Headlines

ਸਰੀ ਵਿਚ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਲੱਖਾਂ ਦੀ ਗਿਣਤੀ ਵਿਚ ਸ਼ਾਮਿਲ ਹੋਏ ਸ਼ਰਧਾਲੂ –ਸਿਆਸੀ ਆਗੂਆਂ ਨੇ ਵਿਸ਼ੇਸ਼ ਹਾਜ਼ਰੀ ਭਰੀ-

ਮੌਸਮ ਦੀ ਖਰਾਬੀ ਨੇ ਸਮਾਪਤੀ ਸਮਾਗਮ ਫਿੱਕਾ ਕੀਤਾ-ਕਰੇਨ ਡਿੱਗਣ ਕਾਰਣ ਪਾਲਕੀ ਦਾ ਰੂਟ ਬਦਲਣਾ ਪਿਆ-

ਸਰੀ, 21 ਅਪ੍ਰੈਲ (ਹਰਦਮ ਮਾਨ, ਮਾਂਗਟ, ਧੰਜੂ )- ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵੱਲੋਂ ਹਰ ਸਾਲ ਦੀ ਤਰਾਂ  ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਵਿਚ ਲੱਖਾਂ ਦੀ ਗਿਣਤੀ ਵਿਚ ਨੌਜਵਾਨ, ਬੱਚੇ ਅਤੇ ਬਜ਼ੁਰਗ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ। ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਆਪਣੇ ਕੈਬਨਿਟ ਮੰਤਰੀਆਂ ਸਮੇਤ ਨਗਰ ਕੀਰਤਨ ਵਿਚ ਸ਼ਾਮਿਲ ਹੋਏ। ਬੀ ਸੀ ਯੂਨਾਈਟਡ ਆਗੂ ਕੇਵਿਨ ਫਾਲਕਨ ਅਤੇ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟਿਡ ਵੀ ਆਪੋ ਆਪਣੀ ਪਾਰਟੀਆਂ ਦੇ ਉਮੀਦਵਾਰਾਂ ਤੇ ਕਾਰਕੁੰਨਾਂ ਨਾਲ ਹਾਜ਼ਰ ਸਨ।  ਉਹਨਾਂ ਤੋਂ ਇਲਾਵਾ ਐਨ ਡੀ ਪੀ ਆਗੂ ਜਗਮੀਤ ਸਿੰਘ, ਐਡਮਿੰਟਨ ਤੋਂ ਕੰਸਰਵੇਟਿਵ ਐਮ ਪੀ ਟਿਮ ਉਪਲ, ਕੈਲਗਰੀ ਤੋਂ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ, ਫੈਡਰਲ ਮੰਤਰੀ ਹਰਜੀਤ ਸਿੰਘ ਸੱਜਣ, ਸਰੀ ਨਿਊਟਨ ਤੋਂ ਲਿਬਰਲ ਐਮ ਪੀ ਸੁੱਖ ਧਾਲੀਵਾਲ, ਸਰੀ ਸੈਂਟਰ ਤੋਂ ਐਮ ਪੀ ਰਣਦੀਪ ਸਿੰਘ ਸਰਾਏ ਤੋਂ ਇਲਾਵਾ ਹੋਰ ਕਈ ਸ਼ਖਸੀਅਤਾਂ ਨੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਤੇ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

ਸ਼ਾਮ ਦੇ ਚਾਰ ਕੁ ਵਜੇ ਤੱਕ ਮੌਸਮ ਬਹੁਤ ਸੁਹਾਵਣਾ ਰਿਹਾ ਪਰ ਬਾਅਦ ਵਿਚ ਵਗੀ ਠੰਡੀ ਹਵਾ ਅਤੇ ਮੀਂਹ ਕਾਰਣ ਸਮਾਪਤੀ ਪ੍ਰੋਗਰਾਮ ਜਲਦੀ ਜਲਦੀ ਕਰਨਾ ਪਿਆ।

