ਸ਼ੱਕੀ ਹਮਲਾਵਰ ਦੀ ਪਛਾਣ ਦਮਿਤਰੀ ਨੈਲਸਨ ਵਜੋਂ ਹੋਈ-
ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਵਾਈਟ ਰੌਕ ਤੇ ਪੰਜਾਬੀ ਨੌਜਵਾਨ ਕੁਲਵਿੰਦਰ ਸਿੰਘ ਸੋਹੀ ਨੂੰ ਛੁਰਾ ਮਾਰਕੇ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਕਤਲ ਕੇਸ ਦੀ ਜਾਂਚ ਟੀਮ ਨੇ ਇੱਕ ਸੰਖੇਪ ਬਿਆਨ ਵਿਚ ਦੱਸਿਆ ਹੈ ਕਿ ਇਸ ਮਾਮਲੇ ਵਿਚ ਇੱਕ 28 ਸਾਲਾ ਸ਼ੱਕੀ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਦੇ ਬੁਲਾਰੇ ਸਾਰਜੈਂਟ ਟਿਮੋਥੀ ਪਿਰੋਟੀ ਨੇ ਕਿਹਾ ਕਿ ਇਹ ਬਹੁਤ ਸਰਗਰਮ ਜਾਂਚ ਹੈ। ਅਸੀਂ ਵਾਈਟ ਰੌਕ ਬੀਚ ਉਪਰ ਲੋਕਾਂ ਦੀ ਸੁਰੱਖਿਆ ਨੂੰ ਲੈਕੇ ਚਿੰਤਤ ਹਾਂ। ਜਿੰਨੀ ਜਲਦੀ ਹੋ ਸਕਿਆ ਲੋਕਾਂ ਨੂੰ ਇਸ ਮਾਮਲੇ ਦੇ ਪੂਰੇ ਵੇਰਵੇ ਦਿੱਤੇ ਜਾਣਗੇ।
ਇਸੇ ਦੌਰਾਨ ਖਬਰ ਹੈ ਕਿ ਇਸ ਕਤਲ ਕੇਸ ਦੀ ਜਾਂਚ ਕਰ ਰਹੀ ਟੀਮ ਨੇ ਗ੍ਰਿਫਤਾਰ ਕੀਤੇ ਗਏ ਦੋਸ਼ੀ ਦਮਿਤਰੀ ਨੈਲਸਨ ਹਾਈਕਿੰਥ ਉਮਰ 28 ਸਾਲ ਦੇ ਖਿਲਾਫ ਚਾਕੂ ਮਾਰਨ ਤੇ ਅਕਾਰਣ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਦੱਸਿਆ ਗਿਆ ਹੈ ਕਿ ਇਹ ਦੋਸ਼ ਚਾਕੂ ਮਾਰਨ ਦੀ ਪਹਿਲੀ ਘਟਨਾ ਜਿਸ ਵਿਚ ਜਤਿੰਦਰ ਸਿੰਘ ਨਾਮ ਦਾ ਨੌਜਵਾਨ ਜ਼ਖਮੀ ਹੋ ਗਿਆ ਸੀ, ਦੇ ਸਬੰਧ ਵਿਚ ਲਗਾਏ ਗਏ ਹਨ ਜਦੋਂਕਿ ਕਤਲ ਵਾਲੀ ਘਟਨਾ ਦੇ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
ਛੁਰਾ ਮਾਰਨ ਦੀ ਪਹਿਲੀ ਘਟਨਾ ਐਤਵਾਰ, 21 ਅਪ੍ਰੈਲ ਨੂੰ ਵਾਪਰੀ ਸੀ।
ਜਿਕਰਯੋਗ ਹੈ ਕਿ ਪੰਜਾਬੀ ਨੌਜਵਾਨ ਕੁਲਵਿੰਦਰ ਸੋਹੀ ਦੀ ਪਿਛਲੇ ਮੰਗਲਵਾਰ 23 ਅਪ੍ਰੈਲ ਸ਼ਾਮ ਨੂੰ ਵ੍ਹਾਈਟ ਰੌਕ ਬੀਚ ‘ਤੇ ਛੁਰਾ ਮਾਰੇ ਜਾਣ ਕਾਰਣ ਮੌਤ ਹੋ ਗਈ ਸੀ। ਇਸ ਘਟਨਾ ਤੋਂ ਦੋ ਦਿਨ ਪਹਿਲਾਂ ਪੰਜਾਬੀ ਨੌਜਵਾਨ ਜਤਿੰਦਰ ਸਿੰਘ ਨੂੰ ਚਾਕੂ ਮਾਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਛੁਰੇਬਾਜ਼ੀ ਦੀਆਂ ਦੋਵਾਂ ਘਟਨਾਵਾਂ ਦੇ ਪਿੱਛੇ ਇੱਕੋ ਵਿਅਕਤੀ ਦੇ ਹੱਥ ਹੋਣ ਦੀ ਸੰਭਾਵਨਾ ਦੀ ਨਾ ਤਾਂ “ਪੁਸ਼ਟੀ ਕੀਤੀ ਹੈ, ਨਾ ਹੀ ਰੱਦ” ਕੀਤਾ ਹੈ।
ਮਾਰੇ ਗਏ ਨੌਜਵਾਨ ਸੋਹੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬੀਤੇ ਦਿਨ ਕੈਂਡਲ ਮਾਰਚ ਕੀਤਾ ਗਿਆ ਸੀ। ਇਸ ਮੌਕੇ ਉਸਦੇ ਭਰਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।