Headlines

ਕਵਿਤਾ/ ਇੱਕਲੀ ਔਰਤ / ਵਰਿੰਦਰ ਕੌਰ

ਇਕੱਲੀ ਦਾ ਮਤਲਬ
ਉਪਲੱਬਧ
ਕਦੇ ਨਹੀਂ ਹੁੰਦਾ !

ਕਈਆਂ ਦਾ ਕਹਿਣਾ ਆ
ਖ਼ਰਾਬ ਹੋ ਗਈ ਹੈ ਉਹ
ਨਹੀਂ
ਉਹਨਾਂ ਦੀ ਸੋਚ ਖਰਾਬ ਹੈ

ਕੀਹਦੇ ਨਾਲ ਫਸੀ ਹੈ ?
ਫ਼ਸ ਨਹੀਂ ਸਕਦੀ ਉਹ
ਬੇਬਾਕ
ਲੰਘਣਾ ਆਉਂਦਾ ਹੈ ਉਹਨੂੰ
ਭੀੜ ਭੜੱਕੇ ਚੋਂ
ਕੀਹਨੂੰ ਟਿਕਾ ਲਿਆ ਹੈ ਉਸਨੇ ?
ਹਾਂ ਟਿਕਾ ਲਿਆ ਹੈ ਮਨ
ਟਿਕਾ ਲਈ ਹੈ ਨਜ਼ਰ
ਉਸਨੇ ਟੀਚਿਆਂ ਤੇ

ਰੇਖਾ ਪਾਰ ਕਰ ਗਈ ਹੈ ।
ਉਸਦੀ ਖਿੱਚੀ ਰੇਖਾ
ਪਾਰ ਜੋ ਨਹੀਂ ਕਰ ਸਕਦੇ

ਬੇਲਗਾਮ ਹੋ ਗਈ ਹੈ
ਜਾਨਵਰ
ਨਹੀਂ ਹੈ ਉਹ !
ਜ਼ੋਰ ਅਜਮਾਇਸ਼ ਨਾਲ
ਹਾਸਲ  ਨਹੀਂ ਕਰ ਸਕਦੇ

ਜਿਉਂਦੀ ਹੈ
ਆਪਣੀਆਂ ਸ਼ਰਤਾਂ ਤੇ
ਉਹਨਾਂ ਦੇ ਹੰਕਾਰ ਨੂੰ
ਸੱਟ ਵੱਜਦੀ ਹੈ

ਉਸਦੀ ਆਪਣੀ ਹੋਂਦ ਹੈ

ਸਿਰਫ਼
ਆਦਮੀ ਤੇ ਔਰਤ ਦੀ
ਲੜਾਈ ਨਹੀਂ ਹੈ ਇਹ

ਸਮਾਜ ਦੀ ਲੜਾਈ ਹੈ
ਸੋਚ ਦੀ ਲੜਾਈ ਹੈ
ਪਿੱਤਰ ਸੱਤਾ ਦੀ ਲੜਾਈ ਹੈ
ਇੱਕ ਸਦੀ ਦੀ
ਦੂਜੀ ਸਦੀ ਨਾਲ
ਲੜਾਈ ਆ !