ਇਹ ਨਗਰ ਕੀਰਤਨ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ 128 ਸਟਰੀਟ, 82 ਐਵੀਨਿਊ, 124 ਸਟਰੀਟ, 76 ਐਵੀਨਿਊ ਅਤੇ 128 ਸਟਰੀਟ ਹੁੰਦਾ ਹੋਇਆ ਵਾਪਸ ਗੁਰਦੁਆਰਾ ਦਸ਼ੇਮਸ਼ ਦਰਬਾਰ ਵਿਖੇ ਆ ਕੇ ਸੰਪੂਰਨ ਹੋਇਆ। ਸਰੀ ਦੇ ਵੱਖ -ਵੱਖ ਪੰਜਾਬੀ ਸਕੂਲਾਂ ਦੇ ਬੱਚੇ ਨਗਰ ਕੀਰਤਨ ਦੇ ਨਾਲ ਨਾਲ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ। ਸਿੰਘ ਗੱਤਕੇ ਦੇ ਜ਼ੌਹਰ ਦਿਖਾ ਰਹੇ ਸਨ। ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਖਾਲਿਸਤਾਨ ਝੰਡੇ ਵਿਚ ਲਹਿਰਾਏ । ਨਗਰ ਕੀਰਤਨ ਦੇ ਪੂਰੇ ਰੂਟ ਉਪਰ ਕਾਰੋਬਾਰੀਆਂ, ਸ਼ਰਧਾਲੂਆਂ ਵੱਲੋਂ ਵੱਖ -ਵੱਖ ਪਕਵਾਨਾਂ ਦੇ ਲੰਗਰ ਲਾਏ ਹੋਏ ਸਨ ਅਤੇ ਲੋਕ ਇਨ੍ਹਾਂ ਖਾਣਿਆਂ ਦਾ ਸਵਾਦ ਮਾਣ ਰਹੇ ਸਨ। ਸਰੀ ਵਿਚ ਚਲਦੇ ਪ੍ਰਮੁੱਖ ਰੇਡੀਓ ਸਟੇਸ਼ਨਾਂ ਅਤੇ ਟੀ.ਵੀ. ਚੈਨਲਾਂ ਵੱਲੋਂ ਸਟੇਜਾਂ ਸਜਾਈਆਂ ਗਈਆਂ ਸਨ ਜਿੱਥੋਂ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੀ, ਢਾਡੀਆਂ ਦੀਆਂ ਵਾਰਾਂ ਗੂੰਜ ਰਹੀਆਂ ਸਨ ਅਤੇ ਲੀਡਰਾਂ ਦੇ ਭਾਸ਼ਣ ਸੁਣਾਈ ਦੇ ਰਹੇ ਸਨ। ਨਗਰ ਕੀਰਤਨ ਦੌਰਾਨ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਨੇ ਜਿਥੇ ਕੈਨੇਡਾ ਵਿਚ ਸਿੱਖੀ ਦੀ ਸ਼ਾਨ ਦਾ ਪ੍ਰਦਰਸ਼ਨ ਕੀਤਾ ਉਥੇ ਸਿੱਖ ਸੰਸਥਾਵਾਂ ਨਾਲ ਜੁੜੇ ਸਿੱਖ ਨੌਜਵਾਨਾਂ   ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ ਅਲੂਮਨੀ ਐਸੋਸੀਏਸ਼ਨ ਦੇ ਮੈਂਬਰਾਂ ਨੇ  ਬੱਚਿਆਂ ਤੇ ਗੈਰ ਸਿੱਖਾਂ ਦੇ ਸਿਰਾਂ ਦੇ ਕੇਸਰੀ ਦਸਤਾਰਾਂ ਸਜਾਉਣ ਦੀ ਸੇਵਾ ਨਿਭਾਈ। ਐਮ ਪੀ ਟਿਮ ਉਪਲ ਤੇ ਐਮ ਪੀ ਜਸਰਾਜ ਸਿੰਘ ਹੱਲਣ ਨੇ  ਵੀ ਬੱਚਿਆਂ ਦੇ ਸਿਰਾਂ ਦੇ ਦਸਤਾਰਾਂ ਬੰਨਣ ਦੀ ਸੇਵਾ ਵਿਚ ਯੋਗਦਾਨ ਪਾਇਆ।

 ਕੀਰਤਨ ਵਿਚ ਇਸ ਵਾਰ ਵੀ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸਤੀਸ਼ ਗੁਲਾਟੀ ਵੱਲੋਂ ਪੰਜਾਬੀ ਕਿਤਾਬਾਂ ਦੀ ਪ੍ਰਦਰਸ਼ਨੀ ਲਾ ਕੇ ਪੰਜਾਬੀਆਂ ਨੂੰ ਕਿਤਾਬਾਂ ਪੜ੍ਹਨ ਦਾ ਸੁਨੇਹਾ ਦਿੱਤਾ ਗਿਆ। ਸੈਂਕੜੇ ਪੁਸਤਕ ਪ੍ਰੇਮੀਆਂ ਨੇ ਇੱਥੋਂ ਕਿਤਾਬਾਂ ਖਰੀਦ ਕੇ ਸਤੀਸ਼ ਗੁਲਾਟੀ ਦੇ ਉਪਰਾਲੇ ਨੂੰ ਹੁੰਗਾਰਾ ਦਿੱਤਾ। ਪੰਜਾਬੀ ਦੇ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਨਾਮਵਰ ਚਿੱਤਰਕਾਰ ਜਰਨੈਲ ਸਿੰਘ, ਜਰਨਲਿਸਟ ਸੁਰਿੰਦਰ ਚਾਹਲ, ਪ੍ਰੋ. ਸ਼ੁਭਪ੍ਰੇਮ ਸਿੰਘ ਬਰਾੜ, ਕੁਲਵਿੰਦਰ ਕੁਲਾਰ, ਮੋਹਨ ਗਿੱਲ, ਮਿਸਜ਼ ਦਰਸ਼ਨ ਗਿੱਲ, ਮਿਸਜ਼ ਹਰਦਿਆਲ ਸਿੰਘ ਚੀਮਾ ਸਿਆਟਲ, ਰਣਧੀਰ ਢਿੱਲੋਂ, ਬਲਵਿੰਦਰ ਸਿੰਘ ਪੰਧੇਰ (ਫਿਨਲੈਂਡ), ਚਮਕੌਰ ਸਿੰਘ ਢਿੱਲੋਂ, ਨਵਦੀਪ ਗਿੱਲ। ਡਾ. ਸੁਖਵਿੰਦਰ ਵਿਰਕ ਅਤੇ ਹੋਰ ਕਈ ਸਾਹਿਤਕ ਸ਼ਖ਼ਸੀਅਤਾਂ ਨੇ ਪੁਸਤਕ ਪ੍ਰਦਰਸ਼ਨੀ ਵਿਚ ਹਾਜਰ ਹੋ ਕੇ ਸਤੀਸ਼ ਗੁਲਾਟੀ ਦੇ ਯਤਨਾਂ ਦੀ ਪ੍ਰਸੰਸਾ ਕੀਤੀ।

ਨਗਰ ਕੀਤਰਨ ਦੇ ਪ੍ਰਬੰਧਕਾਂ, ਸੇਵਾਦਾਰਾਂ, ਪੁਲਿਸ ਅਤੇ ਪ੍ਰਸਾਸ਼ਨ ਵੱਲੋਂ ਲੋਕਾਂ ਦੀ ਸਹੂਲਤ ਲਈ ਸੁਚਾਰੂ ਪ੍ਰਬੰਧ ਕੀਤੇ ਗਏ ਸਨ। ਬਿਜਲੀ ਦੀਆਂ ਤਾਰਾਂ ਵਿਚ ਇਕ ਕਰੇਨ ਡਿੱਗਣ ਨਾਲ ਵੀ ਸਮਾਪਤੀ ਸਮਾਗਮਾਂ ਵਿਚ ਥੋੜਾ ਵਿਘਨ ਪਿਆ ਜਿਸ ਕਾਰਣ ਪਾਲਕੀ ਸਾਹਿਬ ਦਾ ਰਸਤਾ ਤਬਦੀਲ ਕਰਨ ਪਿਆ। ਪ੍ਰਬੰਧਕਾਂ ਨੇ ਨਗਰ ਕੀਰਤਨ ਦੀ ਸਫਲਤਾ ਲਈ ਲੱਖਾਂ ਦੀ ਗਿਣਤੀ  ਵਿਚ ਸ਼ਾਮਲ ਹੋਈਆਂ ਸੰਗਤਾਂ ਤਾ ਧੰਨਵਾਦ ਕੀਤਾ।

ਤਸਵੀਰਾਂ- ਹਰਦਮ ਮਾਨ, ਮਾਂਗਟ, ਧਾਲੀਵਾਲ, ਚੋਹਲਾ, ਸੰਤੋਖ ਮੰਡੇਰ, ਸੁਖਵੰਤ ਢਿੱਲੋਂ।