ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਲਾਸੀਓ ਸੂਬੇ ਦੇ ਮਿੰਨੀ ਪੰਜਾਬ ਵਜੋਂ ਜਾਣਿਆਂ ਜਾਂਦਾ ਜਿ਼ਲ੍ਹਾ ਲਾਤੀਨਾ ਜਿਸ ਵਿੱਚ ਪੰਜਾਬੀ ਭਾਰਤੀ ਸੈਂਕੜਿਆਂ ਵਿੱਚ ਨਹੀਂ ਸਗੋਂ ਹਜ਼ਾਰਾਂ ਦੀ ਗਿਣਤੀ ਵਿੱਚ ਰਹਿਣ ਬਸੇਰਾ ਕਰਦੇ ਹਨ ਜਿਹੜੇ ਕਿ ਮਿਹਨਤ ਮੁਸ਼ਕੱਤ ਕਰਦਿਆਂ ਪ੍ਰਦੇਸ਼ ਹੰਢਾਅ ਰਹੇ ਹਨ। ਇਹਨਾਂ ਪ੍ਰਵਾਸੀ ਦੀ ਤੰਦਰੁਸਤੀ ਸਰਬੱਤ ਦੇ ਭਲੇ ਹਿੱਤ ਲਾਤੀਨਾ ਦੇ ਸ਼ਹਿਰ ਸਬਾਊਦੀਆ ਦੇ ਪਿੰਡ ਬੇਲਾਫਾਰਨੀਆਂ ਵਿਖੇ ਸਮੂਹ ਸਿੱਖ ਸੰਗਤ ਵੱਲੋਂ ਦੂਜਾ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਆਰੰਭੇ ਸ਼੍ਰੀ ਆਖੰਡ ਪਾਠ ਦੇ ਭੋਗ ਉਪੰਰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ।ਜਿਸ ਵਿੱਚ ਪੰਥ ਦੇ ਰਾਗੀ,ਢਾਡੀ,ਕਵੀਸ਼ਰ ਤੇ ਕਥਾ ਵਾਚਕਾਂ ਨੇ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਬੇਨਤੀਆਂ ਕਰਦਿਆਂ ਸੰਗਤਾਂ ਨੂੰ ਧੰਨ ਸ਼੍ਰੀ ਗ੍ਰੰਥ ਸਾਹਿਬ ਜੀਓ ਦਾ ਫਲਸਫ਼ੇ ਅਨੁਸਾਰ ਜੀਵਨ ਬਸਰ ਕਰਨ ਲਈ ਪ੍ਰੇਰਿਆ।ਇਸ ਮੌਕੇ ਯੂਰਪ ਦੇ ਪ੍ਰਸਿੱਧ ਕਵੀਸ਼ਰ ਗਿਆਨੀ ਸਤਪਾਲ ਸਿੰਘ ਗਰਚਾ ,ਸਾਥੀ ਭਾਈ ਗੁਰਜੀਤ ਸਿੰਘ ਤੇ ਭਾਈ ਸਰਬਜੀਤ ਸਿੰਘ ਹੁਰਾਂ ਦੇ ਜੱਥੇ ਨੇ ਆਪਣੀਆਂ ਬੀਰ ਰੱਸੀ ਕਵੀਸ਼ਰੀ ਵਾਰਾਂ ਨੂੰ ਬੁਲੰਦ ਤੇ ਮਾਧੁਰ ਆਾਵਾਜ਼ ਵਿੱਚ ਸੰਗਤਾਂ ਨੂੰ ਸਰਵਣ ਕਰਵਾਇਆ ਜਿਹਨਾਂ ਨੂੰ ਸੁਣ ਸੰਗਤਾਂ ਅੰਦਰ ਸ਼ਰਧਾ ਦੇ ਸੈਲਾਬ ਵਗ ਰਹੇ ਸਨ ਤੇ ਭਾਵੁਕ ਸੰਗਤਾਂ ਨੇ ਗੁਰੂ ਦੇ ਜੈਕਾਰੇ “ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ”ਆਖਦਿਆਂ ਕੀਰਤਨ ਦਰਬਾਰ ਵਿੱਚ ਹਾਜ਼ਰੀਨ ਸੰਗਤ ਦਾ ਰੋਮ-ਰੋਮ ਗੁਰਬਾਣੀ ਨਾਲ ਜੋੜ ਦਿੱਤਾ।ਇਸ ਮੌਕੇ ਕੀਰਤਨੀਏ ਜੱਥੇ ਭਾਈ ਜਸਪਾਲ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਸਬਾਊਦੀਆ ਨੇ ਵੀ ਰਸ ਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਧੁਰ ਕੀ ਬਾਣੀ ਦਾ ਇਲਾਹੀ ਕੀਰਤਨ ਸਰਵਣ ਕਰਵਾਇਆ।ਸਰਬੱਤ ਦੇ ਭਲੇ ਲਈ ਬੇਲਾ ਫਾਰਨੀਆਂ(ਸਬਾਊਦੀਆ) ਦੀ ਸੰਗਤ ਵੱਲੋਂ ਕਰਵਾਏ ਦੂਜੇ ਵਿਸ਼ਾਲ ਕੀਰਤਨ ਦਰਬਾਰ ਨੂੰ ਸਫਲਤਾਪੂਰਵਕ ਨੇਪੜੇ ਚਾੜਨ ਲਈ ਸਮੂਹ ਸੰਗਤ ਦਾ ਪ੍ਰਬੰਧਕਾਂ ਨੇ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੂਜੀ ਵਾਰ ਇਹ ਸਰਬੱਤ ਦੇ ਭਲੇ ਲਈ ਵਿਸ਼ਾਲ ਕੀਰਤਨ ਦਰਬਾਰ ਸਜਾਇਆਂ ਜਿਸ ਵਿੱਚ ਸਾਰੇ ਨਗਰ ਨਿਵਾਸੀਆਂ ਨੇ ਵੱਧ ਚੜ੍ਹਕੇ ਸੇਵਾ ਕੀਤੀ ਉਹ ਆਉਣ ਵਾਲੇ ਸਮੇਂ ਵਿੱਚ ਵੀ ਇਸ ਕੀਰਤਨ ਦਰਬਾਰ ਨੂੰ ਸਰਬੱਤ ਦੇ ਭਲੇ ਹਿੱਤ ਕਰਵਾਉਂਦੇ ਰਹਿਣਗੇ।ਇਸ ਮੌਕੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸਿਸ ਸਿਰੋਪਾਓ ਨਾਲ ਵਿਸੇ਼ਸ ਸਨਮਾਨ ਕੀਤਾ ਗਿਆ ਤੇ ਸਭ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।