Headlines

ਪ੍ਰੀਮੀਅਰ ਡੇਵਿਡ ਈਬੀ ਵਲੋਂ ਵਿਸਾਖੀ ਦਿਹਾੜੇ ਦੇ ਸਬੰਧ ਵਿਚ ਦੁਪਹਿਰ ਦੇ ਖਾਣੇ ਦੀ ਦਾਅਵਤ

ਕੈਨੇਡੀਅਨ ਸਿੱਖ ਭਾਈਚਾਰੇ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ-

ਸਰੀ ( ਦੇ ਪ੍ਰ ਬਿ)- ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇਥੇ ਇਕ ਸਮਾਗਮ ਦੌਰਾਨ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਦੀ ਸਮੂਹ ਸਿੱਖ ਭਾਈਚਾਰੇ ਨੂੰ ਵਧਾਈ ਦਿੰਦਿਆਂ, ਕੈਨੇਡਾ ਦੇ ਸਰਬਪੱਖੀ ਵਿਕਾਸ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਤੇ ਇਕ ਸਦੀ ਪਹਿਲਾਂ ਕੈਨੇਡਾ ਦੀ ਧਰਤੀ ਤੇ ਪੁੱਜੇ ਸਿੱਖਾਂ ਅਤੇ ਉਹਨਾਂ ਦੀਆਂ ਘਾਲਣਾਵਾਂ ਨੂੰ ਯਾਦ ਕੀਤਾ। ਇਥੇ ਬੀਸੀ ਦੇ ਪ੍ਰੀਮੀਅਰ ਵਲੋਂ  ਤਾਜ ਕਨਵੈਨਸ਼ਨ ਸੈਂਟਰ ਵਿਖੇ ਕਰਵਾਏ ਗਏ ਵਿਸਾਖੀ ਸਮਾਗਮ ਦੌਰਾਨ ਉਹਨਾਂ ਵੱਡੀ ਗਿਣਤੀ ਵਿਚ ਪੁੱਜੇ ਮਹਿਮਾਨਾਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਉਹਨਾਂ ਨੇ ਬੀਤੇ ਦਿਨ ਐਬਸਫੋਰਡ ਵਿਖੇ ਕੈਨੇਡੀਅਨ ਸਿੱਖ ਹੈਰੀਟੇਜ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਕੈਨੇਡਾ ਵਿਚ ਸਿੱਖਾਂ ਦੀਆਂ ਘਾਲਣਾਵਾਂ ਨੂੰ ਨਤਮਸਤਕ ਹੁੰਦਿਆਂ ਇਹ ਜਾਣਿਆਂ ਕਿ ਸਿੱਖ ਭਾਈਚਾਰੇ ਦੀ ਇਸ ਮੁਲਕ ਨੂੰ ਕਿਤਨੀ ਵੱਡੀ ਦੇਣ ਹੈ। ਉਹਨਾਂ ਸਰਕਾਰ ਵਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨੇ ਜਾਣ ਤੇ ਫਿਰ ਉਸਨੂੰ ਮਨਾਏ ਜਾਣ ਲਈ ਸਮੂਹ ਸਿੱਖ ਭਾਈਚਾਰੇ ਨੂੰ ਵਧਾਈ ਦਿੱਤੀ।

ਇਸ ਮੌਕੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਦੀ ਮਹੱਤਤਾ ਸਬੰਧੀ ਕੈਨੇਡੀਅਨ ਜੰਮਪਲ ਨੌਜਵਾਨ ਸਾਹਿਬਦੀਪ  ਸਿੰਘ ਡੌਲਾ ਨੇ ਜਾਣਕਾਰੀ ਸਾਂਝੀ ਕੀਤੀ। ਨਾਦ ਫਾਊਂਡੇਸ਼ਨ ਦੇ ਸੰਗੀਤਕਾਰਾਂ ਵਲੋਂ ਖਾਲਸਾ ਪੰਥ ਨੂੰ ਸਮਰਪਿਤ ਸ਼ਬਦ ਗਾਇਨ ਕੀਤਾ ਗਿਆ।

ਮੰਚ ਸੰਚਾਲਨ ਦੀ ਜਿੰਮੇਵਾਰੀ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਨਿਭਾਈ। ਉਸ ਮੌਕੇ ਬੀ ਸੀ ਐਨ ਡੀ ਪੀ ਕੌਕਸ ਮੈਂਬਰਾਨ, ਮੰਤਰੀ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੇ ਨਾਲ ਮੀਡੀਆ ਸਖਸ਼ੀਅਤਾਂ ਵੀ ਹਾਜ਼ਰ ਸਨ ਜਿਹਨਾਂ ਨੇ ਪ੍ਰੀਮੀਅਰ ਨਾਲ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਿਆ।