ਨਵੀਂ ਦਿੱਲੀ ( ਦਿਓਲ)-ਆਸਟਰੇਲਿਆਈ ਪੱਤਰਕਾਰ ਅਵਨੀ ਡਾਇਸ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਉਸਦਾ ਵਰਕ ਵੀਜ਼ਾ ਦੀ ਮਿਆਦ ਵਧਾਏ ਜਾਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਉਸ ਨੇ ਕਿਹਾ ਕਿ ਭਾਰਤ ਸਰਕਾਰ ਨੇ ਵਰਕ ਵੀਜ਼ਾ ਦੀ ਮਿਆਦ ਵਧਾਉਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਉਸ ਦੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣਾ’ ਹਨ। ਆਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੇ ਕਿਹਾ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਕਾਰਨ ਭਾਰਤ ਸਰਕਾਰ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਲੋਕ ਸਭਾ ਚੋਣਾਂ ਵਾਲੇ ਦਿਨ 19 ਅਪਰੈਲ ਨੂੰ ਉਸ ਨੂੰ ਭਾਰਤ ਛੱਡਣਾ ਪਿਆ। ਡਾਇਸ ਨੇ ‘ਐਕਸ’ ’ਤੇ ਕਿਹਾ, ‘‘ਪਿਛਲੇ ਹਫ਼ਤੇ ਮੈਨੂੰ ਅਚਾਨਕ ਭਾਰਤ ਛੱਡਣਾ ਪਿਆ। ਮੋਦੀ ਸਰਕਾਰ ਨੇ ਇਹ ਕਹਿੰਦਿਆਂ ਮੇਰਾ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣਾ’ ਹਨ।’’
ਡਾਇਸ ਨੇ ਕਿਹਾ, ‘‘ਸਾਨੂੰ ਇਹ ਵੀ ਦੱਸਿਆ ਗਿਆ ਕਿ ਭਾਰਤੀ ਮੰਤਰਾਲੇ ਦੇ ਨਿਰਦੇਸ਼ ਕਾਰਨ ਮੈਨੂੰ ਚੋਣਾਂ ਸਬੰਧੀ ਰਿਪੋਰਟਿੰਗ ਕਰਨ ਦੀ ਮਾਨਤਾ ਵੀ ਨਹੀਂ ਮਿਲੇਗੀ। ਅਸੀਂ ਉਸ ਦੇਸ਼ ਦੀਆਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਨਿਕਲੇ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ‘ਲੋਕਤੰਤਰ ਦੀ ਮਾਂ’ ਆਖਦੇ ਹਨ।’’ ਡਾਇਸ ਪਿਛਲੇ ਢਾਈ ਸਾਲ ਤੋਂ ਭਾਰਤ ਵਿੱਚ ਕੰਮ ਕਰ ਰਹੀ ਸੀ। ਉਸ ਨੇ ਦੱਸਿਆ ਕਿ ਆਸਟਰੇਲਿਆਈ ਸਰਕਾਰ ਦੇ ਦਖ਼ਲ ਮਗਰੋਂ ਉਸ ਦਾ ਵੀਜ਼ਾ ਦੋ ਮਹੀਨਿਆਂ ਲਈ ਵਧਾ ਦਿੱਤਾ ਗਿਆ ਜਦੋਂਕਿ ਇਸ ਦੀ ਜਾਣਕਾਰੀ ਉਸ ਨੂੰ ਉਡਾਣ ਤੋਂ 24 ਘੰਟੇ ਤੋਂ ਵੀ ਘੱਟ ਸਮਾਂ ਪਹਿਲਾਂ ਦਿੱਤੀ ਗਈ।