Headlines

ਸਤਿਕਾਰ ਕਮੇਟੀ ਕੈਨੇਡਾ ਵੱਲੋਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਦੇ ਹੱਕ ਵਿੱਚ ਮੁਜ਼ਾਹਰਾ

ਸਰੀ, 25 ਅਪ੍ਰੈਲ (ਹਰਦਮ ਮਾਨ)-ਸਤਿਕਾਰ ਕਮੇਟੀ ਕਨੇਡਾ ਵੱਲੋਂ ਬੀਤੇ ਦਿਨ ਸਰੀ ਵਿਖੇ ਬੀਅਰ ਕਰੀਕ ਪਾਰਕ ਦੇ ਨਜ਼ਦੀਕ 88 ਐਵੀਨਿਊ ਅਤੇ ਕਿੰਗ ਜਾਰਜ ਸਟਰੀਟ ਦੇ ਇੰਟਰਸੈਕਸ਼ਨ ‘ਤੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਮੁਜ਼ਾਹਰਾ ਕੀਤਾ ਅਤੇ ਭਾਰਤ ਸਰਕਾਰ ਦੀ ਨਿਖੇਧੀ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ।

ਸਤਿਕਾਰ ਕਮੇਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਸੇਖੋ ਨੇ ਇਸ ਮੌਕੇ ਸੰਬਧਨ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਕਿਸਾਨ ਜਥੇਬੰਦੀ ਅਤੇ ਮਜ਼ਦੂਰ ਜਥੇਬੰਦੀਆਂ ਸ਼ੰਭੂ ਘਨੌਰੀ ਬਾਰਡਰ ‘ਤੇ ਧਰਨੇ ਉਪਰ ਬੈਠੀਆਂ ਹੋਈਆਂ ਹਨ ਪਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਬਜਾਏ ਉਹਨਾਂ ਨੂੰ ਜ਼ਲੀਲ ਕਰ ਰਹੀ ਹੈ ਅਤੇ ਡਾਂਗਾਂ ਸੋਟੀਆਂ ਨਾਲ ਉਹਨਾਂ ‘ਤੇ ਤਸ਼ੱਦਦ ਕਰ ਰਹੀ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਵੀ ਕਿਸਾਨਾਂ ਦੀ ਬਾਂਹ ਨਾ ਫੜਨ ਦੀ ਸਖਤ ਨਿੰਦਿਆ ਕੀਤੀ। ਸ. ਸੇਖੋ ਨੇ ਕਿਹਾ ਕਿ ਸਤਿਕਾਰ ਕਮੇਟੀ ਕਨੇਡਾ ਅਤੇ ਬਾਹਰ ਬੈਠੇ ਪੰਜਾਬੀ ਕਿਸਾਨਾਂ, ਮਜ਼ਦੂਰਾਂ ਦੇ ਸੰਘਰਸ਼ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ ਅਤੇ 2020 ਵਿਚ ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਨੇ ਤਨ, ਮਨ ਅਤੇ ਧਨ ਨਾਲ ਪੰਜਾਬ ਦੇ ਕਿਸਾਨੀ ਸੰਘਰਸ਼ ਵਿਚ ਆਪਣਾ ਯੋਗਦਾਨ ਪਾਇਆ ਸੀ ਅਤੇ ਹੁਣ ਵੀ ਬਾਹਰ ਬੈਠੇ ਪੰਜਾਬੀ ਕਿਸਾਨੀ ਸੰਘਰਸ਼ ਦੇ ਨਾਲ ਖੜ੍ਹੇ ਹਨ ਅਤੇ ਉਦੋਂ ਤੱਕ ਸਾਥ ਦਿੰਦੇ ਰਹਿਣਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਨੂੰ ਭਾਰਤ ਸਰਕਾਰ ਵੱਲੋਂ ਇਨਸਾਫ ਨਹੀਂ ਮਿਲਦਾ।