Headlines

ਸਰੀ ਪੁਲਿਸ 29 ਨਵੰਬਰ ਤੋਂ ਆਰ ਸੀ ਐਮ ਪੀ ਦੀ ਥਾਂ ਹੋਵੇਗੀ ਸਿਟੀ ਦੀ ਅਧਿਕਾਰਤ ਪੁਲਿਸ-ਫਾਰਨਵਰਥ

ਵੈਨਕੂਵਰ ( ਦੇ ਪ੍ਰ ਬਿ) ਬੀ ਸੀ ਦੇ ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਕਿਹਾ ਹੈ ਕਿ  ਸਰੀ ਪੁਲਿਸ ਸੇਵਾ 29 ਨਵੰਬਰ, 2024 ਨੂੰ ਸ਼ਹਿਰ ਦੇ ਅਧਿਕਾਰ ਖੇਤਰ ਦੀ ਪੁਲਿਸ ਵਜੋਂ ਆਰ ਸੀ ਐਮ ਪੀ ਦੀ ਥਾਂ ਲੈ ਲਵੇਗੀ ਅਤੇ ਇਸ ਸਬੰਧੀ ਤਬਦੀਲੀ ਪ੍ਰਕਿਰਿਆ ਦੋ- ਢਾਈ ਸਾਲ ਦੇ ਅੰਦਰ-ਅੰਦਰ ਪੂਰੀ ਹੋ ਜਾਵੇਗੀ।
ਫਾਰਨਵਰਥ ਦੇ ਇਸ ਬਿਆਨ ਤੇ  ਸਰੀ ਦੀ ਮੇਅਰ ਬਰੈਂਡਾ ਲੌਕ ਨੇ ਇਸਨੂੰ ਬੀ ਸੀ ਸਰਕਾਰ ਦੀ ਬਦਲਾਖੋਰੀ ਦਸਦਿਆਂ ਕਿਹਾ ਕਿ ਮੈਨੂੰ  ਨਹੀਂ ਪਤਾ ਕਿ ਉਹ ਅਜਿਹਾ ਕਿਉਂ ਕਰ ਰਹੇ ਹਨ।
ਵੈਨਕੂਵਰ ਵਿੱਚ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਨਤਕ ਸੁਰੱਖਿਆ ਮੰਤਰੀ ਫਾਰਨਵਰਥ ਨੇ ਸਰੀ ਪੁਲਿਸ ਮੁੱਦੇ ਤੇ ਗੱਲ ਕਰਦਿਆਂ ਕਿਹਾ ਕਿ  ਇਸ ਮੁੱਦੇ ‘ਤੇ ਲਗਭਗ ਛੇ ਸਾਲਾਂ ਦੀ ਤਿੱਖੀ ਬਹਿਸ ਚਲ ਰਹੀ ਹੈ। ਉਹਨਾਂ ਹੋਰ ਕਿਹਾ ਕਿ ਜਦੋਂ ਤੱਕ ਤਬਦੀਲੀ ਪ੍ਰਕਿਰਿਆ ਮੁਕੰਮਲ ਨਹੀ ਹੋ ਜਾਂਦੀ  ਆਰ ਸੀ ਐਮ ਪੀ  ਸਰੀ ਵਿੱਚ ਕੰਮ ਕਰਨਾ ਜਾਰੀ ਰੱਖੇਗੀ ਤੇ ਉਹ ਸਰੀ ਪੁਲਿਸ ਸੇਵਾ ਨੂੰ ਅਸਥਾਈ ਸਹਾਇਤਾ ਪ੍ਰਦਾਨ ਕਰਦੀ ਰਹੇਗੀ।
ਉਹਨਾਂ ਹੋਰ ਕਿਹਾ ਕਿ ਮੈਂ ਆਉਣ ਵਾਲੇ ਹਫ਼ਤਿਆਂ ਵਿੱਚ,  ਸਿਟੀ ਆਫ਼ ਸਰੀ ਨੂੰ ਇੱਕ ਨੋਟਿਸ ਜਾਰੀ ਕਰਾਂਗਾ ਜੋ ਆਰ ਸੀ ਐਮ ਪੀ  ਨੂੰ ਇਸਦੇ ਅਧਿਕਾਰ ਖੇਤਰ ਦੀ ਪੁਲਿਸ ਵਜੋਂ ਵਰਤਣ ਲਈ ਸੂਬੇ ਦੇ ਨਾਲ ਸ਼ਹਿਰ ਦੀ ਮਿਉਂਸਪਲ ਪੁਲਿਸ ਯੂਨਿਟ ਦੇ ਸਮਝੌਤੇ ਨੂੰ ਖਤਮ ਕਰ ਦੇਵੇਗਾ।
ਸਿਟੀ ਮੇਅਰ ਬਰੈਂਡਾ ਲੌਕ ਨੇ ਮੰਤਰੀ ਨੇ ਇਹ ਬਿਆਨ ਆਰਸੀਐਮਪੀ ਨੂੰ ਸਰੀ ਪੁਲਿਸ ਸਰਵਿਸ ਨਾਲ ਬਦਲਣ ਦੇ ਫਰਨਵਰਥ ਦੇ ਆਦੇਸ਼ ਨੂੰ ਰੱਦ ਕਰਨ ਲਈ ਸਿਟੀ ਆਫ਼ ਸਰੀ ਦੀ ਪਟੀਸ਼ਨ ਉਪਰ ਸੁਣਵਾਈ ਤੋਂ ਪਹਿਲਾਂ ਦਿੱਤਾ ਹੈ , ਜਿਸ ਦੀ ਸੁਣਵਾਈ ਸੋਮਵਾਰ, 29 ਅਪ੍ਰੈਲ ਨੂੰ  ਸ਼ੁਰੂ ਹੋ ਰਹੀ ਹੈ।

ਉਹਨਾਂ ਕਿਹਾ ਕਿ ਜੇ ਜਨਤਕ ਸੁਰੱਖਿਆ ਮੰਤਰੀ ਕੋਲ ਕੋਈ ਯੋਜਨਾ ਸੀ ਤਾਂ ਉਹਨਾਂ ਨੂੰ ਪੰਜ ਸਾਲ ਪਹਿਲਾਂ ਇਸ ਬਾਰੇ ਕੁਝ ਕਰਨਾ ਚਾਹੀਦਾ ਸੀ। ਉਹਨਾਂ ਦਾਅਵਾ ਕੀਤਾ ਕਿ ਸਰਕਾਰ ਕੋਲ  ਅਜੇ ਵੀ ਕੋਈ ਯੋਜਨਾ ਨਹੀਂ ਹੈ। ਸਿਟੀ ਦੀ ਪਟੀਸ਼ਨ ਤੇ 29 ਤਰੀਕ ਨੂੰ ਅਦਾਲਤ ਵਿੱਚ ਸੁਣਵਾਈ ਹੋ ਰਹੀ ਹੈ, ਜਿੱਥੇ ਸੱਚਾਈ ਸਾਹਮਣੇ ਆਵੇਗੀ ਅਤੇ ਅਸੀਂ ਦੇਖਾਂਗੇ ਕਿ ਅੱਗੇ ਕੀ ਹੋਣ ਵਾਲਾ ਹੈ।

ਜਿਕਰਯੋਗ ਹੈ ਕਿ ਇਸ ਸਾਲ 19 ਅਕਤੂਬਰ ਨੂੰ ਸੂਬਾਈ ਚੋਣਾਂ ਹੋਣ ਜਾ ਰਹੀਆਂ ਹਨ। ਜਨਤਕ ਸੁਰੱਖਿਆ ਮੰਤਰੀ ਵਲੋਂ ਸਰੀ ਪੁਲਿਸ ਨੂੰ ਅਧਿਕਾਰਤ ਪੁਲਿਸ ਬਣਾਉਣ ਦੀ ਮਿਤੀ 29 ਨਵੰਬਰ ਐਲਾਨੀ ਗਈ ਹੈ ਜੋ ਕਿ ਚੋਣਾਂ ਤੋਂ ਬਾਦ ਦੀ ਹੈ।