ਮੌਜੂਦਾ ਸਲੇਟ ਦੇ ਮੈਂਬਰਾਂ ਲਈ ਬੈਲਟ ਪੇਪਰਾਂ ਤੇ ਸਿਫਾਰਸ਼ ਸ਼ਬਦ ਦੀ ਅਣਉਚਿਤ ਵਰਤੋਂ-
‘ਟਾਈਮ ਫਾਰ ਚੇਂਜ’ ਦੇ ਉਮੀਦਵਾਰਾਂ ਵੱਲੋਂ ਕਾਨੂੰਨੀ ਕਾਰਵਾਈ ਬਾਰੇ ਵਿਚਾਰਾਂ-
—————
ਸਰੀ -ਬੀਤੇ ਦਿਨ ਖਾਲਸਾ ਕ੍ਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀਆਂ ਚੋਣਾਂ ਵਿੱਚ ਮੈਂਬਰਾਂ ਵੱਲੋਂ ਭਰਪੂਰ ਹੁੰਗਾਰਾ ਦਿਖਾਇਆ ਗਿਆ। ਕਰੀਬ 2950 ਬੈਲਟ ਪੇਪਰਾਂ ਰਾਹੀਂ 10 ਹਜ਼ਾਰ ਤੋਂ ਵੱਧ ਵੋਟਾਂ ਭੁਗਤੀਆਂ, ਜੋ ਕਿ ਹੁਣ ਤੱਕ ਦਾ ਰਿਕਾਰਡ ਹੈ। ਇਹਨਾਂ ਚੋਣਾਂ ਵਿੱਚ ਮੌਜੂਦਾ ਕਾਬਿਜ਼ ਧਿਰ ਦੇ ਉਮੀਦਵਾਰਾਂ ਤੋਂ ਇਲਾਵਾ, ‘ਟਾਈਮ ਫਾਰ ਚੇਂਜ’ ਦੇ ਸਰਬ ਸਾਂਝੇ ਪੰਥਕ ਉਮੀਦਵਾਰ ਵੀ ਮੈਦਾਨ ਵਿੱਚ ਸਨ। ਚੋਣਾਂ ਦੌਰਾਨ ਜਿੱਥੇ ਨੌਮੀਨੇਸ਼ਨ ਕਮੇਟੀ ਨੇ ਪਹਿਲਾਂ ਹੀ ਚਾਰ ਉਮੀਦਵਾਰਾਂ ਦੀ ਸਿਫਾਰਸ਼ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ, ਉਥੇ ਬੈਲਟ ਪੇਪਰਾਂ ਉੱਪਰ ਚਾਰ ਉਮੀਦਵਾਰਾਂ ਦੀ ਸਿਫਾਰਸ਼ ਕਰਦਿਆਂ ਹੋਇਆਂ, ਵੋਟਰਾਂ ਨੂੰ ਗੁੰਮਰਾਹ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਕੈਨੇਡਾ ਦੇ ਵੋਟ ਸਿਸਟਮ ਦੇ ਕਾਇਦੇ -ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਵਾਲੀ ਗੱਲ ਹੈ।
