ਸ਼ਹਿਰ ਦੀਆਂ ਸਮੱਸਿਆਵਾਂ ਤੇ ਚਰਚਾ ਕੀਤੀ-
ਸਰੀ ( ਦੇ ਪ੍ਰ ਬਿ)–ਬੀਤੇ ਦਿਨੀਂ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਮੁਸਲਿਮ ਭਾਈਚਾਰੇ ਨੂੰ ਈਦ ਮੁਬਾਰਕਾਂ ਦੇਣ ਤੋਂ ਇਲਾਵਾ ਉਨ੍ਹਾਂ ਦੀਆਂ ਸਥਾਨਕ ਚਿੰਤਾਵਾਂ ਦੂਰ ਕਰਨ ਲਈ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ| ਗੱਲਬਾਤ ਸਰੀ ਵਿਚ ਨਾਕਾਫੀ ਬੁਨਿਆਦੀ ਢਾਂਚੇ ’ਤੇ ਕੇਂਦਰਤਿ ਰਹੀ ਜਿਸ ਵਿਚ ਸਕੂਲ ਲਈ ਵਧੇਰੇ ਥਾਂ ਦੇਣ ਅਤੇ ਸਿਹਤ ਸੰਭਾਲ ਤੱਕ ਪਹੁੰਚ ਵਿਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ| ਪਕਵਾਨ ਹਾਊਸ ਰੈਸਟੋਰੈਂਟ ਵਿਖੇ ਸ਼ਾਮਿਲ ਲੋਕਾਂ ਨੇ ਬੇਘਰ ਹੋਣ ਅਤੇ ਕਮਿਊਨਿਟੀ ਵਿਚ ਪ੍ਰਚਲਤ ਨਸ਼ਿਆਂ ਦੀ ਵਰਤੋਂ ਦੀ ਸਮੱਸਿਆ ਸਬੰਧੀ ਆਪਣੀਆਂ ਚਿੰਤਾਵਾਂ ਬਾਰੇ ਵੀ ਦੱਸਿਆ| ਉਨ੍ਹਾਂ ਦੀ ਖ਼ਾਸ ਚਿੰਤਾ ਸਕੂਲਾਂ ਦੇ ਨੇੜੇ ਨਸ਼ਿਆਂ ਦਾ ਹੁੰਦਾ ਵਪਾਰ ਅਤੇ ਬੱਚਿਆਂ ਦੇ ਅਪਰਾਧਿਕ ਸਰਗਰਮੀਆਂ ਅਤੇ ਗ੍ਰੋਹਾਂ ਵਿਚ ਸ਼ਾਮਿਲ ਹੋਣ ਦਾ ਵਧ ਰਿਹਾ ਡਰ ਸੀ| ਇਸ ਮੌਕੇ ਬੀਸੀ ਕੰਸਰਵੇਟਿਵ ਦੇ ਬਰੈਂਟ ਚੇਪਮਨ ਅਤੇ ਪਾਰਟੀ ਦੇ ਉਪ ਪ੍ਰਧਾਨ ਹਰਮਨ ਭੰਗੂ ,ਉੱਘੇ ਵਪਾਰੀ ਅਹਿਮਦ ਅਕਬਰ ਅਤੇ ਸਮਾਜਿਕ ਕਾਰਕੁੰਨ ਜਸਪਾਲ ਅਟਵਾਲ ਵੀ ਮੌਜੂਦ ਸਨ|