਨ੍ਹਾਂ ਜਰਗ ਦੇ ਮੇਲੇ ਵਾਲੇ ਪਾਵਨ ਮੰਦਰਾਂ ਦੇ ਸਿਰਥਲੇ ਵਾਲੇ ਪਾਸੇ ਰੇਤ ਦੇ ਵੱਡੇ ਵੱਡੇ ਟਿੱਬੇ ਅਤੇ ਸੰਘਣੇ ਝਾੜ ਹੁੰਦੇ ਸੀ| ਇਨ੍ਹਾਂ ਰੇਤਲੇ ਟਿਬਿਆਂ ਵਿਚਲੇ ਕੱੁਦਰਤੀ ਝਾੜਾਂ ਦੇ ਨਿੱਕੇ ਨਿੱਕੇ ਲਾਲ ਪੀਲੇ ਫਲ ‘ਝਾੜਾਂ ਦੇ ਬੇਰ’ ਮੋਟੇ ਮੋਟੇ ਕਸ਼ਮੀਰ ਦੇ ਸੇਬਾਂ ਨਾਲੋ ਵੀ ਵੱਧ ਅੰਤਾਂ ਦੇ ਸਵਾਦੀ ਹੁੰਦੇ ਸੀ| ਇਨ੍ਹਾਂ ਰੇਤ ਦੇ ਟਿੱਬਿਆਂ ਵਿਚੋ ਸਿਰਫ ਪੈਦਲ ਹੀ ਲੰਘਿਆ ਜਾ ਸਕਦਾ ਸੀ ਅਤੇ ਮੂੰਗਫ਼ਲੀ ਤੇ ਕਾਲੇ ਛੋਲਿਆਂ ਦੀ ਮਾਰੂ ਫ਼ਸਲ ਇਨ੍ਹਾਂ ਖੇਤਾਂ ਵਿਚ ਹੁੰਦੀ ਸੀ| ਜਰਗ ਦੇ ਇਨ੍ਹਾਂ ਟਿੱਬਿਆਂ ਵਿਚ 60 ਸਾਲ ਪਹਿਲਾਂ ਬੱਲਦਾਂ ਦੇ ਦੇਸੀ ਹੱਲਾਂ ਮਗਰ ਅਸੀ ਮੂੰਗਫਲੀ ਦੇ ਦਾਣੇ ਕੇਰਦੇ ਕੇਰਦੇ ਠੰਡੇ ਰੇਤੇ ਵਿਚੋ ਨਿੱਕਲਦੇ ਲਾਲ ਰੰਗ ਦੇ ਨਿਕੇ ਨਿਕੇ ਮੱਖਮੱਲੀ ਜੀ ਜੰਤੂ ਫੱੜ ਕੇ ਖੇਡਦੇ ਰਹਿੰਦੇ, ਜਿਨ੍ਹਾਂ ਨੂੰ “ਬੀਰ ਵਹੱੁਟੀਆਂ” ਕਿਹਾ ਜਾਦਾ ਸੀ| ਇਸੇ ਠੰਡੇ ਰੇਤੇ ਦੀ ਖੁੱਸ਼ਬੋ ਮਾਨਣ ਲਈ ਸੈਕੜੇ ਪਹਾੜੀ ਜਾਨਵਰ ਜਿਨ੍ਹਾਂ ਨੂੰ “ਕੂੰਜਾਂ” ਕਿਹਾ ਜਾਦਾ ਸੀ, ਇਨ੍ਹਾਂ ਸੁੰਨ ਮਸਾਨ ਜਰਗ ਪਿੰਡ ਵਾਲੇ ਰੇਤ ਦੇ ਟਿਬਿਆਂ ਵਿਚ ਇਹ ਪਹਾੜੀ ਕੂੰਜਾਂ ਦੀਆਂ ਡਾਰਾਂ ਦੀਆਂ ਡਾਰਾਂ ਉਤੱਰ ਦੀਆਂ ਸਨ| ਸਾਡਾ ਬਾਪੂ ਬੈਲਜੀਅਮ ਦੀ ਬਣੀ ਦੁਨਾਲੀ ਬੰਦੂਕ/ਰਫ਼ਲ ਲੈ ਕੇ ਤਾਜਾ ਮਾਸ ਖਾਣ ਲਈ ਇਨ੍ਹਾਂ ਭੋਲੇ ਭਾਲੇ ਜਾਨਵਰਾਂ ਮਗਰ ਪਿਆ ਰਹਿੰਦਾ| ਹੱੁਣ ਜਮਾਨਾ ਬਦਲ ਗਿਆ, ਅੱਜ ਕੱਲ ਨਾ ਇਹ “ਬੀਰ ਵਹੁੱਟੀਆਂ” ਲੱਭਦੀਆਂ ਹਨ ਤੇ ਨਾ ਹੀ “ਪਹਾੜੀ ਕੰੂਜਾਂ” ਦੀਆਂ ਡਾਰਾਂ ਉਤੱਰ ਦੀਆਂ ਹਨ| ਪਿੰਡ ਜਰਗ ਤੇ ਪਿੰਡ ਸਿਰਥਲੇ ਦੇ ਇਨ੍ਹਾਂ ਟਿੱਬਿਆਂ ਵਿਚ ਹੁੱਣ ਟਿਊਬੈਲ ਤੇ ਬਿਜਲੀ ਦੀਆਂ ਮੋਟਰਾਂ ਦਾ ਪਾਣੀ ਲੱਗਣ ਕਰਕੇ ਮੱਣਾਂ ਮੂੰਹੀ ਕਣੱਕ ਤੇ ਝੋਨਾ ਹੁੰਦਾ ਹੈ|
ਜਰਗ ਦੇ ਮੇਲੇ ਤੋ ਇਕ ਦਿਨ ਪਹਿਲਾਂ ਸੋਮਵਾਰ ਨੂੰ ਹਰ ਘਰ ਵਿਚ ਮਿੱਠੇ ਗੁੱਲਗੁਲੇ ਤੇ ਹਰੇ ਮਟਰਾਂ, ਆਲੂਆਂ ਤੇ ਮਸਾਲਿਆਂ ਨਾਲ ਭਰਪੂਰ ਸਵਾਦਿਸ਼ਟ ਨਮਕੀਨ ਭਰਵੀਆਂ ‘ਕਚੌਰੀਆਂ’ ਸਰੋ ਦੇ ਤੇਲ ਵਿਚ ਤੱਲੀਆਂ ਜਾਦੀਆਂ ਹਨ| ਇਨ੍ਹਾਂ ਗੁੱਲਗਲਿਆਂ ਤੇ ਕਚੌਰੀਆਂ ਨੂੰ ਸੁੱਚੇ ਰੱਖ ਕੇ ਦੂਜੇ ਦਿਨ ਮੰਗਲਵਾਰ ਨੂੰ ਮੇਲੇ ਵਾਲੇ ਦਿਨ ਸਾਰੇ ਪਾਵਨ ਮੰਦਰਾਂ ਅੰਦਰ ਸ਼ਰਧਾ ਨਾਲ ਪੂਜਾ ਕਰਕੇ, ਮਾਤਾ ਦੇ ਚਰਨਾਂ ਵਿਚ ਮਿਟੀ ਕੱਢ ਕੇ ਗੁੱਲਗੱਲਿਆਂ ਤੇ ਕਚੌਰੀਆਂ, ਜਿਨ੍ਹਾਂ ਨੂੰ ਹੁੱਣ ‘ਬੇਹਾ ਅੰਨ’ ਕਿਹਾ ਜਾਦਾ ਹੈ, ਮਾਤਾ ਦੇ ਪ੍ਰਸ਼ਾਦ ਦੇ ਰੂਪ ਵਿਚ ਵੰਡਿਆ ਤੇ ਛੱਕਿਆ ਜਾਦਾ ਹੈ| ਜਰਗ ਪਿੰਡ ਵਿਚ ਸਾਡੀ ਜੱਦੀ ਪੁਸ਼ਤੀ ਰਹਾਇਸ਼ ਜਦੋ ਸੰਨ 1962-63 ਵਿਚ ਅੰਦਰਲੇ ਘਰ ਤੋ ਬਾਹਰ ਅਬਾਦੀ ਵਿਚ ਖੁੱਲੀ ਜਗਾ ਆਈ ਤਾਂ ਜਰਗ ਦੇ ਮੇਲਿਆਂ ਸਮੇ ਬਾਬਾ ਜੀ ਚੌਧਰੀ ਲੀਕਲ ਸਿੰਘ, ਗੁੱਲਗੁਲੇ ਕਚੌਰੀਆਂ ਨਾਲ ਭਰੀਆਂ ਕਈ ਕਈ ‘ਚਾਟੀਆਂ’ ਮਾਤਾ ਦੇ ਦਰਸ਼ਨਾਂ ਲਈ ਆਏ ਪਿੰਡਾਂ ਦੇ ਸੈਕੜੇ ਸ਼ਰਧਾਲੂਆਂ ਨੂੰ ਬਿਨਾ ਕਿਸੇ ਭੇਦ ਭਾਵ ਦੇ ਵਰਤਾ ਦਿੰਦੇ ਸਨ| ਜਰਗ ਦੇ ਪਾਵਨ ਮਾਤਾ ਦੇ ਮੰਦਰਾਂ ਦੇ ਇਰਦ ਗਿਰਦ ਇਸ ਮਾਤਾ ਦੇ ਪ੍ਰਸ਼ਾਦ ਨੂੰ ਚੁੱਕਣ ਤੇ ਮੰਗਣ ਨਾਲ ਬੰਗਾਲੇ, ਗੱਡੀਆਂ ਵਾਲੇ ਤੇ ਸੱਪਾਂ ਵਾਲੇ ਆਦਿ ਆਪਣੀਆਂ ਝੋਲੀਆਂ ਭਰ ਲੈਦੇ ਹਨ| ਜਰਗ ਦੇ ਮੇਲੇ ਵਿਚ ਮਾਤਾ ਦੇ ਸ਼ਰਧਾਲੂ ਸੋਮਵਾਰ ਵਾਲੇ ਦਿਨ ਦੁਪਿਹਰ ਤੋ ਹੀ ਇਲਾਕੇ ਦੇ ਦੂਰ ਦੁਰਾਡੇ ਪਿੰਡਾਂ ਸ਼ਹਿਰਾਂ ਦੇ ਮਰਦ ਔਰਤਾਂ, ਬੱਚੇ ਬੁੱਢੇ ਮਾਤਾ ਦੇ ਮੰਦਰਾਂ ਦੇ ਆਲੇ ਦੁਆਲੇ ਪੁੱਜ ਕੇ ਜਮੀਨ ਉਪੱਰ ਆਸਣ ਜਾਂ ਡੇਰੇ ਲਾ ਕੇ ਮਾਤਾ ਦੀ ਚੌਕੀ ਭਰਦੇ ਹਨ| ਮਾਰਚ ਦਾ ਮਹੀਨਾ ਸੁਹਾਵਣਾ ਹੋਣ ਕਰਕੇ ਖੁੱਲੇ ਅਸਮਾਨ ਥੱਲੇ ਹੀ ਰਾਤ ਨੂੰ ਡੰਡੌਤ ਕਰਦੇ, ਜਗਰਾਤਿਆਂ ਰਾਹੀ ਢੋਲਕ ਛੈਣਿਆਂ ਦੇ ਦੇਸੀ ਸੰਗੀਤ ਨਾਲ ਮਾਤਾ ਦਾ ਜੱਸ ਗਾਇਨ ਕਰਦੇ ਹੋਏ ਧਾਰਮਿਕ ਭੱਜਨ ਗਾ ਕੇ ਅੰਤਾਂ ਦੇ ਪ੍ਰਸੰਨ ਹੁੰਦੇ ਹਨ| ਮਾਤਾ ਦੀਆਂ ਰੂਹਾਨੀ ਅਸੀਸਾਂ ਨਾਲ ਇਹ ਮਾਤਾ ਦੇ ਸ਼ਰਧਾਲੂ ਜਰਗ ਦੇ ਮੇਲੇ ਵਿਚ ਆ ਕੇ ਆਪਣਾ ਜਨਮ ਸਫਲਾ ਕਰ ਲੈਦੇ ਹਨ| ਮੇਲੇ ਵਾਲੇ ਦਿਨ ਪਿੰਡਾਂ ਦੇ ਗੱਭਰੂ ਬਾਜਿਆਂ ਤੇ ਢੋਲਾਂ ਦੀ ਤਾਲ ਨਾਲ ਬੋਲੀਆਂ ਤੇ ਭੰਗੜਾ ਪਾ ਕੇ ਜਰਗ ਦੇ ਮੇਲੇ ਵਿਚ ਚੋਖਾ ਮੰਨੋਰੰਜਨ ਕਰਦੇ ਹਨ| ਮਰਦਾਂ ਤੇ ਔਰਤਾਂ ਦੇ ਕਿੱਨਰ ਨਚਾਰ ਬੜੇ ਸੱਜ ਧੱਜ ਕੇ ਜਰਗ ਦੇ ਮੇਲੇ ਨੂੰ ਭਾਗ ਲਾਉਦੇ ਹੋਏ ਮੇਲੇ ਦੀ ਦੇਸੀ ਰੌਣਕ ਵਿਚ ਵਾਧਾ ਕਰਦੇ ਹਨ|