ਟਾਈਮ ਫਾਰ ਚੇਂਜ ਦੇ ਉਮੀਦਵਾਰਾਂ ਨੇ ਇਸ ਬੇਨਿਯਮੀ ਅਤੇ ਪੱਖਪਾਤ ਬਾਰੇ ਚੋਣ ਸ਼ੁਰੂ ਹੋਣ ਵੇਲੇ ਹੀ ਗੰਭੀਰ ਇਤਰਾਜ਼ ਉਠਾਏ, ਜਿਨਾਂ ਨੂੰ ਰਿਟਰਨਿੰਗ ਅਫਸਰਾਂ ਨਾਲ ਵੀ ਵਿਚਾਰਿਆ ਗਿਆ। ਕਾਨੂੰਨੀ ਮਾਹਿਰਾਂ ਨੇ ਇਸ ਗੱਲ ਨੂੰ ਹੈਰਾਨੀਜਨਕ ਅਤੇ ਗੰਭੀਰ ਬੇਨਿਯਮੀ ਕਰਾਰ ਦਿੱਤਾ ਹੈ। ਬੇਨਿਯਮੀਆਂ ਦੇ ਰੌਲੇ ਗੋਲੇ ਦੌਰਾਨ ਵੋਟਾਂ ਪੈਣ ਮਗਰੋਂ, ਸੱਤਾਧਾਰੀ ਧਿਰ ਦੇ ਚਾਰ ਵਿੱਚੋਂ ਤਿੰਨ ਉਮੀਦਵਾਰਾਂ ਨੇ ਚੋਣ ਜਿੱਤ ਲਈ, ਜਿਨਾਂ ਵਿੱਚ ਜਸਕਰਨ ਸਿੰਘ ਗਿੱਲ, ਨਵਨੀਤ ਸਿੰਘ ਅਰੋੜਾ ਅਤੇ ਗੁਰਦੀਪ ਸਿੰਘ ਸ਼ਾਮਿਲ ਹਨ, ਜਦਕਿ ਟਾਈਮ ਫਾਰ ਚੇਂਜ ਵਿੱਚੋਂ ਮਨਮੋਹਣ ਸਿੰਘ ਸਮਰਾ ਦੀ ਚੌਥੇ ਡਾਇਰੈਕਟਰ ਵਜੋਂ ਚੋਣ ਹੋਈ ਹੈ। ਇਸ ਤੋਂ ਇਲਾਵਾ ਟਾਈਮ ਫਾਰ ਚੇਂਜ ਦੇ ਉਮੀਦਵਾਰਾਂ ਸਤਵੰਤ ਸਿੰਘ ਸੰਧੂ, ਮਹਿੰਦਰ ਕੌਰ ਗਿੱਲ ਅਤੇ ਮਨਜੀਤ ਸਿੰਘ ਮਿਨਹਾਸ ਪੰਜਵੇਂ, ਛੇਵੇਂ ਅਤੇ ਸੱਤਵੇਂ ਨੰਬਰ ਤੇ ਰਹੇ, ਜਦਕਿ ਕਾਬਿਜ਼ ਧਿਰ ਦੇ ਰੁਪਿੰਦਰਜੀਤ ਕਾਹਲੋਂ 8ਵੇਂ ਥਾਂ ‘ਤੇ ਰਹੇ ਤੇ ਸਾਬਕਾ ਡਾਇਰੈਕਟਰ ਜਸਵਿੰਦਰ ਸਿੰਘ ਗਿੱਲ ਸਭ ਤੋਂ ਪਿੱਛੇ ਨੌਵੇਂ ਸਥਾਨ ਤੇ ਰਹੇ।
ਸੱਤਾਧਾਰੀ ਤੇ ਕਾਬਿਜ਼ ਸਲੇਟ ਦੇ 3 ਉਮੀਦਵਾਰਾਂ ਦੀ ਸਿਫਾਰਸ਼ ਨਾਲ ਕੀਤੀ ਗਈ ਬੇਨਿਯਮੀ ਰਾਹੀਂ ਚੋਣਾਂ ਦੇ ਜਿੱਤਣ ਦੇ ਮਾਮਲੇ ਨੂੰ ਲੈ ਕੇ, ਇਸ ਨੂੰ ਚੁਣੌਤੀ ਦੇਣ ਬਾਰੇ ਗੰਭੀਰ ਵਿਚਾਰਾਂ ਹੋ ਰਹੀਆਂ ਹਨ, ਬੇਸ਼ੱਕ ਇਸ ਬਾਰੇ ਟਾਈਮ ਫਾਰ ਚੇਂਜ ਦੇ ਉਮੀਦਵਾਰਾਂ ਅਤੇ ਉਨਾਂ ਦੇ ਸਹਿਯੋਗੀਆਂ ਵੱਲੋਂ ਅੰਤਿਮ ਫੈਸਲਾ ਲਿਆ ਜਾਣਾ ਬਾਕੀ ਹੈ।
ਬੈਲਟ ਪੇਪਰ ਦੀ ਫੋਟੋ : ਜਿਸ ਵਿੱਚ ਚਾਰ ਉਮੀਦਵਾਰਾਂ ਦੀ ਖੁੱਲੇ ਤੌਰ ਤੇ ਸਿਫਾਰਿਸ਼ ਪ੍ਰਕਾਸ਼ਤ ਕੀਤੀ ਗਈ ਹੈ।