Headlines

ਕੈਨੇਡੀਅਨ ਫੁੱਟਬਾਲ ਲੀਗ ਦਾ ਪ੍ਰਸਾਰਣ ਹੁਣ ਪੰਜਾਬੀ ਵਿਚ

ਅਲਬਰਟਾ ਦੇ ਮਾਈ ਰੇਡੀਓ ਤੇ ਐਲਕਸ ਕਲੱਬ ਵਿਚਾਲੇ ਪ੍ਰਸਾਰਣ ਲਈ ਸਮਝੌਤਾ- ਸਮਝੌਤੇ ਨੂੰ ਲੈਕੇ ਉਤਸ਼ਾਹਿਤ ਹਾਂ-ਗੁਰਸ਼ਰਨ ਬੁੱਟਰ—-

ਐਡਮਿੰਟਨ ( ਦੇ ਪ੍ਰ ਬਿ)- ਕੈਨੇਡਾ ਵਿਚ ਆਈਸ ਹਾਕੀ ਦੀ ਪੰਜਾਬੀ ਕੁਮੈਂਟਰੀ ਤੋਂ ਬਾਦ ਹੁਣ ਕੈਨੇਡੀਅਨ ਫੁੱਟਬਾਲ ਦੀ ਕੁਮੈਂਟਰੀ ਦਾ ਵੀ ਪੰਜਾਬੀ ਸਰੋਤੇ ਆਨੰਦ ਮਾਣ ਸਕਣਗੇ। ਕੈਨੇਡੀਅਨ ਪੰਜਾਬੀ ਫੁੱਟਬਾਲ ਪ੍ਰੇਮੀਆਂ ਲਈ ਇਹ ਖੁਸ਼ੀ ਦੀ ਖਬਰ ਬੀਤੇ ਦਿਨ ਉਦੋਂ ਸਾਹਮਣੇ ਆਈ ਜਦੋਂ ਐਡਮਿੰਟਨ  ਐਲਕਸ ਗੇਮਜ਼ ਵਲੋਂ ਅਲਬਰਟਾ ਦੇ ਪ੍ਰਸਿਧ ਪੰਜਾਬੀ  ਮਾਈ ਰੇਡੀਓ 580 ਨਾਲ ਪੰਜਾਬੀ ਪ੍ਰਸਾਰਣ ਲਈ ਇਕ ਸਮਝੌਤਾ ਕੀਤਾ ਗਿਆ। ਕਲੱਬ ਨੇ ਇਸ ਸੀਜ਼ਨ ਦੇ ਮੈਚਾਂ ਦਾ ਪੰਜਾਬੀ ਪ੍ਰਸਾਰਣ ਦਾ ਐਲਾਨ ਕਰਦਿਆਂ ਦੱਸਿਆ ਕਿ  ਮਾਈ ਰੇਡੀਓ 580 ਦੁਆਰਾ ਪ੍ਰਸਾਰਿਤ ਕੀਤੀ ਜਾਣ ਵਾਲੀ ਪਹਿਲੀ ਗੇਮ ਐਲਕਸ ਦਾ 25 ਮਈ ਨੂੰ ਸਸਕੈਚਵਨ ਰਫਰਾਈਡਰਜ਼ ਵਿਰੁੱਧ ਪ੍ਰੀ ਸੀਜ਼ਨ ਮੈਚ ਤੋਂ ਆਰੰਭ ਹੋਵੇਗਾ।
ਕਲੱਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਕ ਕਲੱਬ ਦੇ ਤੌਰ ‘ਤੇ, ਅਸੀਂ ਨਵੇਂ ਪ੍ਰਸ਼ੰਸਕਾਂ ਤੇ ਖੇਡ ਪ੍ਰੇਮੀਆਂ ਤੱਕ ਪਹੁੰਚਣ ਦੇ ਤਰੀਕਿਆਂ ਦੀ ਭਾਲ ਕਰਨਾ ਜਾਰੀ ਰੱਖਦੇ ਹਾਂ ਜੋ  ਐਡਮਿੰਟਨ ਐਲਕਸ, ਜਾਂ ਕੈਨੇਡੀਅਨ ਫੁੱਟਬਾਲ ਤੋਂ ਜਾਣੂ ਨਹੀਂ ਹਨ। ਸਾਡੇ ਲਈ ਇਸ ਖੇਡ ਨੂੰ ਨਵੇਂ ਪ੍ਰਸ਼ੰਸਕਾਂ ਤੱਕ ਲਿਜਾਕੇ ਫੁੱਟਬਾਲ ਪ੍ਰਤੀ ਪਿਆਰ ਪੈਦਾ ਕਰਨ ਦਾ ਵਧੀਆ ਮੌਕਾ ਹੈ।
ਇਸ ਮੌਕੇ ਮਾਈ ਰੇਡੀਓ ਸਟੇਸ਼ਨ ਦੇ ਜਨਰਲ ਮੈਨੇਜਰ ਸ ਗੁਰਸ਼ਰਨ ਸਿੰਘ ਬੁੱਟਰ ਨੇ ਕਲੱਬ ਨਾਲ ਪ੍ਰਸਾਰਣ ਸਮਝੌਤੇ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ “ਅਸੀਂ ਕੈਨੇਡੀਅਨ ਫੁੱਟਬਾਲ ਲੀਗ ਲਈ ਪੰਜਾਬੀ ਸਰੋਤਿਆਂ, ਫੁੱਟਬਾਲ ਪ੍ਰੇਮੀਆਂ ਵਿਚ ਇੱਕ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਲਿਆਉਣ ਦੇ ਯੋਗ ਹੋਣ ਲਈ ਬਹੁਤ ਉਤਸ਼ਾਹਿਤ ਹਾਂ।
ਉਹਨਾਂ ਹੋਰ ਕਿਹਾ ਕਿ ਅਸੀਂ ਖੇਡਾਂ ਦੇ ਕੈਨੇਡੀਅਨ ਸੰਸਾਰ ਨੂੰ ਸਮਝਣ ਅਤੇ ਉਹਨਾਂ ਨਾਲ ਜੁੜਨ ਲਈ ਨਵੇਂ ਆਉਣ ਵਾਲੇ ਲੋਕਾਂ ਦੀ ਵਧਦੀ ਇੱਛਾ ਨੂੰ ਦੇਖਿਆ ਹੈ।  ਅਸੀਂ ਮੁੱਖ ਧਾਰਾ ਦੇ ਖੇਡ ਕਵਰੇਜ ਵਿੱਚ ਵਧੇਰੇ ਨਸਲੀ ਵਿਭਿੰਨਤਾ ਅਤੇ ਪ੍ਰਤੀਨਿਧਤਾ ਲਿਆਉਣ ਦੀ ਉਮੀਦ ਕਰਦੇ ਹਾਂ।

 

ਮਾਈ ਰੇਡੀਓ ਦੇ ਜਨਰਲ ਮੈਨੇਜਰ ਗੁਰਸ਼ਰਨ ਬੁੱਟਰ।

* ਐਡਮਿੰਟਨ ਐਲਕਸ ਬਾਰੇ ਜਾਣਕਾਰੀ-

ਐਡਮਿੰਟਨ ਐਲਕਸ ਅਲਬਰਟਾ ਵਿੱਚ ਸਥਿਤ ਇੱਕ ਪੇਸ਼ੇਵਰ ਕੈਨੇਡੀਅਨ ਫੁੱਟਬਾਲ ਟੀਮ ਹੈ। ਕਲੱਬ ਲੀਗ ਦੇ ਵੈਸਟ ਡਿਵੀਜ਼ਨ ਦੇ ਮੈਂਬਰ ਵਜੋਂ ਕੈਨੇਡੀਅਨ ਫੁੱਟਬਾਲ ਲੀਗ (ਸੀਐਫਐਲ) ਵਿੱਚ ਸ਼ਾਮਿਲ ਹੈ ਅਤੇ ਕਾਮਨਵੈਲਥ ਸਟੇਡੀਅਮ ਵਿੱਚ ਆਪਣੀਆਂ ਘਰੇਲੂ ਖੇਡਾਂ ਖੇਡਦੀ ਹੈ। ਐਲਕਸ ਦੀ ਸਥਾਪਨਾ 1949 ਵਿੱਚ ਐਡਮੰਟਨ ਐਸਕੀਮੋਸ ਦੇ ਰੂਪ ਵਿੱਚ ਕੀਤੀ ਗਈ ਸੀ ਜੋ ਗ੍ਰੇਅ ਕੱਪ ਚੈਂਪੀਅਨਸ਼ਿਪ 14 ਵਾਰ ਜਿੱਤੀ ਹੈ। ਟੀਮ ਦਾ ਕੈਲਗਰੀ ਸਟੈਂਪਡਰਜ਼ ਨਾਲ ਮੁਕਾਬਲਾ ਹੈ ਅਤੇ ਇਹ CFL ਦੀਆਂ ਤਿੰਨ ਕਮਿਊਨਿਟੀ-ਮਾਲਕੀਅਤ ਵਾਲੀਆਂ ਟੀਮਾਂ ਵਿੱਚੋਂ ਇੱਕ ਹੈ। ਟੀਮ ਨੇ 2020 ਵਿੱਚ ਐਸਕੀਮੋਸ ਨਾਮ ਦੀ ਵਰਤੋਂ ਬੰਦ ਕਰ ਦਿੱਤੀ, ਨਵੇਂ ਨਾਮ ਐਲਕਸ ਦੇ ਨਾਲ ਰਸਮੀ ਤੌਰ ‘ਤੇ 1 ਜੂਨ ਨੂੰ ਐਲਾਨ ਕੀਤਾ ਗਿਆ ਸੀ।