ਜਰਗ ਦੇ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਦਾ ਵਿਸ਼ਵਾਸ਼ ਹੈ ਕਿ ਜਿਸ ਘਰ ਵਿਚ ਕਿਸੇ ਜੀਅ ਜਾਂ ਬੱਚੇ ਦੇ ਮਾਤਾ (ਚੇਚਕ) ਨਿਕਲੀ ਹੋਵੇ, ਉਹ ਪ੍ਰੀਵਾਰ ਚੇਚਕ ਦੀ ਬੀਮਾਰੀ ਤੋ ਰਾਹਤ (ਛੁਟਕਾਰਾ) ਪਾਉਣ ਲਈ ਮੰਗਲਵਾਰ ਵਾਲੇ ਦਿਨ ਮਾਤਾ ਰਾਣੀ ਦੀ ਸੁੱਖਣਾ, ਮੰਦਰਾਂ ਵਿਚ ਗੁੱਲਗਲੇ ਅਰਪਨ ਕਰਕੇ, ਮੰਦਰਾਂ ਅੱਗੇ ਮਿਟੀ ਕੱਢ ਕੇ, ਦੇਸੀ ਕਾਲੇ ਕੁੱਕੜ ਦਾ (ਜੀਜਾ ਜੀ) ‘ਜੀ ਦਾ ਜੀ’ ਛੁਡਾ ਕੇ ਤੇ ਇੱਟਾਂ ਦੇ ਥਾਨ ਲਗਾਉਣ ਨਾਲ ਪੂਰੀ ਹੋ ਜਾਂਦੀ ਹੈ| ਜਰਗ ਦੇ ਮੇਲੇ ਵਿਚ ਪੰਜਾਬ ਭਰ ਚੋ ਸਾਰੇ ਧਰਮਾਂ ਦੇ ਲੋਕ, ਜਰਗ ਪਿੰਡ ਦੇ ਪਰਵਾਸੀ\ਐਨ ਆਰ ਆਈ ਪ੍ਰੀਵਾਰ, ਬਿਨਾਂ ਕਿਸੇ ਭੇਦ ਭਾਵ ਦੇ ਸ਼ਰਧਾ ਭਾਵਨਾ ਨਾਲ ਮਾਤਾ ਦੇ ਮੰਦਰਾਂ ਵਿਚ ਮੱਥਾ ਟੇਕਣ ਆਉਦੇ ਹਨ| ਜਰਗ ਦੇ ਮੇਲੇ ਵਿਚ, ਮੇਲੇ ਵਾਲੇ ਦਿਨ ਮੰਗਲਵਾਰ ਨੂੰ ਸਵੇਰੇ ਅੰਮ੍ਰਿਤ ਵੇਲੇ ਤੋ ਹੀ ਜਰਗ ਪਿੰਡ ਤੇ ਆਲੇ ਦੁਆਲੇ ਦੇ ਪਿੰਡਾਂ ਤੋ ਸੈਕੜੇ ਦੀ ਗਿਣਤੀ ਵਿਚ ਬੱਚੇ, ਜਵਾਨ, ਬਜੁਰਗ, ਬੀਬੀਆਂ ਭੈਣਾਂ ਤੇ ਜਵਾਨ ਮੁਟਿਆਰਾਂ, ਕਾਰਾਂ-ਜੀਪਾਂ, ਟਰੈਕਟਰ-ਟਰਾਲੀਆਂ, ਸਕੂਟਰ-ਮੋਟਰਸਾਈਕਲਾਂ, ਬੱਸਾਂ-ਟੱਰਕਾਂ ਅਤੇ ਪੈਦਲ ਚੱਲ ਕੇ ਜਰਗ ਦੇ ਮੇਲੇ ਵਿਚ ਪਹੁੰਚਦੇ ਹਨ| ਮੇਲੇ ਨੂੰ ਜਾਣ ਵਾਲੇ ਰਾਹ ਦੇ ਦੋਨੇ ਪਾਸੇ ਜਰਗ ਦੇ ਬੱਸ ਸਟੈਡ ਤੋ ਲੈ ਕੇ ਮਾਤਾ ਦੇ ਮੰਦਰਾਂ ਤੱਕ ਭਾਂਤ ਭਾਤ ਦੀਆਂ ਆਰਜੀ ਦੁਕਾਨਾਂ ਉਪੱਰ ਪੂਰੀ ਚਹਿਲ ਪਹਿਲ ਹੁੰਦੀ ਹੈ| ਇਨ੍ਹਾਂ ਆਰਜੀ ਦੁਕਾਨਾਂ ਵਿਚ ਨਕਲੀ ਸੋਨੇ ਦੇ ਗਹਿਣੇ-ਚੂੜੀਆਂ, ਪਰਾਂਦੀਆਂ, ਛਾਪਾਂ ਛੱਲੇ, ਸੁੱਰਖੀ ਬਿੰਦੀ, ਗਾਨੀਆਂ, ਬੱਚਿਆਂ ਦੇ ਨਵੇ ਜਮਾਨੇ ਦੇ ਖਿਡੌਣੇ, ਕਾਰਾਂ ਮੋਟਰਾਂ, ਹਾਥੀ ਘੋੜੇ, ਕੰਪਿਉਟਰ ਗੇਮਾਂ ਤੇ ਕੰਮ ਚਲਾਊ ਸਾਫ ਸੁੱਥਰੀਆਂ ਘਰੇਲੂ ਵਸਤਾਂ ਵੀ ਮਿਲਦੀਆਂ ਤੇ ਵਿਕਦੀਆਂ ਹਨ| ਖਾਣ ਪੀਣ ਦੀਆਂ ਵਸਤਾਂ ਵਿਚ ਭਾਂਤ ਭਾਂਤ ਦੀਆਂ ਮਿਠਾਈਆਂ, ਜਲੇਬੀਆਂ, ਬਰਫੀ, ਪੇੜੇ, ਪਕੌੜੇ, ਪਾਪੜੀਆਂ, ਚਾਟ ਭੱਲੇ, ਸਮੋਸੇ ਤੇ ਗੋਲਗੱਪੇ ਆਦਿ ਜਰਗ ਦੇ ਮੇਲੇ ਦੀ ਰਵਾਇਤ ਹਨ| ਦੁਪਹਿਰ ਤੱਕ ਜਰਗ ਦੇ ਮੇਲੇ ਵਿਚ ਇੰਨੀ ਭੀੜ ਹੋ ਜਾਂਦੀ ਹੈ ਕਿ ਮਾਤਾ ਦੇ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਲੰਮੀ ਕਤਾਰ ਵਿਚ ਲੱਗਣਾ ਪੈਦਾ ਹੈ| ਪੰਜਾਬ ਪੁਲੀਸ ਦੀ ਪੁਲੀਸ ਚੌਕੀ ਪਿੰਡ ਰੌਣੀ ਦੇ ਪੁਲੀਸ ਮੁਲਾਜਮ ਮੇਲੇ ਵਿਚ ਅਮਨ ਸ਼ਾਂਤੀ ਤੇ ਰੱਖ ਰਖਾਉ ਪੂਰੀ ਤਨਦੇਹੀ ਨਾਲ ਕਰਦੇ ਹਨ| ਇਸ ਭੀੜ ਭੱੜਕੇ ਵਿਚ ਕਈ ਸ਼ਰਾਰਤੀ ਅੰਸਰ ਜੇਬਾਂ ਵੀ ਸਾਫ ਕਰ ਜਾਂਦੇ ਹਨ|
