Headlines

ਅਕਾਲੀ ਦਲ ਨੇ ਕਦੇ ਵੀ ਪੰਜਾਬ ਨਾਲ ਵਫਾ ਨਹੀ ਕਮਾਈ- ਖੁੱਡੀਆਂ

ਚੋਣ ਪ੍ਰਚਾਰ ਦੌਰਾਨ ਲੋਕਾਂ ਵਲੋਂ ਭਰਵਾਂ ਹੁੰਗਾਰਾ-

ਬਠਿੰਡਾ-ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਹੈ ਕਿ ਪੰਜਾਬ ਨਾਲ ਹੁੰਦੀ ਧੱਕੇਸ਼ਾਹੀ ਅਤੇ ਵਿਤਕਰਿਆਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਨੀਵੀਂ ਪਾ ਕੇ ਰੱਖੀ ਅਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਪ੍ਰਵਾਨਗੀ ਦੀ ਮੋਹਰ ਲਾਉਣ ਵਾਲੀ ਕੇਂਦਰੀ ਕੈਬਨਿਟ ਵਿੱਚ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਸੀ, ਹੁਣ ਉਹ ਇਸ ਤੋਂ ਮੁੱਕਰ ਨਹੀਂ ਸਕਦੇ। ਬੀਤੇ ਦਿਨ ਸ਼ਹਿਰ ’ਚ ਆਪਣੇ ਚੋਣ ਪ੍ਰਚਾਰ ਦੌਰਾਨ ਇਕ ਚੋਣ ਜਲਸੇ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਬੀਬੀ ਬਾਦਲ ਪਿਛਲੇ 15 ਸਾਲਾਂ ਤੋਂ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਨ ਅਤੇ ਇਸ ਦੌਰਾਨ 75 ਕਰੋੜ ਰੁਪਏ ਦੀ ਕੇਂਦਰੀ ਗਰਾਂਟ ਆਈ ਹੋਵੇਗੀ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਇੰਨਾ ਪੈਸਾ ਹਲਕੇ ’ਚ ਕਿਤੇ ਲੱਗਾ ਹੋਵੇ ਤਾਂ ਚਾਨਣ ਤਾਂ ਹੁੰਦਾ ਹੋਊ ? ਸ੍ਰੀ ਖੁੱਡੀਆਂ ਨੇ ਕਿਹਾ ਕਿ ਪੱਤਰਕਾਰ ਉਨ੍ਹਾਂ ਨੂੰ ਕਹਿੰਦੇ ਹਨ ਕਿ ਬਠਿੰਡਾ ਬਾਦਲਾਂ ਦਾ ਗੜ੍ਹ ਹੈ। ਉਨ੍ਹਾਂ ਆਖਿਆ ਕਿ ਗੜ੍ਹ ਕਿਸੇ ਲੀਡਰ ਦਾ ਨਹੀਂ, ਸਗੋਂ ਲੋਕਾਂ ਦਾ ਹੁੰਦਾ ਹੈ। ਜੇ ਗੜ੍ਹ ਲੀਡਰਾਂ ਦਾ ਹੁੰਦਾ ਤਾਂ ਲੰਬੀ ਹਲਕੇ ’ਚ ਪੈਰ ਜਮਾਈ ਬੈਠਾ ਬਾਬਾ ਬਾਦਲ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕਦੇ ਨਾ ਹਾਰਦਾ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ, ‘‘ਇਸ ਵਾਰ ਤੁਸੀਂ ਕਿਰਪਾ ਕਰ ਦਿਓ, ਪੂਰੀ ਤਨਦੇਹੀ ਨਾਲ ਤੁਹਾਡੀ ਸੇਵਾ ਕਰਾਂਗਾ।’’