ਗ਼ਜ਼ਲ
ਅਪਣੇ ਆਪ ’ਚ ਰਹਿਣਾ ਸਿੱਖ ਲੈ।
ਵਾਂਗ ਸਮੁੰਦਰ ਵਹਿਣਾ ਸਿੱਖ ਲੈ।
ਸਾਰਾ ਹੀ ਜਗ ਤੇਰਾ ਹੋਉ,
ਸਭ ਨੂੰ ਅਪਣਾ ਕਹਿਣਾ ਸਿਖ ਲੈ।
ਸ਼ੀਸ਼ਾ ਬਣ ਕੇ ਚਮੇਗਾ ਤੂੰ,
ਰੇਤੇ ਵਾਗੂੰ ਢਹਿਣਾ ਸਿੱਖ ਲੈ।
ਤੈਨੂੰ ਮਾਰ ਸਕੇ ਨਾ ਕੋਈ,
ਜ਼ਖ਼ਮ ਕਲੇਜੇ ਸਹਿਣਾ ਸਿਖ ਲੈ।
ਅਕਲ ਲਤੀਫ ਦੀ ਲੋੜ ਨਹੀਂ,
ਬੰਦਿਆਂ ਦੇ ਵਿਚ ਬਹਿਣਾ ਸਿਖ ਲੈ।
ਲੋਹੇ ਦਾ ਪਰਬਤ ਵੀ ਤੇਰਾ,
ਚੁੰਬਕ ਵਾਗੂੰ ਖਹਿਣਾ ਸਿਖ ਲੈ।
‘ਬਾਲਮ’ ਜੇ ਮਕਬੂਲ ਤੂੰ ਹੋਣਾ,
ਗ਼ਜ਼ਲਾਂ ਲਿਖ ਕੇ ਕਹਿਣਾ ਸਿਖ ਲੈ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ ਪੰਜਾਬ
ਮੋ. – 98156-25409
ਗ਼ਜ਼ਲ
ਅੜਿਆ ਸਾਨੂੰ ਭੁੱਲ ਨਾ ਜਾਵੀਂ।
ਛਤਰੀ ਵਾਗੂੰ ਖੁੱਲ੍ਹ ਨਾ ਜਾਵੀਂ।
ਅਪਣੀ ਕਦਰ ਕਰਾ ਕੇ ਰੱਖੀਂ,
ਬੇਰਾਂ ਵਾਗੂੰ ਡੁੱਲ੍ਹ ਨਾ ਜਾਵੀਂ।
ਦੀਵਿਆਂ ਨਾਲ ਯਾਰਾਨੇ ਤੇਰੇ,
ਨੇਰ੍ਹੀ ਬਣਕੇ ਝੁੱਲ ਨਾ ਜਾਵੀਂ।
ਤੇਰੀ ਹਸਤੀ ਮੁਕ ਜਾਵੇਗੀ,
ਪਾਣੀ ਦੇ ਵਿਚ ਘੁੱਲ ਨਾ ਜਾਵੀਂ।
ਜਾਵੀਂ ਜੇਕਰ ਤਰਨਾ ਆਉਂਦਾ,
ਵਰਨਾ ਟੁੱਟਿਆ ਪੁੱਲ੍ਹ ਨਾ ਜਾਵੀਂ।
ਸ਼ੋਹਰਤ ਨੂੰ ਸੰਭਾਲ ਕੇ ਰੱਖੀਂ,
ਵਾਂਗ ਭੁਕਾਨੇ ਫੁੱਲ ਨਾ ਜਾਵੀਂ।
ਨੇਰ੍ਹੀ ਨਾਲ ਯਾਰਾਨੇ ਪਾਏ,
ਕੱਖਾਂ ਵਾਗੂੰ ਰੁੱਲ ਨਾ ਜਾਵੀਂ।
ਕੁੱਤੇ ਜਿੰਨੀ ਕਦਰ ਨਈਂ ਹੋਣੀਂ,
ਉਥੇ ਜਾਣਾ ਮੁੱਲ ਨਾ ਜਾਵੀਂ।
‘ਬਾਲਮ’ ਕੰਡੇ ਚਾਰ ਚੁਫੇਰੇ,
ਪੈਰ ਤਿਰੇ ਮਖਮਲ, ਨਾ ਜਾਵੀਂ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ ਪੰਜਾਬ
ਮੋ. – 98156-25409