ਜਰਗ ਦੇ ਮੇਲੇ ਵਿਚ ਤੂੰਬੇ ਅਲਗੋਜੇ ਤੇ ਢੱਡ ਸਾਰੰਗੀ ਦੇ ਲੋਕ ਗਾਇਕਾਂ ਦੇ ਅਖਾੜੇ ਵੀ ਕਈ ਥਾਵੇ ਲਗਦੇ ਹਨ| ਢੱਡ ਸਾਰੰਗੀ ਵੀ ਰਵਾਇਤੀ ਪੰਜਾਬੀ ਲੋਕ ਗਾਇਨ ਦੀ ਇਕ ਪੁਰਾਤਨ ਕਲਾ ਹੈ ਜਿਸ ਵਿਚ ਜਰਗ ਪਿੰਡ ਦੇ ਨੌਜਵਾਨ ਸਰਦਾਰ ਨਵਜੋਤ ਸਿੰਘ-ਜੋਤੀ ਮੰਡੇਰ, ਸਪੁੱਤਰ ਸਾਬਕਾ ਸਰਪੰਚ ਮਰਹੂਮ ਸਰਦਾਰ ਹਰਦੇਵ ਸਿੰਘ ਮੰਡੇਰ ਦਾ ਬੜਾ ਨਾਂ ਹੈ| ਖੇਡਾਂ ਦੇ ਖੇਤਰ ਵਿਚ ਪਹਿਲਵਾਨ ਨਾਜਰ ਸਿੰਘ, ਕਬੱਡੀ ਵਿਚ ‘ਮੁੱਖਤਿਆਰ ਕਾ-ਬਲਜੀਤ ਸਿੰਘ ਗੋਲਾ’ ਉਨ੍ਹਾਂ ਦਾ ਸਪੁੱਤਰ ਪਿੰਕਾ ਮੰਡੇਰ, ਮਰਹੂਮ ਸੰਤੋਖ ਸਿੰਘ ਪੰਚ ਦਾ ਮੁੰਡਾ-ਹਰਦੇਵ ਸਿੰਘ ਮੰਡੇਰ-ਕਾਲਾ ਗੋਲਾ (ਜੋ ਮੇਰੇ ਨਾਲ ਐਸ ਡੀ ਕਾਲਜ-ਅੰਬਾਲਾ ਕੈਟ ਵਿਖੇ 1973-74 ਵਿਚ ਪੜਿਆ ਤੇ ਕਬੱਡੀ ਖੇਡ ਵਿਚ ਪੰਜਾਬ ਯੂਨੀਵਰਸਿਟੀ ਦੇ ਚੈਪੀਅਨ ਬਣ ਕੇ ਕੱਲਕੱਤੇ ਇੰਟਰ ਯੂਨੀਵਰਸਿਟੀ ਖੇਡੇ),ਪ੍ਰਤੀਮ ਪਹਿਲਵਾਨ (ਜੋ ਮੇਰੇ ਨਾਲ ਸਪੋਰਟਸ ਸਕੂਲ ਜਾਲੰਧਰ ਪੜਿਆ), ਦਿਲੀ ਵਾਲਾ-ਮਨੋਹਰ ਸਿੰਘ ਬੀ ਏ, ਬਲਦੇਵ ਸਿੰਘ ਚੱਕੀਵਾਲਾ, ਪੀਟੀ ਮਾਸਟਰ ਭਰਪੂਰ ਸਿੰਘ-ਅੱੜਬਾਂ ਦਾ, ਪੀ ਟੀ ਆਈ-ਮਾਸਟਰ ਵਜੀਰ ਸਿੰਘ ਅਤੇ ਗੁਰਿੰਦਰ ਸਿੰਘ-ਕਾਕਾ ਕੋਚ ਵੇਟਲਿਫਟਿੰਗ ਦਾ ਚੰਗਾ ਯੋਗਦਾਨ ਰਿਹਾ ਹੈ| ਸਮਾਜਿਕ ਕੰਮਾਂ ਵਿਚ ਸਮਾਜ ਸੇਵਕ ਰਸਾਲਦਾਰ ਸਰਦਾਰ ਚੰਦਾ ਸਿੰਘ-ਸੇਵਾਦਾਰ ਗੁਰਦਵਾਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਤੇ ਜਰਗ, ਕੈਪਟਨ ਸ੍ਰਦਾਰ ਨੱਥਾ ਸਿੰਘ-ਸੇਵਾ ਗੁਰਦਵਾਰਾ ਹਰਗੋਬਿੰਦ ਸਾਹਿਬ ਜਰਗ (ਅੰਦਰਲਾ ਗੁਰਦਵਾਰਾ), ਰਾਜਨ-ਭੂਪੀ-ਲਾਲੀ ਸ੍ਰਦਾਰਾਂ ਦਾ ਪ੍ਰੀਵਾਰ, ਸਰਦਾਰ ਕਟਾਰ ਸਿੰਘ, ਚੌਧਰੀ ਸ੍ਰਦਾਰ ਲੀਕਲ ਸਿੰਘ, ਡਾਕਟਰ ਤਰਲੋਚਨ ਸਿੰਘ ਗਰੇਵਾਲ, ਠਾਣੇਦਾਰ ਅਜਮੇਰ ਸਿੰਘ, ਸਰਦਾਰ ਉਜਾਗਰ ਸਿੰਘ ਐਸ ਪੀ, ਸਰਦਾਰ ਬਲਵੀਰ ਸਿੰਘ ਕਨੇਡਾ ਵਾਲੇ, ਹੈਡ ਮਾਸਟਰ ਸਰਦਾਰ ਪ੍ਰੀਤਮ ਸਿੰਘ ਕੱੜਤੋੜ, ਅੰਗਰੇਜੀ ਦੇ ਮਾਸਟਰ ਅੱਛਰਾ ਸਿ਼ਘ, ਹਿਸਾਬ ਦੇ ਮਾਸਟਰ ਰਿਖੀ ਰਾਮ-ਚੌਦੇ ਵਾਲੇ, ਸਾਬਕਾ ਸਰਪੰਚ ਅਮਰ ਸਿੰਘ, ਮਾਸਟਰ ਗੁਰਬਖਸ਼ ਸਿੰੰਘ, ਮਾਸਟਰ ਹਰਬਖਸ਼ ਸਿੰਘ ਟੁੰਡਾ, ਪ੍ਰੋਫੈਸਰ ਸੁਰਿੰਦਰਪਾਲ ਸਿੰਘ ਮੰਡੇਰ, ਲੈਫਟੀਨੈਟ ਜਨਰਲ ਦਪਿੰਦਰ ਸਿੰਘ ਮੰਡੇਰ, ਸਾਡੇ ਵੱਡੇ ਤਾਇਆ ਜੀ ਸਰਦਾਰ ਰਾਮ ਸਿੰਘ ਅਫਰੀਕਾ ਵਾਲਾ, ਜਰਗ ਦੀ ਪ੍ਰੀਤਮ ਬੱਸ ਵਾਲੇ ਸਰਦਾਰ ਜਸਵੰਤ ਸਿੰਘ ਮੰਡੇਰ, ਹੈਡਮਾਸਟਰ ਧੱਨੀ ਰਾਮ ਜੀ-ਜਰਗੜੀ ਵਾਲੇ, ਬਾਬੂ ਕੌਰ ਚੰਦ-ਸਿਰਥਲਾ, ਕਨੇਡਾ ਵਾਸੀ ਜੀਤ ਜਰਗੀਆ-ਪੀਜਾ 222, ਸਰਦਾਰ ਭਰਪੂਰ ਸਿੰਘ ਤੇ ਰਾਮ ਸਿੰਘ ਮੰਡੇਰ-ਅਮਰੀਕਾ, ਸਾਬਕਾ ਸਰਪੰਚ ਹਰਮਿੰਦਰ ਸਿੰਘ ਤੇ ਵੱਡਾ ਭਾਈ ਸਰਦਾਰ ਅਮਰੀਕ ਸਿੰਘ ਮੰਡੇਰ ਅਮਰੀਕਾ ਵਾਲੇ, ਖੰਡਾ ਟਰਾਂਸਪੋਰਟ ਕੱਲਕੱਤਾ-ਖੂਹੀ ਵਾਲਾ ਜਗਦੇਵ ਸਿੰਘ ਮੰਡੇਰ ਪ੍ਰੀਵਾਰ, ਗੀਤਕਾਰ ਜਤਿੰਦਰ ਜਰਗੀਆ ਤੇ ਲੇਖਕ ਭੋਲਾ ਜਰਗੀਆ-ਅਮਰੀਕਾ ਸ਼ਾਮਲ ਹਨ| ਮੇਲਾ ਕਮੇਟੀ ਵਿਚ ਜਸਪ੍ਰੀਤ ਸਿੰਘ-ਸੋਨੀ ਬਾਈ ਸਾਬਕਾ ਸਰਪੰਚ, ਪ੍ਰਿਤਪਾਲ ਸਿੰਘ ਮੰਡੇਰ ਗੁਰੂਘਰ ਕਮੇਟੀ ਦੇ ਪ੍ਰਧਾਨ, ਮਾਸਟਰ ਬਲਵੀਰ ਸਿੰਘ ਮੰਡੇਰ, ਨੰਬਰਦਾਰ ਜੰਗ ਸਿੰਘ ਤੇ ਧਰਮਿੰਦਰ ਸਿੰਘ ਮੰਡੇਰ, ਕਮਲਜੀਤ ਸਿੰਘ-ਪੱਪੂ ਮੰਡੇਰ ਮੋਹਰੀ ਹਨ|
ਜਰਗ ਦੇ ਮੇਲੇ ਵਿਚ ਆਲੇ ਦੁਆਲੇ ਦੇ ਪਿੰਡਾਂ ਦੇ ਆਜੜੀ ਲੋਕ ਆਪਣੀਆਂ ਭੇਡਾਂ ਬੱਕਰੀਆਂ ਨੂੰ ਦੁਲਹਨ ਵਾਗ ਤੇ ਲਾਹੌਰ ਦੇ ਰੰਗ ਮਹਿਲ ਦੀ ਤਰਾਂ ਸਜਾ ਕੇ ਲਿਆਉਦੇ ਹਨ| ਪਿਛਲੇ ਕੁੱਝ ਸਾਲਾਂ ਤੋ ਜਰਗ ਦੇ ਮੇਲੇ ਦੇ ਰਵਾਇਤੀ ਮਿਟੀ ਦੇ ਅਖਾੜੇ ਵਾਲੇ ਘੋਲ-ਕੁਸ਼ਤੀਆਂ ਵੀ ਬੜਾ ਪਾਏਦਾਰ ਨਾਮ ਬਣਾ ਰਹੇ ਹਨ, ਜਿਸ ਵਿਚ ਪਹਿਲਵਾਨ ਅਮਰੀਕ ਸਿੰਘ ਰੌਣੀ, ਜਰਗ ਪਿੰਡ ਦੀ ਪੰਚਾਇਤ ਦੇ ਨੌਜਵਾਨ ਸਰਪੰਚ ਸੋਨੀ ਬਾਈ, ਕਮਲਜੀਤ ਸਿੰਘ-ਪੱਪੂ ਮੰਡੇਰ ਤੇ ਪੰਚਾਇਤ ਮੈਬਰਾਂ ਦਾ ਅਹਿਮ ਯੋਗਦਾਨ ਹੈ| ਪੰਜਾਬੀ ਸਭਿਆਚਾਰ ਦੀ ਮਹਿਕ ਬਖੇਰਦਾ ਜਰਗ ਦਾ ਮੇਲਾ ਦਾ ਪਹਿਲਾ ਮੇਲਾ, ਜਿਸਨੂੰ ‘ਵੱਡਾ ਮੇਲਾ’ ਕਹਿੰਦੇ ਹਨ, 02 ਅਪਰੈਲ ਨੂੰ ਭਰਿਆ, ਦੂਸਰਾ ਮੇਲਾ ਜਿਸ ਨੂੰ ‘ਛੋਟਾ ਮੇਲਾ’ ਜਾਂ ਔਰਤਾਂ ਦਾ ਮੇਲਾ ਵੀ ਕਿਹਾ ਜਾਂਦਾ ਹੈ, 9 ਅਪਰੈਲ ਨੂੰ ਲੱਗਿਆ ਅਤੇ ਤੀਜਾ ਮੇਲਾ ਜਿਸ ਨੂੰ ‘ਜੱਟਾਂ ਦਾ ਮੇਲਾ’ ਕਿਹਾ ਜਾਦਾ ਹੈ 16 ਅਪਰੈਲ ਨੂੰ ਮਨਾਇਆ ਗਿਆ|